ਰਾਜੀਵ ਗਾਂਧੀ ਅਮਰੀਕਾ ਨਾਲ ਫੌਜੀ ਸਬੰਧ ਵਧਾਉਣਾ ਚਾਹੁੰਦਾ ਸੀ

rajiv gandhi
ਵਾਸ਼ਿੰਗਟਨ, 5 ਅਗਸਤ (ਪੋਸਟ ਬਿਊਰੋ)- ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੀ ਅਮਰੀਕਾ ਦੇ ਨਾਲ ਫੌਜੀ ਸਬੰਧ ਵਧਾਉਣ ਵਿੱਚ ਦਿਲਚਸਪੀ’ ਰੱਖਦੇ ਸਨ ਤੇ ਉਨ੍ਹਾ ਨੇ ਦਰਸਾਇਆ ਸੀ ਕਿ ਉਹ ਇਸ ਲਈ ਭਾਰਤ ਦੀ ਵਿਦੇਸ਼ ਨੀਤੀ ਨੂੰ ਨਵੀਂ ਦਿਸ਼ਾ ਵਿੱਚ ਤੋਰ ਸਕਦੇ ਹਨ।
ਅਮਰੀਕਾ ਦੀ ਖੁਫੀਆ ਏਜੰਸੀ ਸੀ ਆਈ ਏ ਵੱਲੋਂ ਜਨਤਕ ਕੀਤੇ ਦਸਤਾਵੇਜ਼ਾਂ ਦੀ 11 ਸਫਿਆਂ ਦੀ ਇਹ ਰਿਪੋਰਟ ਦਸੰਬਰ 2016 ਵਿੱਚ ਕਾਫੀ ਕੱਟ ਵੱਢ ਮਗਰੋਂ ਜਨਤਕ ਕੀਤੀ ਗਈ ਸੀ ਅਤੇ ਇਸ ਵਿੱਚ ਭਾਰਤ ਨਾਲ ਸਬੰਧਤ ਹੋਰ ਕਈ ਦਸਤਾਵੇਜ਼ ਵੀ ਮੌਜੂਦ ਸਨ। ਇੰਟੈਲੀਜੈਂਸ ਬਾਰੇ ਅਮਰੀਕੀ ਡਾਇਰੈਕਟੋਰੇਟ ਨੇ ਦਸਤਾਵੇਜ਼ਾਂ ‘ਚ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨੇ ਅਹੁਦੇ ਦੀ ਸਹੁੰ ਚੁੱਕਣ ਤੋਂ ਕਰੀਬ ਸੱਤ ਮਹੀਨੇ ਬਾਅਦ ਮਈ 1985 ਮਗਰੋਂ ਸੋਵੀਅਤ ਯੂਨੀਅਨ (ਉਸ ਵਕਤ ਦੇ ਕਮਿਊਨਿਸਟ ਰੂਸ), ਮੱਧ ਪੂਰਬ, ਫਰਾਂਸ ਅਤੇ ਅਮਰੀਕਾ ਦੇ ਦੌਰਿਆਂ ਮੌਕੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਸੀ ਕਿ ਉਹ ਭਾਰਤੀ ਵਿਦੇਸ਼ ਨੀਤੀ ਨੂੰ ਪਹਿਲੇ ਪ੍ਰਧਾਨ ਮੰਤਰੀਆਂ ਦੇ ਮੁਕਾਬਲੇ ਆਪਣੇ ਜਜ਼ਬਿਆਂ ਨੂੰ ਪਿੱਛੇ ਰੱਖ ਕੇ ਵਧੇਰੇ ਵਿਹਾਰਕ ਤਰੀਕੇ ਨਾਲ ਨਵੀਂ ਦਿਸ਼ਾ ਵਿੱਚ ਲਿਜਾਣਾ ਚਾਹੁੰਦਾ ਹੈ। ਇਨ੍ਹਾਂ ਦਸਤਾਵੇਜ਼ਾਂ ‘ਚ ਕਿਹਾ ਗਿਆ ਹੈ ਕਿ ਰਾਜੀਵ ਗਾਂਧੀ ਨੇ ਅਜਿਹੇ ਸੰਕੇਤ ਦਿੱਤੇ ਸਨ ਕਿ ਅਮਰੀਕਾ ਤੇ ਪੱਛਮੀ ਯੂਰਪ ਨਾਲ ਆਪਣੇ ਆਰਥਿਕ ਅਤੇ ਖਾਸ ਤੌਰ ‘ਤੇ ਤਕਨੀਕੀ ਸਬੰਧਾਂ ਨੂੰ ਅੱਗੇ ਲਿਜਾਣ ਲਈ ਭਾਰਤ ਤਿਆਰ ਹੈ।