ਰਾਣਾ ਗੁਰਜੀਤ ਦੇ ਪੁੱਤਰ ਨੂੰ ਇਨਫੋਰਸਮੈਂਟ ਦਾ ਸੰਮਨ


ਜਲੰਧਰ, 6 ਜਨਵਰੀ (ਪੋਸਟ ਬਿਊਰੋ)- ਪੰਜਾਬ ਦੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਆਪਣੀ ਕੰਪਨੀ ਰਾਣਾ ਸ਼ੂਗਰਜ਼ ਲਿਮਟਿਡ ਦੇ ਨਾਂ ਉੱਤੇ ਵਿਦੇਸ਼ ਵਿੱਚ ਸ਼ੇਅਰਾਂ ਜਾਂ ਜੀ ਡੀ ਆਰਜ਼ (ਗਲੋਬਲ ਡਿਪੋਜ਼ਿਟਰੀ ਰਿਸੀਟਸ) ਦੇ ਰੂਪ ਵਿੱਚ 1.8 ਕਰੋੜ ਅਮਰੀਕੀ ਡਾਲਰ (ਲਗਭਗ ਸੌ ਕਰੋੜ ਰੁਪਏ) ਜਮ੍ਹਾਂ ਕਰਨ ਦੇ ਦੋਸ਼ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ 17 ਜਨਵਰੀ ਲਈ ਸੰਮਨ ਜਾਰੀ ਕੀਤੇ ਹਨ। ਈ ਡੀ ਦਾ ਮੰਨਣਾ ਹੈ ਕਿ ਰਾਣਾ ਸ਼ੂਗਰਜ਼ ਨੇ ਸ਼ੇਅਰਾਂ ਦੀ ਖਰੀਦੋ ਫਰੋਖਤ ਮੌਕੇ ਭਾਰਤੀ ਰਿਜ਼ਰਵ ਬੈਂਕ ਦੀ ਪ੍ਰਵਾਨਗੀ ਨੂੰ ਧਿਆਨ ਵਿੱਚ ਨਹੀਂ ਰੱਖਿਆ। ਇੰਦਰ ਪ੍ਰਤਾਪ ਰਾਣਾ ਸ਼ੂਗਰਜ਼ ਦਾ ਮੈਨੇਜਿੰਗ ਡਾਇਰੈਕਟਰ ਹੈ।
ਕੇਂਦਰੀ ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਰਾਣਾ ਸ਼ੂਗਰਜ਼ ਨੇ ਇਹ ਫੰਡ ਫੇਮਾ ਐਕਟ ਦੀ ਉਲੰਘਣਾ ਕਰਕੇ ਜੁਟਾਏ ਹਨ। ਇਸ ਦੇ ਨਾਲ ਈ ਡੀ ਨੂੰ ਇਹ ਵੀ ਯਕੀਨ ਹੈ ਕਿ ਕੰਪਨੀ ਨੇ ਆਪਣੇ ਸ਼ੇਅਰਾਂ ਦੀ ਖਰੀਦ ਲਈ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਬਾਹਰਲੇ ਬੈਂਕਾਂ ਤੋਂ ਲਏ ਕਰਜ਼ਿਆਂ ਲਈ ਜ਼ਾਮਨੀ ਵੀ ਖੁਦ ਦਿੱਤੀ ਹੈ। ਵਰਨਣ ਯੋਗ ਹੈ ਕਿ ਜੀ ਡੀ ਆਰਜ਼ ਜਾਰੀ ਕਰਨ ਵਾਲੀਆਂ ਕੰਪਨੀਆਂ ਨੂੰ ਫੇਮਾ ਐਕਟ ਹੇਠ ਕੁਝ ਸ਼ਰਤਾਂ ਦੀ ਪਾਲਣਾ ਕਰਨੀ ਪੈਂਦੀ ਹੈ ਤੇ ਇਸ ਬਾਰੇ ਜਾਣਕਾਰੀ ਨੂੰ ਆਰ ਬੀ ਆਈ ਕੋਲ ਦਰਜ ਕਰਾਉਣਾ ਲਾਜ਼ਮੀ ਹੁੰਦਾ ਹੈ, ਜਿਸ ਨੂੰ ਉਪਰੋਕਤ ਕੇਸ ਵਿੱਚ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਆਰ ਬੀ ਆਈ ਨੇ ਸਾਫ ਕਰ ਦਿੱਤਾ ਹੈ ਕਿ ਰਾਣਾ ਸ਼ੂਗਰਜ਼ ਵੱਲੋਂ ਜੀ ਡੀ ਆਰਜ਼ ਜਾਰੀ ਕਰਨ ਬਾਰੇ ਉਸ ਕੋਲ ਕੋਈ ਜਾਣਕਾਰੀ ਨਹੀਂ। ਰਾਣਾ ਸ਼ੂਗਰਜ਼ ਵੱਲੋਂ ਸ਼ੇਅਰਾਂ ਦੇ ਰੂਪ ਵਿੱਚ ਇਕੱਠੇ ਕੀਤੇ ਪੈਸੇ ਭਾਰਤ ਵਿੱਚ ਤਬਦੀਲ ਕਰਨ ਤੋ ਪਹਿਲਾਂ ਮਦਿਰਾ ਟਾਪੂ ਵਿਚਲੇ ਪੁਰਤਗਾਲੀ ਬੈਂਕ ਵਿੱਚ ਰੱਖੇ ਗਏ ਸਨ। ਆਰ ਬੀ ਆਈ ਜਾਂ ਸੇਬੀ (ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ) ਨੂੰ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ।