ਰਾਜਸਥਾਨ ਵਿੱਚ ਹਿੰਸਾ ਜਾਰੀ, ਦਲਿਤ ਆਗੂਆਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਗਈ


ਜੈਪੁਰ, 3 ਅਪਰੈਲ, (ਪੋਸਟ ਬਿਊਰੋ)- ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਦੇ ਹਿੰਦੂਆਂ ਕਸਬੇ ਵਿੱਚ ਦਲਿਤ ਭਾਈਚਾਰੇ ਨਾਲ ਸਬੰਧਤ ਇੱਕ ਮੌਜੂਦਾ ਅਤੇ ਇੱਕ ਸਾਬਕਾ ਵਿਧਾਇਕ ਦੇ ਘਰਾਂ ਨੂੰ ਅੱਜ ਹਿੰਸਕ ਭੀੜ ਨੇ ਅੱਗ ਲਾ ਦਿੱਤੀ। ਇਸ ਪਿੱਛੋਂ ਚੌਕਸੀ ਵਜੋਂ ਇੱਕ ਦਿਨ ਲਈ ਇਸ ਖੇਤਰ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਹੈ।
ਕਾਰੌਲੀ ਦੇ ਜ਼ਿਲ੍ਹਾ ਕੁਲੈਕਟਰ ਅਭਿਮਨਿਊ ਕੁਮਾਰ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਪੰਜ ਹਜ਼ਾਰ ਦੇ ਕਰੀਬ ਲੋਕਾਂ ਦੀ ਭੀੜ ਨੇ ਹਿੰਦੂਆਂ ਸ਼ਹਿਰ ਵਿੱਚ ਵਿਧਾਇਕ ਰਾਜਕੁਮਾਰੀ ਜਾਟਵ ਤੇ ਸਾਬਕਾ ਵਿਧਾਇਕ ਭਰੋਸੀਲਾਲ ਜਾਟਵ ਦੇ ਘਰ ਨੂੰ ਅੱਗ ਲਾ ਦਿੱਤੀ। ਰਾਜਕੁਮਾਰੀ ਜਾਟਵ ਭਾਜਪਾ ਨਾਲ ਸੰਬੰਧਤ ਹੈ ਤੇ ਭਰੋਸੀਲਾਲ ਜਾਟਵ ਸਾਬਕਾ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਹੈ। ਅੱਗ ਦੀ ਘਟਨਾ ਐਸ ਸੀ/ ਐਸ ਟੀ ਐਕਟ ਨੂੰ ਕਮਜ਼ੋਰ ਕੀਤੇ ਜਾਣ ਵਿਰੁੱਧ ਦਲਿਤ ਜਥੇਬੰਦੀਆਂ ਵੱਲੋਂ ‘ਭਾਰਤ ਬੰਦ’ ਦੇ ਸੱਦੇ ਤੋਂ ਇਕ ਦਿਨ ਬਾਅਦ ਹੋਈ ਹੈ। ਅਭਿਮਨਿਊ ਕੁਮਾਰ ਨੇ ਕਿਹਾ ਕਿ ਕਸਬੇ ਦੇ ਹਾਲਾਤ ਸਵੇਰ ਤੋਂ ਤਣਾਅ ਪੂਰਨ ਸਨ, ਭੀੜ ਨੇ ਪਹਿਲਾਂ ਪੱਥਰਬਾਜ਼ੀ ਕੀਤੀ ਤੇ ਫਿਰ ਸਾੜਫੂਕ ਕਰ ਕੇ ਮੌਜੂਦਾ ਤੇ ਸਾਬਕਾ ਵਿਧਾਇਕ ਦੇ ਘਰਾਂ ਨੂੰ ਅੱਗ ਲਾ ਦਿੱਤੀ। ਵਧੀਕ ਡੀ ਜੀ ਪੀ, ਐਨ ਆਰ ਕੇ ਰੈੱਡੀ ਦੇ ਮੁਤਾਬਕ ਵਪਾਰੀ ਐਸੋਸੀਏਸ਼ਨ ਅਤੇ ਉਪਰਲੀਆਂ ਜਾਤਾਂ ਨਾਲ ਸਬੰਧਤ ਲੋਕਾਂ ਨੇ ਹਿੰਦੂਆਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਤੇ ਇਸ ਦੌਰਾਨ ਐਸ ਸੀ/ ਐਸ ਟੀ ਵਸੋਂ ਵਾਲੇ ਇਲਾਕੇ ਵਿੱਚ ਜਾਣ ਦਾ ਯਤਨ ਕੀਤਾ ਤਾਂ ਭੀੜ ਖਿੰਡਾਉਣ ਲਈ ਅੱਥਰੂ ਗੈਸ ਛੱਡਣ ਦੇ ਨਾਲ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ। ਇਸ ਮੌਕੇ ਹਿੰਸਾ ਤੇ ਸਾੜਫੂਕ ਦੇ ਦੋਸ਼ ਵਿੱਚ 40 ਦੇ ਕਰੀਬ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਵੇਖਦਿਆਂ ਸ਼ਹਿਰ ਵਿੱਚ ਇੱਕ ਦਿਨ ਦੇ ਲਈ ਕਰਫਿਊ ਲਾ ਦਿੱਤਾ ਗਿਆ ਹੈ।