ਰਾਤ ਜਾਗੇ, ਚੋਰੀ ਫਿਰ ਵੀ ਹੋ ਗਈ

-ਪ੍ਰੀਤਮਾ ਦੋਮੇਲ
ਅੱਜ ਤੋਂ ਬਹੁਤ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਲੋਕ ਪਿੰਡਾਂ ਨੂੰ ਸਵਰਗ (ਸੁਰਗ) ਕਿਹਾ ਕਰਦੇ ਸਨ। ਉਨ੍ਹਾਂ ਦੇ ਹਿਸਾਬ ਨਾਲ ਪਿੰਡਾਂ ਵਿੱਚ ਰੱਬ ਵੱਸਦਾ ਸੀ। ਸੱਚੀ ਪੁੱਛੋ ਤਾਂ ਇਹ ਹੈ ਵੀ ਸੱਚ ਸੀ। ਪਿੰਡਾਂ ਵਿੱਚ ਉਨ੍ਹਾਂ ਲੋਕਾਂ ਵਿੱਚ ਬਹੁਤ ਭਾਈਚਾਰਾ ਸੀ। ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਸਨ। ਕਿਸੇ ਇਕ ਘਰ ਵਿਆਹ ਹੁੰਦਾ ਸੀ ਤਾਂ ਸਮਝੋ ਉਸ ਘਰ ਦੀਆਂ ਬਾਹਾਂ ਸਾਰੇ ਘਰਾਂ ਤੱਕ ਫੈਲੀਆਂ ਹੁੰਦੀਆਂ ਸਨ ਤੇ ਸ਼ਗਨਾਂ ਦੀ ਗੂੰਜ ਸਭ ਵਿਹੜਿਆਂ ਵਿੱਚ ਗੂੰਜਦੀ ਸੀ। ਸਭ ਨੂੰ ਇੰਨਾ ਚਾਅ ਹੁੰਦਾ ਸੀ ਕਿ ਕੁੜੀਆਂ ਚਿੜੀਆਂ ਕਈ ਮਹੀਨੇ ਪਹਿਲਾਂ ਤੋਂ ਨਵੇਂ ਕੱਪੜੇ ਸਿਲਾਉਣ ਲੱਗ ਜਾਂਦੀਆਂ ਸਨ ਤੇ ਸੁਆਣੀਆਂ ਕਈ-ਕਈ ਦਿਨ ਪਹਿਲਾਂ ਹੀ ਵਿਆਹ ਵਾਲੇ ਘਰ ਘਰ ਸਵੇਰੇ ਚਲੀਆਂ ਜਾਂਦੀਆਂ ਸਨ ਤੇ ਜਾ ਕੇ ਕਣਕ, ਦਾਲਾਂ, ਚੌਲ ਸਾਫ ਕਰਦੀਆਂ। ਨਾਲ-ਨਾਲ ਕੁੜੀ ਦੇ ਵਿਆਹ ਦੇ ਸੁਹਾਗ (ਗੀਤ) ਜਾਂ ਮੁੰਡੇ ਦੀਆਂ ਘੋੜੀਆਂ ਗਾਉਂਦੀਆਂ ਰਹਿੰਦੀਆਂ।
ਰੋਟੀ ਵੀ ਦੁਪਹਿਰ ਨੂੰ ਉਥੇ ਖਾਂਦੀਆਂ। ਕਈਆਂ ਦੇ ਤਾਂ ਮਰਦ ਤੇ ਨਿਆਣੇ ਨਿੱਕੇ ਵੀ ਆ ਜਾਂਦੇ। ਇਸ ਤਰ੍ਹਾਂ ਵਿਆਹ ਵਾਲੇ ਘਰ ਖੂਬ ਰੌਣਕਾਂ ਲੱਗੀਆਂ ਰਹਿੰਦੀਆਂ। ਜੇ ਥੋੜ੍ਹਾ ਬਹੁਤ ਕਿਸੇ ਨਾਲ ਮਨ ਮੁਟਾਅ ਹੁੰਦਾ ਜਾਂ ਲੜਾਈ ਝਗੜਾ ਹੋਇਆ ਹੁੰਦਾ, ਉਹ ਵੀ ਬਿਨਾਂ ਬੁਲਾਏ ਵਿਆਹ ਵਾਲੇ ਘਰ ਪਹੁੰਚ ਜਾਂਦਾ ਤੇ ਕਹਿੰਦਾ ‘ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ, ਲੜਾਈ ਭੜਾਈ ਆਪਣੀ ਥਾਂ ਤੇ ਫਿਰ ਗੁੱਡੋ ਤਾਂ ਛੋਟੀ ਹੁੰਦੀ ਮੇਰੀ ਗੋਦੀ ਵਿੱਚ ਖੇਡੀ ਹੈ, ਮੈਂ ਭਲਾ ਉਸ ਦੇ ਵਿਆਹ ਵਿੱਚ ਕਿਵੇਂ ਨਾ ਜਾਵਾਂ।’ ਇਸ ਤਰ੍ਹਾਂ ਕਈ ਪੁਰਾਣੀਆਂ ਲੜਾਈਆਂ ਜਾਂ ਵੈਰ ਵਿਰੋਧ ਵਿਆਹ ਕਾਰਨ ਮਿਟ ਜਾਂਦੇ। ਲੋਕ ਉਦੋਂ ਸਿੱਧੇ-ਸਾਧੇ ਹੁੰਦੇ ਸਨ, ਕਿਉਂਕਿ ਉਦੋਂ ਅੱਜ ਦੀ ਗੰਦੀ ਰਾਜਨੀਤੀ ਨੇ ਪਿੰਡਾਂ ਤੱਕ ਆਪਣੀਆਂ ਬਾਹਾਂ ਨਹੀਂ ਸਨ ਫੈਲਾਈਆਂ।
ਇਹ ਗੱਲ ਨਹੀਂ ਕਿ ਪਿੰਡਾਂ ਵਿੱਚ ਸੁੱਖ ਆਨੰਦ ਹੀ ਸੀ, ਕੋਈ ਸਮੱਸਿਆ ਨਹੀਂ ਸੀ। ਉਦੋਂ ਆਪਣੇ ਹੀ ਤਰ੍ਹਾਂ ਦੀਆਂ ਦਿੱਕਤਾਂ ਸਨ। ਮੈਂ ਆਪਣੇ ਬਚਪਨ ਦੀ ਕਿਸੇ ਅਜਿਹੀ ਹੀ ਸਮੱਸਿਆ ਦਾ ਜ਼ਿਕਰ ਕਰਨ ਲੱਗੀ ਹਾਂ। ਉਦੋਂ ਪਿੰਡਾਂ ਵਿੱਚ ਸਭ ਘਰ ਕੱਚੇ ਸਨ। ਕੰਧਾਂ ਗਾਰੇ ਮਿੱਟੀ ਨਾਲ ਚਿਣੀਆਂ ਹੁੰਦੀਆਂ ਸਨ ਤੇ ਛੱਤਾਂ ਕੜੀਆਂ ਅਤੇ ਬਾਲਿਆਂ ਦੀਆਂ ਹੁੰਦੀਆਂ ਸਨ। ਅੰਦਰ ਫਰਸ਼ ਨੂੰ ਗੋਹੇ ਨਾਲ ਲਿੱਪ ਕੇ ਕੰਧਾਂ ‘ਤੇ ਪੋਚਾ ਫੇਰਿਆ ਜਾਂਦਾ ਤੇ ਬਾਹਰਲੀਆਂ ਕੰਧਾਂ ‘ਤੇ ਜਵਾਰ ਬਾਜਰੇ ਦੇ ਆਟਿਆਂ ਨੂੰ ਕਲੀ ਵਿੱਚ ਡੋਬ ਕੇ ਚਿੱਤਰਕਾਰੀ ਕੀਤੀ ਜਾਂਦੀ ਸੀ।
ਉਨ੍ਹਾਂ ਦਿਨਾਂ ਵਿੱਚ ਚੋਰੀਆਂ ਬੜੀਆਂ ਹੁੰਦੀਆਂ ਸਨ। ਚੋਰੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਸਨ; ਇਕ ਖਾਲੀ ਘਰ ਦੇਖ ਕੇ ਜਾਂ ਰਾਤ ਬਰਾਤੇ ਹਨੇਰੇ ਸਵੇਰੇ ਚੋਰ ਕੰਧਾਂ ਨੂੰ ਪਿੱਛੋਂ ਪਾੜ (ਸੰਨ੍ਹ) ਲਾ ਕੇ ਆਸਾਨੀ ਨਾਲ ਚੋਰੀਆਂ ਕਰਦੇ ਸਨ। ਦੂਜੀ ਨੂੰ ਡਾਕਾ ਕਹਿੰਦੇ ਸਨ। ਉਹ ਸਾਹਮਣੇ ਤੋਂ ਕੁਝ ਬੰਦੇ ਡਾਂਗਾਂ ਸੋਟੇ ਜਾਂ ਗੰਡਾਸੀਆਂ, ਸਫਾਜੰਗ (ਬਰਛੇ) ਲੈ ਕੇ ਘਰ ਵਾਲਿਆਂ ਨੂੰ ਡਰਾ ਕੇ ਸਾਮਾਨ ਚੁੱਕ ਕੇ ਲੈ ਜਾਂਦੇ ਸਨ। ਕਿਸੇ ਨੂੰ ਜਾਨੋਂ ਮਾਰਨ ਦੀ ਕੋਈ ਗੱਲ ਨਹੀਂ ਸੀ। ਜੇ ਕੋਈ ਬਹੁਤਾ ਆਕੜੇ ਤਾਂ ਦੋ ਚਾਰ ਧੱਫੇ ਮਾਰ ਕੇ ਆਪਣਾ ਕੰਮ ਕਰਦੇ ਰਹਿੰਦੇ ਸਨ। ‘ਅੜਿਆ ਸੋ ਝੜਿਆ’ ਵਾਲਾ ਹਿਸਾਬ ਸੀ ਉਨ੍ਹਾਂ ਦਾ।
ਮੈਂ ਗੱਲ ਕਰਨ ਲੱਗੀ ਸਾਂ ਅਜਿਹੀ ਇਕ ਚੋਰੀ ਜਾਂ ਡਾਕੇ ਦੀ। ਮੈਂ ਉਸ ਵਕਤ ਬਹੁਤ ਛੋਟੀ ਸਾਂ। ਛੇ ਸੱਤ ਸਾਲ ਦੀ ਹੋਵਾਂਗੀ। ਸਾਡੇ ਘਰ ਵਿੱਚ ਬਹੁਤ ਜੀਅ ਹੁੰਦੇ ਸਨ, ਜਿਵੇਂ ਵੱਡੇ ਬਾਬਾ ਜੀ, ਛੋਟੇ ਬਾਬਾ ਜੀ, ਛੋਟਾ ਚਾਚਾ, ਦਾਦੀ, ਮੇਰੀਆਂ ਚਾਰ ਭੂਆ, ਦੋ ਵਿਆਹੀਆਂ ਹੋਈਆਂ, ਦੋ ਕੁਆਰੀਆਂ ਤੇ ਵੱਡੀਆਂ ਭੂਆ ਦੇ ਵੇਲੇ-ਵੇਲੇ ਨਾਲ ਆਉਂਦੇ ਜਾਂਦੇ ਬੱਚੇ ਮੇਰੇ ਭੈਣ ਭਰਾ ਤੇ ਮੇਰੀ ਮਾਂ। ਪਿਤਾ ਜੀ ਅਤੇ ਵੱਡਾ ਚਾਚਾ ਬਾਹਰ ਨੌਕਰੀ ਕਰਦੇ ਸਨ। ਛੋਟੇ ਚਾਚਾ ਨਵਾਂ-ਨਵਾਂ ਜਵਾਨ ਹੋਇਆ ਸੀ ਪੂਰਾ ਵੈਲੀ। ਹਮੇਸ਼ਾ ਪੰਜ ਸੱਤ ਆਪਣੇ ਵਰਗੇ ਦੋਸਤਾਂ ਵਿੱਚ ਘਿਰਿਆ ਰਹਿੰਦਾ ਤੇ ਖੇਤੀ ਦਾ ਸਾਰਾ ਕੰਮ ਛੋਟੇ ਵੱਡੇ ਬਾਬਾ ਜੀ ਤੇ ਸਾਡਾ ਸਾਂਝੀ (ਸੀਰੀ) ਦਾਸ ਕਰਦਾ। ਚਾਚੇ ਦੇ ਦੋਸਤ ਚਾਹ ਪਾਣੀ ਜਾਂ ਰੋਟੀ ਖਾਣ ਲਈ ਘਰੇ ਆਉਂਦੇ ਹੀ ਰਹਿੰਦੇ।
ਇਕ ਦਿਨ ਦੇਰ ਸ਼ਾਮ ਨੂੰ ਕਿਸੇ ਸੂਹੀਏ (ਖਬਰੀ) ਨੇ ਚਾਚੇ ਨੂੰ ਦੱਸਿਆ ਕਿ ਅੱਜ ਦੀ ਰਾਤ ਤੁਹਾਡੇ ਘਰ ਡਾਕਾ ਪੈਣ ਵਾਲਾ ਹੈ। ਉਸ ਦਿਨ ਚਾਚਾ ਘਰ ਵਿੱਚ ਇਕੱਲਾ ਸੀ। ਉਸ ਦੇ ਸਾਰੇ ਦੋਸਤ ਵਿਆਹ ਸ਼ਾਂਦੀ ਜਾਂ ਕਿਸੇ ਹੋਰ ਕੰਮ ਲਈ ਪਿੰਡੋਂ ਬਾਹਰ ਗਏ ਹੋਏ ਸੀ। ਚਾਚਾ ਕੀ ਕਰੇ! ਏਨੀ ਜਲਦੀ ਕਿਧਰੋਂ ਕੋਈ ਮਦਦ ਵੀ ਨਹੀਂ ਸੀ ਮਿਲ ਸਕਦੀ। ਉਨ੍ਹਾਂ ਦਿਨਾਂ ਵਿੱਚ ਅੱਜ ਵਾਂਗੂੰ ਮੋਬਾਈਲ ਤਾਂ ਕੀ, ਪਿੰਡ ਵਿੱਚ ਟੈਲੀਫੋਨ ਤੱਕ ਨਹੀਂ ਸੀ ਹੁੰਦੇ। ਚਾਚਾ ਜਵਾਨ ਸੀ ਤੇ ਡਰਪੋਕ ਬਿਲਕੁਲ ਨਹੀਂ ਸੀ, ਪਰ ਇਕੱਲਾ ਹੋਣ ਕਰਕੇ ਘਬਰਾ ਰਿਹਾ ਸੀ। ਆਖਰ ਆਪਣੀ ਬੁੱਧੀ ਅਨੁਸਾਰ ਉਸ ਹੋਣ ਵਾਲੇ ਹਮਲੇ ਦੀ ਵਿਓਂਤਬੰਦੀ ਉਸ ਨੇ ਕਰ ਲਈ। ਉਸ ਨੂੰ ਪਤਾ ਸੀ ਕਿ ਦੋਵੇਂ ਬਾਬੇ ਰਾਤ ਰੋਟੀ ਖਾ ਕੇ ਬਾਹਰ ਤਬੇਲੇ ਵਿੱਚ ਸੌਣ ਚਲੇ ਜਾਂਦੇ ਸਨ, ਜਿਥੇ ਬਲਦ ਵੱਛੇ ਤੇ ਬੋਤੀ (ਊਠਣੀ) ਬੰਨ੍ਹੇ ਹੁੰਦੇ ਸੀ। ਉਨ੍ਹਾਂ ਨੂੰ ਚਾਚੇ ਨੇ ਜਲਦੀ ਸੌਣ ਲਈ ਭੇਜ ਦਿੱਤਾ। ਮੇਰੀ ਮਾਂ ਨੂੰ ਬੱਚਿਆਂ ਨੂੰ ਲੈ ਕੇ ਪਿਛਲੀ ਕੋਠੜੀ ਵਿੱਚ ਚੁੱਪ ਚਾਪ ਜਾ ਕੇ ਬੈਠਣ ਲਈ ਕਹਿ ਦਿੱਤਾ। ਦਾਦੀ ਨੂੰ ਛੱਤ ‘ਤੇੱ ਬੈਠ ਦੂਰੋਂ ਕਿਸੇ ਤਰ੍ਹਾਂ ਦੇ ਓਪਰੇ ਬੰਦਿਆਂ ਦੀ ਥਿੜਕ ਲੈਣ ਲਈ ਚੌਕਸ ਕਰ ਦਿੱਤਾ। ਦੋ ਜਵਾਨ ਕੁਆਰੀਆਂ ਭੂਆ ਆਪਣੇ ਹੱਥਾਂ ਵਿੱਚ ਦੋ ਵੱਡੇ-ਵੱਡੇ ਡੰਡੇ ਲੈ ਕੇ ਸਾਹਮਣੇ ਵਾਲੇ ਨੀਵੇਂ ਦਰਵਾਜ਼ੇ ਤੇ ਬਰਾਂਡੇ ਦੀ ਡਾਟ ਵਿੱਚ ਖਲੋ ਗਈਆਂ ਤੇ ਚਾਚਾ ਨੰਗੀ ਤਲਵਾਰ ਲੈ ਕੇ ਘਰ ਦੇ ਮੁੱਖ ਦੁਆਰ ਅੱਗੇ ਡਟ ਗਿਆ। ਪ੍ਰੋਗਰਾਮ ਏਦਾਂ ਸੀ ਕਿ ਆਉਣ ਵਾਲਿਆਂ ਦੀ ਦੂਰੋਂ ਮਾੜੀ ਮੋਟੀ ਝਲਕ ਦੇਖ ਕੇ ਦਾਦੀ ਦੋ ਵਾਰ ਕਾਂ-ਕਾਂ ਕਰਕੇ ਹੇਠਾਂ ਖੜੇ ਖਹਿਰੇਦਾਰਾਂ ਨੂੰ ਚੌਕਸ ਕਰੇਗੀ ਤੇ ਫਿਰ ਦਬਾਦਬ ਲੱਕੜੀ ਦੀ ਪੌੜੀ ਰਾਹੀਂ ਹੇਠਾਂ ਉਤਰ ਕੇ ਗਲੀ ਵਾਲੇ ਦਰਵਾਜ਼ੇ ਅੱਗੇ ਜਾ ਕੇ ਖੜੀ ਹੋ ਜਾਵੇਗੀ ਤਾਂ ਕਿ ਲੋੜ ਪੈਣ ‘ਤੇ ਉਹ ਗਲੀ ਵਾਲਾ ਦਰਵਾਜ਼ੇ ਖੋਲ੍ਹ ਸਕੇ।
ਚਾਚੇ ਨੇ ਇਕ ਹੋਰ ਬਦਲ ਵੀ ਤਿਆਰ ਰੱਖਿਆ। ਉਸ ਨੇ ਆਪਣੇ ਸਾਰੇ ਸਿਪਾਹੀਆਂ ਨੂੰ ਸਮਝਾਇਆ, ‘ਆਪਾਂ ਸਾਰੇ ਆਸੇ ਪਾਸੇ ਲੁਕੇ ਰਹਾਂਗੇ ਤੇ ਜਦੋਂ ਉਹ ਦਰਵਾਜ਼ੇ ਨੂੰ ਖੋਲ੍ਹਣ ਜਾ ਤੋੜਨ ਲੱਗੇ ਤਾਂ ਇਕਦਮ ਸਾਰੇ ਉਨ੍ਹਾਂ ਉਤੇ ਟੁੱਟ ਪਵਾਂਗੇ।’ ਬੇਬੇ ਦਰਵਾਜ਼ੇ ‘ਤੇ ਡਟੀ ਰਹੇਗੀ। ਵੈਸੇ ਤਾਂ ਅਸੀਂ ਉਨ੍ਹਾਂ ਆਉਣ ਵਾਲਿਆਂ ਨੂੰ ਡੱਕ ਲਵਾਂਗੇ, ਆਖਰ ਕਿੰਨੇ ਕੁ ਜਣੇ ਹੋਣਗੇ 3-4 ਜਾਂ 5, ਇਨ੍ਹਾਂ ਲਈ ਅਸੀਂ ਕਾਫੀ ਹਾਂ, ਪਰ ਜੇ ਉਹ ਏਸ ਤੋਂ ਵੱਧ ਹੋਏ ਤਾਂ ਅਸੀਂ ਭੱਜ ਜਾਵਾਂਗੇ। ਬੇਬੇ ਗਲੀ ਵਾਲਾ ਦਰਵਾਜ਼ਾ ਖੋਲ੍ਹ ਦੇਵੇਗੀ ਤੇ ਡੰਗਰਾਂ ਵਾਲੇ ਕੋਠੇ ਦਾ ਦਰਵਾਜ਼ਾ ਵੀ ਖੁੱਲ੍ਹਾ ਹੀ ਰੱਖਾਂਗੇ। ਜਿੱਧਰ ਜਿਸ ਨੂੰ ਠੀਕ ਲੱਗੇ, ਭੱਜ ਜਾਓ ਤੇ ਬਾਹਰ ਜਾ ਕੇ ਰੌਲਾ ਪਾ ਦਿਓ ਡਾਕੂ ਆ ਗਏ, ਡਾਕੂ ਆ ਗਏ। ਮੈਂ ਭੱਜ ਕੇ ਡੰਗਰਾਂ ਵਾਲੇ ਕੋਠੇ ਵਿੱਚ ਵੜ ਜਾਵਾਂਗਾ ਕਿਉਂਕਿ ਉਹ ਮੈਨੂੰ ਹੀ ਮਾਰਨ ਦੀ ਕੋਸ਼ਿਸ਼ ਕਰਨਗੇ।
ਡਰ, ਸਹਿਮ, ਘਬਰਾਹਟ ਤੇ ਦਹਿਸ਼ਤ ਵਿੱਚ ਰਾਤ ਬੀਤਣ ਲੱਗੀ ਅਤੇ ਬਿਨਾਂ ਕੋਈ ਘਟਨਾ ਘਟੇ ਰਾਤ ਬੀਤ ਗਈ। ਬੜਾ ਤੜਕਾ ਹੋ ਗਿਆ ਤੇ ਫਿਰ ਪਹੁ ਫੁਟਾਲਾ। ਸਾਡੇ ਘਰ ਵਾਲੇ ਖੁਸ਼ ਸਨ ਕਿ ਵਾਹਿਗੁਰੂ ਦਾ ਸ਼ੁਕਰ ਹੈ ਕਿ ਕੋਈ ਅਨਹੋਣੀ ਘਟਨਾ ਨਹੀਂ ਵਾਪਰੀ। ਜਦ ਸਾਰੇ ਘਰ ਵਾਲੇ ਮੂੰਹ ਹੱਥ ਧੋ ਕੇ ਚਾਹ ਪੀਣ ਲੱਗੇ ਤਾਂ ਪਰਲੇ ਪਾਸਿਓਂ 3-4 ਬੰਦੇ ਭੱਜੇ ਆਏ ਤੇ ਸਾਨੂੰ ਘਰ ਦੇ ਪਿਛਵਾੜੇ ਲੈ ਗਏ ਜਿਥੇ ਕੰਧ ਵਿੱਚ ਵੱਡਾ ਸਾਰਾ ਪਾੜ ਲਾਇਆ ਹੋਇਆ ਸੀ ਜਿਥੋਂ ਚੋਰ ਜਾਂ ਡਾਕੂ ਅੰਦਰ ਵੜੇ ਤੇ ਅੰਦਰਲਾ ਸਾਰਾ ਸਾਮਾਨ ਲੈ ਕੇ ਰਫੂ ਚੱਕਰ ਹੋ ਗਏ ਸਨ ਤੇ ਅਸੀਂ ਮਾਯੂਸ ਹੋ ਕੇ ਰਹਿ ਗਏ।