ਰਾਜਸੀ ਤਾਕਤ ਨਾਲ ਸ਼ਕਤੀਸ਼ਾਲੀ ਬਣੇ ਡੇਰੇ ਤੇ ਬਾਬੇ

ram rahim
-ਲਕਸ਼ਮੀ ਕਾਂਤਾ ਚਾਵਲਾ
ਇਸ 25 ਅਗਸਤ ਨੂੰ ਪੰਜਾਬ ਅਤੇ ਹਰਿਆਣਾ ਖਾਸਕਰ ਹਰਿਆਣਾ ਦੇ ਜ਼ਿਲਾ ਪੰਚਕੂਲਾ ਵਿੱਚ ਦੇਖਣ ਨੂੰ ਮਿਲੀ ਅਰਾਜਕਤਾ ਅਤੇ ਹਿੰਸਾ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। ਚੋਣਾਂ ਵਿੱਚ ਜਿੱਤ ਦਰਜ ਕਰਨ ਲਈ ਕੁਝ ਵੀ ਕਰਨ ਨੂੰ ਤਿਆਰ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਇਸ ਤੋਂ ਸਬਕ ਲੈਣ ਦਾ ਸਮਾਂ ਹੈ। ਹਰਿਆਣਾ ਅਤੇ ਪੰਜਾਬ ਵਿੱਚ ਜਿਹੜੇ ਨੇਤਾ ਇਸ ਬਾਬੇ ਕਾਰਨ ਸੱਤਾ ‘ਤੇ ਕਾਬਜ਼ ਹੋਏ ਹਨ, ਜੇ ਉਹ ਸਮਾਂ ਰਹਿੰਦਿਆਂ ਬਾਬੇ ਉਤੇ ਆਪਣੀ ਤਾਕਤ ਦਾ ਇਸਤੇਮਾਲ ਕਰਦੇ, ਉਸ ਨੂੰ ਸਮਝਾਉਂਦੇ ਅਤੇ ਅਦਾਲਤ ਤੱਕ ਚੁੱਪ-ਚਾਪ ਪਹੁੰਚਣ ਦੀ ਸਲਾਹ ਦਿੰਦੇ ਤਾਂ ਇਹ ਘਟਨਾਵਾਂ ਟਲ ਸਕਦੀਆਂ ਸਨ।
ਸੰਭਵ ਹੈ ਕਿ ਦੇਸ਼ ਦੇ ਹੋਰ ਸੂਬਿਆਂ ਵਿੱਚ ਵੀ ਕਈ ਅਜਿਹੇ ਡੇਰੇ, ਬਾਬੇ, ਸੰਤ ਅਤੇ ਮਹੰਤ ਸ਼ਕਤੀਸ਼ਾਲੀ ਹੋ ਚੁੱਕੇ ਹੋਣ ਜਾਂ ਹੋ ਰਹੇ ਹੋਣ, ਪਰ ਪੰਜਾਬ ਅਤੇ ਹਰਿਆਣਾ ਵਿੱਚ ਇਹ ਡੇਰੇ ਤੇ ਮਹੰਤ ਇੰਨੇ ਮਜ਼ਬੂਤ ਕਿਉਂ ਹਨ? ਇਨ੍ਹਾਂ ਵਿੱਚ ਅੰਨ੍ਹੀ ਸ਼ਰਧਾ ਰੱਖਣ ਵਾਲਿਆਂ ਨੇ ਜਿਵੇਂ ਆਪਣੀ ਸੋਚਣ ਸਮਝਣ ਦੀ ਸ਼ਕਤੀ ਵੀ ਇਨ੍ਹਾਂ ਕੋਲ ਗਹਿਣੇ ਰੱਖ ਦਿੱਤੀ ਹੈ। 25 ਅਗਸਤ ਨੂੰ ਜੋ ਕੁਝ ਵਾਪਰਿਆ, ਇਸ ਤੋਂ ਅਜਿਹਾ ਹੀ ਜਾਪਦਾ ਹੈ।
ਹਰਿਆਣਾ ਵਿੱਚ ਬਾਬਾ ਰਾਮਪਾਲ ਲਈ ਜੋ ਕੁਝ ਹੋਇਆ, ਉਹ ਕੌਣ ਨਹੀਂ ਜਾਣਦਾ। ਓਦੋਂ ਬਾਅਦ ਵੀ ਹਰਿਆਣਾ ਸਰਕਾਰ ਨਹੀਂ ਜਾਗੀ। ਬੀਤੇ ਕੁਝ ਦਿਨਾਂ ਤੋਂ ਇੰਜ ਜਾਪ ਰਿਹਾ ਸੀ ਕਿ ਡੇਰਾ ਸਿਰਸਾ ਦੇ ਬਾਬਾ ਗੁਰਮੀਤ ਰਾਮ ਰਹੀਮ ਨੂੰ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਸ਼ਾਂਤੀ ਜ਼ਰੂਰ ਭੰਗ ਹੋਵੇਗੀ। ਤਿੰਨ ਦਿਨਾਂ ਪੰਚਕੂਲਾ ਵਿੱਚ ਲੋਕ ਇਕੱਠੇ ਹੁੰਦੇ ਰਹੇ। ਬਾਬੇ ਨੂੰ ਸਜ਼ਾ ਹੋਣ ਦੀ ਹਾਲਤ ਵਿੱਚ ਉਹ ਸਭ ਕੁਝ ਠੀਕ ਨਾ ਰਹਿਣ ਦੀ ਗੱਲ ਕਰਦੇ ਰਹੇ। ਕੁਝ ਮਹਿਲਾਵਾਂ ਨੇ ਏਥੋਂ ਤੱਕ ਕਿਹਾ ਕਿ ਜਿਹੋ ਜਿਹੀ ਤਬਾਹੀ ਉਹ ਲਿਆਉਣਗੀਆਂ, ਕਿਸੇ ਨੇ ਦੇਖੀ ਨਹੀਂ ਹੋਵੇਗੀ। ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨਿਸ਼ਚਿਤ ਤੌਰ ‘ਤੇ ਭਵਿੱਖੀ ਖਤਰੇ ਤੋਂ ਜਾਣੂ ਤੇ ਖੌਫਜ਼ਦਾ ਸਨ। ਇਸੇ ਲਈ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਨੇ ਵਾਰ-ਵਾਰ ਕੇਂਦਰ ਤੋਂ ਨੀਮ ਫੌਜੀ ਬਲਾਂ ਦੀ ਭਾਰੀ ਗਿਣਤੀ ਆਪੋ-ਆਪਣੇ ਰਾਜਾਂ ਲਈ ਮੰਗੀ, ਜੋ ਮਿਲ ਵੀ ਗਈ। ਆਖਰ ਵਿੱਚ ਫੌਜ ਨੂੰ ਵੀ ਸੱਦਣਾ ਪਿਆ। ਸੀ ਆਰ ਪੀ ਐਫ ਦੀਆਂ ਮਹਿਲਾ ਕੰਪਨੀਆਂ ਵੀ ਤਾਇਨਾਤ ਕੀਤੀਆਂ, ਪਰ ਅਖੀਰ ਵਿੱਚ ਨਤੀਜਾ ਨਿਰਾਸ਼ਾ ਜਨਕ ਹੀ ਰਿਹਾ। 31 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਜੋ ਦੁਖੀ ਕਰਨ ਵਾਲੀ ਘਟਨਾ ਹੈ।
ਪੰਚਕੂਲਾ ਸੜ ਰਿਹਾ ਸੀ, ਗੋਲੀਆਂ ਚੱਲਣ ਲੱਗੀਆਂ ਅਤੇ ਉਥੋਂ ਦੇ ਵਸਨੀਕਾਂ ਨੇ ਜਿਹੜੀ ਜਾਣਕਾਰੀ ਦਿੱਤੀ, ਉਸ ਦੇ ਅਨੁਸਾਰ ਇਕ ਬਜ਼ੁਰਗ ਨੇ ਕਿਹਾ ਕਿ ਜਦੋਂ ਪਾਕਿਸਤਾਨ ਤੋਂ ਨਿਕਲੇ ਸੀ, ਉਦੋਂ ਵੀ ਸਾਡੇ ਘਰਾਂ ਦੁਆਲੇ ਅਜਿਹੀ ਅੱਗ ਦੇ ਭਾਂਬੜ, ਅਸੁਰੱਖਿਆ ਤੇ ਤਬਾਹੀ ਸੀ। ਉਹ ਘਰਾਂ ਵਿੱਚ ਦੜੇ ਸਿਰਫ ਆਵਾਜ਼ਾਂ ਸੁਣ ਰਹੇ ਸਨ ਤੇ ਦੂਰ-ਦੂਰ ਤੱਕ ਅੱਗ ਦੇ ਭਾਂਬੜ ਅਤੇ ਧੂੰਆਂ ਨਜ਼ਰ ਆ ਰਿਹਾ ਸੀ।
ਖਬਰ ਇਹ ਹੈ ਕਿ ਜਦੋਂ ਪੁਲਸ ਅਤੇ ਫੌਜ ਨੇ ਸਖਤੀ ਨਾਲ ਲੋਕਾਂ ਨੂੰ ਭਜਾਉਣ ਲਈ ਮਾਰਚ ਕੀਤਾ, ਹਵਾ ਵਿੱਚ ਗੋਲੀਆਂ ਚਲਾਈਆਂ ਤਾਂ ਗੁਰਮੀਤ ਰਾਮ ਰਹੀਮ ਦੇ ਸਿਖਲਾਈ ਯਾਫਤਾ ਗੁੰਡੇ ਰਿਹਾਇਸ਼ੀ ਖੇਤਰਾਂ ਵਿੱਚ ਹੁੜਦੰਗ ਮਚਾਉਣ ਲੱਗੇ। ਇਸ ਦੇ ਨਾਲ ਪੰਜਾਬ ਦੇ ਮੋਗਾ, ਮਲੋਟ, ਅਬੋਹਰ, ਫਾਜ਼ਿਲਕਾ, ਬਠਿੰਡਾ ਆਦਿ ਖੇਤਰਾਂ ਵਿੱਚ ਦੰਗਾ ਸ਼ੁਰੂ ਹੋ ਗਿਆ ਤੇ ਇਸ ਦੀ ਚੰਗਿਆੜੀ ਦਿੱਲੀ ਤੱਕ ਪਹੁੰਚ ਗਈ।
ਸਵਾਲ ਇਹ ਨਹੀਂ ਕਿ ਅੰਨ੍ਹੇ ਸ਼ਰਧਾਲੂਆਂ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਹਿੰਸਾ ਕੀਤੀ ਜਾਂ ਉਨ੍ਹਾਂ ਤੋਂ ਇਹ ਬਰਦਾਸ਼ਤ ਨਹੀਂ ਹੋ ਸਕਿਆ ਕਿ ਬਾਬੇ ਨੂੰ ਦੋਸ਼ੀ ਠਹਿਰਾ ਕੇ ਸਜ਼ਾ ਦਿੱਤੀ ਜਾਵੇ। ਵਿਚਾਰਨ ਵਾਲੀ ਗੱਲ ਇਹ ਹੈ ਕਿ ਆਖਰ ਇਹ ਬਾਬਾ ਤੇ ਇਨ੍ਹਾਂ ਦੇ ਡੇਰੇ ਵੱਡੀ ਧਨ ਦੌਲਤ ਵਾਲੇ ਤੇ ਇੰਨੇ ਤਾਕਤਵਰ ਕਿਵੇਂ ਹੋ ਜਾਂਦੇ ਹਨ? ਪੰਜਾਬ ਵਿੱਚ ਵੀ ਅਜਿਹੇ ਕਈ ਡੇਰੇ ਜਾਂ ਧਾਰਮਿਕ ਸਥਾਨ ਹਨ, ਜਿਥੇ ਲੱਖਾਂ ਲੋਕ ਜਾਂਦੇ ਤੇ ਬਾਬੇ ਅੱਗੇ ਨਤਮਸਤਕ ਹੋ ਕੇ ਸਭ ਕੁਝ ਭੁੱਲ ਜਾਂਦੇ ਹਨ। ਇਹ ਕੌਣ ਨਹੀਂ ਜਾਣਦਾ ਕਿ ਲਗਭਗ ਸਭ ਰਾਜਸੀ ਪਾਰਟੀਆਂ ਦੇ ਚੋਣਾਂ ਜਿੱਤਣ ਦੇ ਚਾਹਵਾਨ ਆਗੂ, ਬਾਬਿਆਂ ਦੀ ਇਸ ਤਾਕਤ ਅਤੇ ਉਨ੍ਹਾਂ ਦੇ ਸ਼ਰਧਾਲੂਆਂ ਦੀ ਅੰਨ੍ਹੀ ਸ਼ਰਧਾ ਦਾ ਪੂਰਾ ਲਾਭ ਉਠਾਉਂਦੇ ਹਨ। ਪੰਜਾਬ ਵਿੱਚ ਕੁਝ ਰਾਜਸੀ ਪਾਰਟੀਆਂ ਅਜਿਹੀਆਂ ਵੀ ਹਨ, ਜਿਨ੍ਹਾਂ ਦੇ ਆਗੂ ਡੇਰਾ ਸੱਚਾ ਸੌਦਾ ਦੇ ਬਾਬੇ ਤੋਂ ਆਸ਼ੀਰਵਾਦ ਲੈਣ ਲਈ ਰਾਤ ਦੇ ਹਨੇਰੇ ਵਿੱਚ ਛਿਪ ਕੇ ਜਾਂਦੇ ਹਨ। ਦੇਸ਼ ਦੀਆਂ ਵੱਡੀਆਂ ਰਾਜਸੀ ਪਾਰਟੀਆਂ ਦੇ ਅਨੇਕਾਂ ਨੇਤਾ ਚਾਰਟਰਡ ਜਹਾਜ਼ਾਂ ‘ਤੇ ਸਿਰਸਾ ਜਾ ਕੇ ਬਾਬਾ ਤੋਂ ਆਸ਼ੀਰਵਾਦ ਲੈਂਦੇ ਰਹੇ। ਪੰਜਾਬ ਵਿੱਚ ਦੋ ਵਾਰ ਉਸ ਪਾਰਟੀ ਦੀ ਸਰਕਾਰ ਬਣੀ, ਜਿਸ ਦੇ ਸਿਰ ‘ਤੇ ਬਾਬੇ ਨੇ ਆਪਣਾ ਹੱਥ ਰੱਖਿਆ। ਇਹ ਸਭ ਨੂੰ ਪਤਾ ਹੈ ਕਿ ਹਰਿਆਣਾ ਦਾ ਮੌਜੂਦਾ ਸਰਕਾਰ ਵੀ ਇਸੇ ਬਾਬੇ ਦੇ ਆਸ਼ੀਰਵਾਦ ਨਾਲ ਸੱਤਾ ‘ਤੇ ਕਾਬਜ਼ ਹੋਈ। ਅਜਿਹੀਆਂ ਤਸਵੀਰਾਂ ਹਨ, ਜਿਨ੍ਹਾਂ ਵਿੱਚ ਹਰਿਆਣਾ ਦਾ ਇਕ ਮੰਤਰੀ ਬਾਬੇ ਤੋਂ ਅਸ਼ੀਰਵਾਦ ਲੈ ਰਿਹਾ ਹੈ ਅਤੇ ਲੱਖ ਰੁਪਏ ਉਨ੍ਹਾਂ ਦੇ ਚਰਨਾਂ ਵਿੱਚ ਚੜ੍ਹਾ ਰਿਹਾ ਹੈ।
ਸਵਾਲ ਇਹ ਹੈ ਕਿ ਇਨ੍ਹਾਂ ਡੇਰਿਆਂ ਵਿੱਚ ਇੰਨੇ ਹਥਿਆਰ ਕਿਵੇਂ ਜਮ੍ਹਾਂ ਹੋ ਜਾਂਦੇ ਹਨ? ਏਨੀ ਜ਼ਮੀਨ ਦੇ ਇਹ ਕਿਵੇਂ ਮਾਲਕ ਬਣ ਜਾਂਦੇ ਹਨ? ਇਨ੍ਹਾਂ ਦੀ ਆਮਦਨ ‘ਤੇ ਕੋਈ ਕੰਟਰੋਲ ਕਿਉਂ ਨਹੀਂ? ਰਾਜਸੀ ਆਗੂ ਇਕ ਦੂਜੇ ਦੇ ਘੁਟਾਲਿਆਂ ਦੀ ਗੱਲ ਕਰਦੇ ਹਨ। ਪਾਰਲੀਮੈਂਟ ਅਤੇ ਵਿਧਾਨ ਸਭਾ ਦੇ ਸੈਸ਼ਨਾਂ ਵਿੱਚ ਇਨ੍ਹਾਂ ਘੁਟਾਲਿਆਂ ਦੇ ਨਾਂ ਉੱਤੇ ਇਕ ਦੂਜੇ ‘ਤੇ ਤੁਹਮਤਬਾਜ਼ੀ ਕਰਦੇ ਹਨ। ਇਨ੍ਹਾਂ ਵਿੱਚੋਂ ਕਿਸੇ ਨੂੰ ਕਦੇ ਇਨ੍ਹਾਂ ਬਾਬਿਆਂ ਦੀ ਧਨ ਦੌਲਤ ਦੀ ਗੱਲ ਕਰਦਿਆਂ ਨਹੀਂ ਦੇਖਿਆ। ਇਹ ਜਾਂਚ ਹੋਣੀ ਚਾਹੀਦੀ ਹੈ ਕਿ ਡੇਰਾ ਮੁਖੀਆਂ ਕੋਲ ਜਿਹੜੇ ਹਥਿਆਰ ਜਮ੍ਹਾਂ ਹਨ, ਉਨ੍ਹਾਂ ਦੇ ਲਾਇਸੈਂਸ ਕਿਸ ਨੇ ਦਿੱਤੇ। ਉਨ੍ਹਾਂ ਦੇ ਡੇਰੇ ਵਿੱਚ ਆਉਣ ਵਾਲੇ ਲੋਕਾਂ ਦਾ ਪਿਛੋਕੜ ਕੀ ਹੈ।
ਅਫਸੋਸ ਇਸ ਗੱਲ ਦਾ ਹੈ ਕਿ ਹਿੰਸਾ ਹੋਣ ਅਤੇ ਉਸ ਵਿੱਚ 31 ਲੋਕਾਂ ਦੀ ਮੌਤ ਤੇ ਭਿਆਨਕ ਅੱਗਜ਼ਨੀ ਬਾਅਦ ਸ਼ਾਸਕ ਤੇ ਪ੍ਰਸ਼ਾਸਨ ਜਾਗਿਆ ਹੈ। ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਇਕ ਮੁਲਜ਼ਮ ਅਦਾਲਤੀ ਫੈਸਲਾ ਸੁਣਨ ਲਈ ਪੁਲਸ ਸੁਰੱਖਿਆ ਵਿੱਚ ਅੱਠ ਸੌ ਗੱਡੀਆਂ ਦਾ ਕਾਫਲਾ ਲੈ ਕੇ ਚੱਲਦਾ ਹੈ। ਪਹਿਲੀ ਵਾਰ ਇਕ ਮੁਲਜ਼ਮ ਨੂੰ ਹੈਲੀਕਾਪਟਰ ਰਾਹੀਂ ਜੇਲ ਲਿਜਾਇਆ ਜਾਂਦਾ ਤੇ ਉਸ ਨੂੰ ਗੈਸਟ ਹਾਊਸ ਵਿੱਚ ਰੱਖਿਆ ਜਾਂਦਾ ਹੈ। ਇਸ ਨਾਲ ਸੱਤਾ ਦਾ ਘਿਨੌਣਾ ਚਿਹਰਾ ਦੇਸ਼ ਸਾਹਮਣੇ ਆਇਆ ਹੈ। ਇਹ ਸਾਰੇ ਹਾਲਾਤ ਵਿੱਚ ਉਨ੍ਹਾਂ ਲੋਕਾਂ ਦੇ ਦੁੱਖਾਂ ਬਾਰੇ ਕਿਸੇ ਨਹੀਂ ਸੋਚਿਆ ਜੋ ਰੇਲ ਗੱਡੀਆਂ, ਬੱਸਾਂ ਬੰਦ ਹੋਣ ਕਾਰਨ ਸੜਕਾਂ ‘ਤੇ ਲਾਵਾਰਸ ਚੱਲਦੇ ਰਹੇ। ਉਨ੍ਹਾਂ ਦਾ ਦਰਦ, ਉਨ੍ਹਾਂ ਦੇ ਘਰਾਂ ਅਤੇ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਦਾ ਪ੍ਰਬੰਧ ਸਰਕਾਰ ਦੇ ਧਿਆਨ ਵਿੱਚ ਨਹੀਂ ਆਇਆ।