ਰਾਜਸਥਾਨ ਵਿੱਚ ਕਿਉਂ ਨਹੀਂ ਰੁਕ ਰਹੀਆਂ ਫਿਰਕੂ ਹਿੰਸਕ ਘਟਨਾਵਾਂ


-ਵਿਪਿਨ ਪੱਬੀ
ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਭਾਜਪਾ ਦੇ ਸਭ ਤੋਂ ਨਰਮ ਪੰਥੀ ਅਤੇ ਆਧੁਨਿਕ ਨੇਤਾਵਾਂ ‘ਚੋਂ ਇੱਕ ਮੰਨਿਆ ਜਾਂਦਾ ਸੀ। ਉਹ ਇੱਕ ਸ਼ਾਹੀ ਪਰਵਾਰ ਨਾਲ ਸੰਬੰਧਤ ਹਨ ਤੇ ਉਨ੍ਹਾਂ ਨੂੰ ਚੰਗੀ ਸਿਖਿਆ ਹਾਸਲ ਕਰਨ ਦਾ ਮੌਕਾ ਮਿਲਿਆ ਹੈ। ਇਸ ਦੇ ਬਾਵਜੂਦ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਵਿੱਚ ਸੂਬੇ ਅੰਦਰ ਬਹੁਤ ਘਟੀਆ ਕਿਸਮ ਦੀਆਂ ਫਿਰਕੂ ਘਟਨਾਵਾਂ ਹੋਈਆਂ ਹਨ। ਇਹ ਸਿਰਫ ਅਟਕਲ ਹੀ ਲਾਈ ਜਾ ਸਕਦੀ ਹੈ ਕਿ ਪ੍ਰਸ਼ਾਸਨ ਚਲਾਉਣ ਵਿੱਚ ਵਸੁੰਧਰਾ ਜਾਂ ਤਾਂ ਨਾਲਾਇਕ ਹੈ ਜਾਂ ਉਹ ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਪ੍ਰਤੀ ਇਸ ਲਈ ਨਰਮੀ ਦਿਖਾ ਰਹੀ ਹੈ ਕਿ ਇਸ ਲਈ ਉਸ ਨੂੰ ਕਿਸੇ ਖਾਸ ਜਗ੍ਹਾ ਤੋਂ ਹਦਾਇਤਾਂ ਮਿਲੀਆਂ ਹਨ, ਪਰ ਇੱਕ ਗੱਲ ਤੈਅ ਹੈ ਕਿ ਅਜਿਹੀਆਂ ਘਟਨਾਵਾਂ ਵਿੱਚ ਕੋਈ ਕਮੀ ਨਹੀਂ ਆ ਰਹੀ। ਕੌਮੀ ਚੇਤਨਾ ਨੂੰ ਝੰਜੋੜਨ ਵਾਲੀ ਤਾਜ਼ਾ ਘਟਨਾ ਹੈ ਛੇ ਦਸੰਬਰ ਨੂੰ ਇੱਕ ਮੁਸਲਿਮ ਵਿਅਕਤੀ ਅਫਰਾਜ਼ੁਲ ਖਾਨ ਦਾ ਬੇਰਹਿਮੀ ਨਾਲ ਕਤਲ ਹੈ, ਜਿਸ ਨੂੰ ਸੋਸ਼ਲ ਮੀਡੀਆ ‘ਤੇ ਦੇਖਣਾ ਵੀ ਬੜਾ ਭਿਆਨਕ ਲੱਗਦਾ ਹੈ। ਅਫਰਾਜ਼ੁਲ ਨੂੰ ਪਹਿਲਾਂ ਕੁੱਟ ਕੇ ਗੰਭੀਰ ਜ਼ਖਮੀ ਕੀਤਾ ਗਿਆ ਤੇ ਫਿਰ ਸ਼ੰਭੂ ਲਾਲ ਰੇਗਰ ਨੇ ਜ਼ਿੰਦਾ ਸਾੜ ਦਿੱਤਾ। ਸ਼ੰਭੂ ਨੇ ਇਸ ਪੂਰੇ ਕਾਂਡ ਦੀ ਵੀਡੀਓ ਬਣਾਉਣ ਲਈ ਆਪਣੇ 14 ਸਾਲਾ ਭਤੀਜੇ ਨੂੰ ਵੀ ਨਾਲ ਲਿਆ ਹੋਇਆ ਸੀ।
ਇਹ ਵੀਡੀਓ ਇੰਨੀ ਦਿਲ ਕੰਬਾਊ ਹੈ ਕਿ ਕਿਸੇ ਵੀ ਸਮਝਦਾਰ ਆਦਮੀ ਲਈ ਇਸ ਨੂੰ ਦੇਖ ਸਕਣਾ ਸੌਖਾ ਨਹੀਂ। ਸ਼ੰਭੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜੋ ਸਪੱਸ਼ਟ ਤੌਰ ‘ਤੇ ਮ੍ਰਿਤਕ ਦਾ ਜਾਣੂ ਸੀ, ਇਸ ਲਈ ਉਹ ਉਸ ਨੂੰ ਵਰਗਲਾ ਕੇ ਉਜਾੜ ਜਗ੍ਹਾ ਲੈ ਗਿਆ ਅਤੇ ਦਾਤੀ ਨਾਲ ਉਸ ਉੱਤੇ ਕਈ ਵਾਰ ਕੀਤੇ। ਗੰਭੀਰ ਜ਼ਖਮੀ ਹੋਣ ਅਤੇ ਖੂਨ ਵਗਣ ਕਾਰਨ ਉਸ ਦੇ ਮਰਨ ਤੋਂ ਪਹਿਲਾਂ ਹੀ ਸ਼ੰਭੂ ਨੇ ਉਸ ‘ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਸਪੱਸ਼ਟ ਹੈ ਕਿ ਇਹ ਇੱਕ ਯੋਜਨਾ ਬੱਧ ਹੱਤਿਆ ਸੀ, ਕਿਉਂਕਿ ਇਸ ਘਿਨੌਣੇ ਹੱਤਿਆ ਕਾਂਡ ਦੀ ਵੀਡੀਓ ਰਿਕਾਰਡਿੰਗ ਲਈ ਦੋਸ਼ੀ ਆਪਣੇ ਨਾਬਾਲਗ ਭਤੀਜੇ ਨੂੰ ਨਾਲ ਲੈ ਕੇ ਗਿਆ ਸੀ। ਇਸ ਹੱਤਿਆ ਕਾਂਡ ਦੇ ਦੌਰਾਨ ਉਹ ਲਗਾਤਾਰ ਹਿੰਦੂਵਾਦ ਦਾ ਰਾਗ ਅਲਾਪਦਾ ਰਿਹਾ ਅਤੇ ਇਹ ਦੋਸ਼ ਲਾਉਂਦਾ ਰਿਹਾ ਕਿ ਅਫਰਾਜ਼ੁਲ ‘ਲਵ ਜੇਹਾਦ’ ਦੇ ਰਾਹ ਉਤੇ ਚੱਲ ਰਿਹਾ ਹੈ।
ਲਗਭਗ 45 ਸਾਲਾਂ ਦਾ ਮ੍ਰਿਤਕ ਅਫਰਾਜ਼ੁਲ ਤਿੰਨ ਧੀਆਂ ਦਾ ਬਾਪ ਸੀ ਤੇ ਕਿਸੇ ਨੇ ਵੀ ਇਹ ਦਾਅਵਾ ਨਹੀਂ ਕੀਤਾ ਕਿ ਉਸ ਦਾ ਕਿਸੇ ਔਰਤ ਜਾਂ ਕੁੜੀ ਨਾਲ ਕੋਈ ਚੱਕਰ ਸੀ। ਇਸ ਘਟਨਾ ਤੇ ਇਸ ਦੇ ਵੀਡੀਓ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਅੰਤਰ-ਆਤਮਾ ਨੂੰ ਝੰਜੋੜ ਦਿੱਤਾ ਹੈ, ਜਿਨ੍ਹਾਂ ਨੇ ਇਸ ਨੂੰ ਦੇਖਿਆ ਹੈ। ਲੋਕਾਂ ਦੇ ਦਬਾਅ ਕਾਰਨ ਰਾਜਸਥਾਨ ਪੁਲਸ ਨੂੰ ਸ਼ੰਭੂ ਨੂੰ ਗ੍ਰਿਫਤਾਰ ਕਰਨਾ ਪਿਆ ਅਤੇ ਉਸ ਨੂੰ ‘ਪਾਗਲ ਵਿਅਕਤੀ’ ਕਰਾਰ ਦੇ ਦਿੱਤਾ ਹੈ, ਪਰ ਰਾਜਸਥਾਨ ਵਿੱਚ ਫਿਰਕੂ ਭਾਵਨਾਵਾਂ ਦਾ ਸੰਕੇਤ ਦੇਣ ਵਾਲੀ ਇਹ ਕੋਈ ਇੱਕੋ ਘਟਨਾ ਨਹੀਂ, ਪਿਛਲੇ ਕੁਝ ਸਾਲਾਂ ਤੋਂ ਸੂਬੇ ਵਿੱਚ ਫਿਰਕੂ ਘਟਨਾਵਾਂ ਦਾ ਹੜ੍ਹ ਜਿਹਾ ਆ ਗਿਆ ਹੈ। ਇਨ੍ਹਾਂ ਘਿਨੌਣੀਆਂ ਘਟਨਾਵਾਂ ‘ਚੋਂ ਇੱਕ ਸੀ ਗਊ ਭਗਤਾਂ ਵੱਲੋਂ ਇੱਕ ਦਲਿਤ ਡੇਅਰੀ ਮਾਲਕ ਪਹਿਲੂ ਰਾਮ ਦੀ ਹੱਤਿਆ। ਉਸ ਨੇ ਮਰਨ ਤੋਂ ਪਹਿਲਾਂ ਜਿਸ ਦੋਸ਼ੀ ਦਾ ਨਾਂਅ ਲਿਆ ਸੀ, ਉਸ ਨੂੰ ਪੁਲਸ ਨੇ ਗ੍ਰਿਫਤਾਰ ਨਹੀਂ ਕੀਤਾ ਅਤੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਨ੍ਹਾਂ ਨੂੰ ਵੀ ਪੁਲਸ ਨੇ ਬਾਅਦ ਵਿੱਚ ਜ਼ਮਾਨਤ ‘ਤੇ ਛੱਡ ਦਿੱਤਾ।
ਯੂ ਪੀ ਅਤੇ ਰਾਜਸਥਾਨ ਦੋਵੇਂ ਸੂਬੇ ਮਿਲ ਕੇ ਦੇਸ਼ ਵਿੱਚ ਫਿਰਕੂ ਘਟਨਾਵਾਂ ਦੇ ਮਾਮਲੇ ਵਿੱਚ ਸ਼ਰਮਨਾਕ ਰਿਕਾਰਡ ਕਾਇਮ ਕਰ ਰਹੇ ਹਨ। ਅਜਿਹੇ ਕੇਸਾਂ ਵਿੱਚ ਦੇਸ਼ ਦੇ ਪੰਜ ਪ੍ਰਮੁੱਖ ਰਾਜਾਂ (ਜਿੱਥੇ ਵੱਧ ਅਪਰਾਧ ਹੁੰਦੇ ਹਨ) ਵਿੱਚ ਆਪਣਾ ਸਥਾਨ ਬਣਾਈ ਰੱਖਣ ਲਈ ਰਾਜਸਥਾਨ ਨੂੰ ਮੱਧ ਪ੍ਰਦੇਸ਼, ਕਰਨਾਟਕ ਤੇ ਪੱਛਮੀ ਬੰਗਾਲ ਨਾਲ ਸਖਤ ਮੁਕਾਬਲੇਬਾਜ਼ੀ ਕਰਨੀ ਪੈ ਰਹੀ ਹੈ। ਸਾਲ 2016 ਵਿੱਚ ਯੂ ਪੀ ਵਿੱਚ ਅਜਿਹੀਆਂ 162 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ, ਜਦ ਕਿ 19 ਵਿਅਕਤੀਆਂ ਦੀ ਹੱਤਿਆ ਹੋਈ ਸੀ। ਇਨ੍ਹਾਂ ਘਟਨਾਵਾਂ ਦੇ ਮਾਮਲੇ ਵਿੱਚ ਮੋਹਰੀ ਪੰਜ ਰਾਜਾਂ ‘ਚੋਂ ਤਿੰਨਾਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ, ਪਰ ਕਰਨਾਟਕ ਵਿੱਚ ਕਾਂਗਰਸ ਅਤੇ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤਿ੍ਰਣਮੂਲ ਕਾਂਗਰਸ ਦੀ ਸਰਕਾਰ ਹੈ।
ਬੇਸ਼ੱਕ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਅਫਰਾਜ਼ੁਲ ਦੇ ਕਤਲ ਵਾਲੀ ਘਟਨਾ ਦਾ ਦੀ ਨਿੰਦਾ ਕੀਤੀ ਹੈ, ਫਿਰ ਵੀ ਘਿਨੌਣਾ ਤੱਥ ਇਹ ਹੈ ਕਿ ਉਨ੍ਹਾਂ ਨੇ ਆਪਣੇ ਸੂਬੇ ਵਿੱਚ ਅਜਿਹਾ ਮਾਹੌਲ ਬਣਨ ਕਿਉਂ ਦਿੱਤਾ? ਅਤੀਤ ਵਿੱਚ ਜਿੰਨੀਆਂ ਫਿਰਕੂ ਘਟਨਾਵਾਂ ਹੋਈਆਂ ਹਨ, ਉਨ੍ਹਾਂ ਬਾਰੇ ਵਸੁੰਧਰਾ ਬਿਲਕੁਲ ਚੁੱਪ ਰਹੀ। ਇਸੇ ਲਈ ਸ਼ੰਭੂ ਵਰਗੇ ਅਨਸਰਾਂ ਦਾ ਹੌਸਲਾ ਵਧ ਗਿਆ ਤੇ ਉਹ ਮੰਨ ਬੈਠੇ ਕਿ ਮੁਸਲਮਾਨਾਂ ਉਤੇ ਹਮਲੇ ਕਰ ਕੇ ਉਹ ਦੇਸ਼ ਅਤੇ ਆਪਣੇ ਧਰਮ ਦੀ ਬਹੁਤ ਵੱਡੀ ਸੇਵਾ ਕਰ ਰਹੇ ਹਨ। ਇਹ ਪੂਰੀ ਤਰ੍ਹਾਂ ਸਾਫ ਹੈ ਕਿ ਰਾਜਸਥਾਨ ਵਿੱਚ ਇਸ ਸਮੇਂ ਅਜਿਹਾ ਮਾਹੌਲ ਬਣਿਆ ਹੋਇਆ ਹੈ, ਜੋ ਮੁਸਲਮਾਨਾਂ ਵਿਰੁੱਧ ਹਿੰਸਕ ਰਾਹ ਨੂੰ ਸੁਖਾਲਾ ਬਣਾ ਰਿਹਾ ਹੈ। ਇਹ ਕਿਹਾ ਜਾਂਦਾ ਹੈ ਕਿ ਗਊ ਰੱਖਿਆ ਦੇ ਨਾਂਅ ‘ਤੇ ਰੱਖਿਆ ਦਲਾਂ, ਜਾਤੀ ਤੇ ਭਾਈਚਾਰਕ ਵੱਕਾਰ ਦੇ ਆਧਾਰ ‘ਤੇ ਬਣੇ ਸੰਗਠਨਾਂ ਨੂੰ ਖੁੱਲ੍ਹੀ ਛੋਟ ਮਿਲ ਗਈ ਲੱਗਦੀ ਹੈ।
ਫਿਰਕੂ ਤਾਕਤਾਂ ਨੂੰ ਸੂਬਾ ਸਰਕਾਰ ਵੱਲੋਂ ਪ੍ਰਾਪਤ ਅਸ਼ੀਰਵਾਦ ਦੀ ਇੱਕ ਹੋਰ ਮਿਸਾਲ ਹੈ। ਪਿਛਲੇ ਦਿਨੀਂ ਰਾਜਪੂਤ ਭਾਈਚਾਰੇ ਵੱਲੋਂ ਪਾਏ ਗਏ ਦਬਾਅ ਦੇ ਮੱਦੇਨਜ਼ਰ ਫਿਲਮ ‘ਪਦਮਾਵਤੀ’ ਉੱਤੇ ਪਾਬੰਦੀ ਲਾਉਣ ਦਾ ਇਸ ਦਾ ਫੈਸਲਾ। ਖੁਦ ਫਿਲਮ ਦੇਖਣ ਜਾਂ ਵਿਰੋਧ ਕਰਨ ਵਾਲਿਆਂ ਨੂੰ ਇਹ ਫਿਲਮ ਦੇਖਣ ਲਈ ਕਹਿਣ ਤੋਂ ਬਿਨਾਂ ਹੀ ਸੂਬਾ ਸਰਕਾਰ ਨੇ ਫਿਲਮ ‘ਤੇ ਪਾਬੰਦੀ ਲਾਉਣ ਦਾ ਐਲਾਨ ਕਰ ਦਿੱਤਾ। ਯੂ ਪੀ ਅਤੇ ਮੱਧ ਪ੍ਰਦੇਸ਼ ਵਰਗੇ ਭਾਜਪਾ ਦੇ ਸ਼ਾਸਨ ਵਾਲੇ ਹੋਰਨਾਂ ਰਾਜਾਂ ਨੇ ਵੀ ਇਸ ਫਿਲਮ ‘ਤੇ ਪਾਬੰਦੀ ਲਾ ਦਿੱਤੀ। ਅਜਿਹੀਆਂ ਹਰਕਤਾਂ ਨਾਲ ਭਾਰਤ ਦੇ ਸਮਾਜਕ ਤਾਣੇ-ਬਾਣੇ ਨੂੰ ਭਾਰੀ ਨੁਕਸਾਨ ਪਹੰੁਚਾਇਆ ਜਾ ਰਿਹਾ ਹੈ। ਅਸੀਂ ਸਿਰਫ ਇਹੋ ਉਮੀਦ ਅਤੇ ਪ੍ਰਾਰਥਨਾ ਕਰ ਸਕਦੇ ਹਾਂ ਕਿ ਜੋ ਲੋਕ ਭਾਰਤ ਨੂੰ ਦੁਨੀਆ ਦੇ ਕੁਝ ਕੱਟੜ ਮੁਸਲਿਮ ਦੇਸ਼ਾਂ ਵਰਗਾ ਬਣਾਉਣ ‘ਤੇ ਤੁਲੇ ਹੋਏ ਹਨ, ਉਹ ਅਕਲਮੰਦੀ ਤੋਂ ਕੰਮ ਲੈਣ।