ਰਾਜਸਥਾਨ ਦੇ ਗੁੱਜਰ ਭਾਈਚਾਰੇ ਵੱਲੋਂ ਰਾਖਵੇਂਕਰਨ ਲਈ 23 ਤੋਂ ਫਿਰ ਅੰਦੋਲਨ ਦਾ ਐਲਾਨ


ਜੈਪੁਰ, 16 ਮਈ (ਪੋਸਟ ਬਿਊਰੋ)- ਰਾਜਸਥਾਨ ਦੇ ਗੁੱਜਰ ਭਾਈਚਾਰੇ ਨੇ ਹੋਰ ਪਛੜੇ ਵਰਗਾਂ (ਓ ਬੀ ਸੀ) ਵਿੱਚ ਆਪਣੇ ਲਈ ਪੰਜ ਫੀਸਦੀ ਰਾਖਵਾਂਕਰਨ ਲਾਗੂ ਕਰਾਉਣ ਲਈ 23 ਮਈ ਤੋਂ ਇਕ ਵਾਰ ਫਿਰ ਤੋਂ ਅੰਦੋਲਨ ਛੇੜਨ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਗੁੱਜਰ ਆਰਕਸ਼ਣ ਸੰਘਰਸ਼ ਸਮਿਤੀ ਵੱਲੋਂ ਕੱਲ੍ਹ ਜ਼ਿਲਾ ਭਰਤਪੁਰ ਵਿਖੇ ਇਸ ਭਾਈਚਾਰੇ ਦੀ ਸੱਦੀ ਗਈ ‘ਮਹਾਂ ਪੰਚਾਇਤ’ ਵਿੱਚ ਕੀਤਾ ਗਿਆ।
ਇਸ ਭਾਈਚਾਰੇ ਦੇ ਇਕ ਵਫਦ ਨੇ ਬੀਤੀ ਰਾਤ ਰਾਜਧਾਨੀ ਜੈਪੁਰ ਵਿਖੇ ਰਾਜ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਕੀਤੀ ਸੀ। ਕੱਲ੍ਹ ਜ਼ਿਲਾ ਭਰਤਪੁਰ ਦੇ ਪਿੰਡ ਅੱਡਾ ਵਿਖੇ ਸੰਘਰਸ਼ ਕਮੇਟੀ ਦੇ ਮੁਖੀ ਕਰੋੜੀ ਸਿੰਘ ਬੈਂਸਲਾ ਤੇ ਹੋਰ ਆਗੂਆਂ ਨੇ ਇਸ ਮੀਟਿੰਗ ਦੇ ਸਿੱਟਿਆਂ ਉੱਤੇ ਵਿਚਾਰ ਕਰਨ ਪਿੱਛੋਂ ਸਰਕਾਰੀ ਨੌਕਰੀਆਂ ਤੇ ਵਿੱਦਿਅਕ ਅਦਾਰਿਆਂ ਵਿੱਚ ਭਾਈਚਾਰੇ ਲਈ ਰਾਖਵਾਂਕਰਨ ਹਾਸਲ ਕਰਨ ਵਾਸਤੇ ਅੰਦੋਲਨ ਕਰਨ ਦਾ ਐਲਾਨ ਕਰ ਦਿੱਤਾ। ਬੈਂਸਲਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਬੀਤੀ ਰਾਤ ਮੰਤਰੀਆਂ ਨਾਲ ਹੋਈ ਮੀਟਿੰਗ ਤੋਂ ਸੰਤੁਸ਼ਟ ਨਹੀਂ। ਇਸ ਬਾਰੇ ਭਰਤਪੁਰ ਜ਼ਿਲੇ ਵਿੱਚ ਦੋ ਹੋਰ ਮੀਟਿੰਗਾਂ ਵੀ ਹੋਈਆਂ ਹਨ। ਪਿੰਡ ਮੜੌਲੀ ਵਿੱਚ ਬੈਂਸਲਾ ਦੇ ਹਮਾਇਤੀਆਂ ਨੇ ਮੀਟਿੰਗ ਕੀਤੀ, ਜਦੋਂ ਕਿ ਪਿੰਡ ਟੋਂਟਾ ਬਾਬ ਕਾ ਸਥਾਨ ਵਿੱਚ ਰਾਮ ਸਿੰਘ ਬਿਧੂੜੀ ਦੀ ਅਗਵਾਈ ਹੇਠ ਬੈਂਸਲਾ ਦੇ ਵਿਰੋਧੀ ਗਰੁੱਪ ‘ਅਖਿਲ ਭਾਰਤੀ ਗੁੱਜਰ ਆਰਕਸ਼ਣ ਸੰਘਰਸ਼ ਸਮਿਤੀ’ ਦੀ ਮੀਟਿੰਗ ਹੋਈ, ਜਿਸ ਵਿੱਚ ਬੈਂਸਲਾ ਉਤੇ ਭਾਈਚਾਰੇ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਏ ਗਏ ਅਤੇ ਸਰਕਾਰ ਦੇ ਵਾਅਦੇ ਮੁਤਾਬਕ ਪੰਜ ਫੀਸਦੀ ਰਾਖਵਾਂਕਰਨ ਲੇਣ ਲਈ 51 ਮੈਂਬਰੀ ਕਮੇਟੀ ਬਣਾਉਣ ਦੀ ਗੱਲ ਆਖੀ ਗਈ।