ਰਾਜਸਥਾਨ ਤੇ ਪਛਮੀ ਬੰਗਾਲ ਦੀਆਂ ਉੱਪ ਚੋਣਾਂ ਵਿੱਚ ਭਾਜਪਾ ਨੂੰ ਵੱਡੀ ਭੁਆਂਟਣੀ


* ਕਾਂਗਰਸ ਪਾਰਟੀ ਰਾਜਸਥਾਨ ਵਿੱਚ ਹੂੰਝਾ ਮਾਰ ਗਈ
ਜੈਪੁਰ/ਕੋਲਕਾਤਾ, 1 ਫਰਵਰੀ, (ਪੋਸਟ ਬਿਊਰੋ)- ਅੱਜ ਆਏ ਉੱਪ ਚੋਣਾਂ ਦੇ ਨਤੀਜਿਆਂ ਵਿਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਰਾਜਸਥਾਨ ਵਿੱਚ ਕਾਂਗਰਸ ਪਾਰਟੀ ਨੇ ਅਲਵਰ ਤੇ ਅਜਮੇਰ ਦੀਆਂ ਦੋਵੇਂ ਲੋਕ ਸਭਾ ਸੀਟਾਂ ਜਿੱਤ ਕੇ ਸੱਤਾਧਾਰੀ ਭਾਜਪਾ ਨੂੰ ਪ੍ਰੇਸ਼ਾਨ ਕਰ ਦਿਤਾ ਹੈ। ਸਾਲ 2014 ਵਿਚ ਇਹ ਦੋਵੇਂ ਸੀਟਾਂ ਭਾਜਪਾ ਨੇ ਜਿੱਤੀਆਂ ਸਨ। ਇਨ੍ਹਾਂ ਦੇ ਨਤੀਜਿਆਂ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਸਥਾਨ ਕਾਂਗਰਸ ਨੂੰ ਥਾਪੜਾ ਦਿੰਦੇ ਹੋਏ ਕਿਹਾ ਕਿ ਰਾਜਸਥਾਨ ਦੇ ਲੋਕਾਂ ਨੇ ਭਾਜਪਾ ਨੂੰ ਇੱਕ ਤਰ੍ਹਾਂ ਨਕਾਰ ਦਿਤਾ ਹੈ।
ਲੋਕ ਸਭਾ ਦੀਆਂ ਰਾਜਸਥਾਨ ਵਾਲੀਆਂ ਦੋਵਾਂ ਸੀਟਾਂ ਦੀ ਉੱਪ ਚੋਣ ਵਿੱਚ ਕਾਂਗਰਸ ਦੇ ਕਰਨ ਸਿੰਘ ਯਾਦਵ ਤੇ ਰਘੂ ਸ਼ਰਮਾ ਨੇ ਅਪਣੇ ਨੇੜਲੇ ਵਿਰੋਧੀਆਂ ਭਾਜਪਾ ਦੇ ਜਸਵੰਤ ਯਾਦਵ ਅਤੇ ਰਾਮ ਸਵਰੂਪ ਨੂੰ ਭਾਰੀ ਫ਼ਰਕ ਨਾਲ ਹਰਾ ਦਿਤਾ ਹੈ। ਮੁੱਖ ਵਿਰੋਧੀ ਧਿਰ ਕਾਂਗਰਸ ਦੇ ਉਮੀਦਵਾਰ ਵਿਵੇਕ ਧਾਕੜ ਨੇ ਅੱਜ ਰਾਜਸਥਾਨ ਵਿਧਾਨ ਸਭਾ ਦੀ ਮੰਡਲਗੜ੍ਹ ਸੀਟ ਵੀ ਜਿੱਤ ਲਈ ਹੈ। ਉਸ ਨੇ ਭਾਜਪਾ ਦੇ ਸ਼ਕਤੀ ਸਿੰਘ ਹਦਾ ਨੂੰ ਹਰਾਇਆ। ਇਹ ਸੀਟ ਵੀ ਹੁਣ ਤਕ ਭਾਜਪਾ ਕੋਲ ਸੀ। ਭਾਜਪਾ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਰਾਜਸਥਾਨ ਦੀਆਂ ਸਾਰੀਆਂ 25 ਪਾਰਲੀਮੈਂਟ ਸੀਟਾਂ ਜਿੱਤ ਲਈਆਂ ਸਨ। ਵਰਨਣ ਯੋਗ ਹੈ ਕਿ ਰਾਜਸਥਾਨ ਵਿਚ ਇਸੇ ਸਾਲ ਦੇ ਅਖ਼ੀਰ ਵਿਚ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ।
ਅਜਮੇਰ ਅਤੇ ਅਲਵਰ ਦੀਆਂ ਪਾਰਲੀਮੈਂਟ ਸੀਟਾਂ ਅਤੇ ਮਾਂਡਲਗੜ੍ਹ ਵਿਧਾਨ ਸਭਾ ਸੀਟ ਦੇੇ ਚੋਣ ਨਤੀਜਿਆਂ ਪਿੱਛੋਂ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਪ੍ਰਤੀਕਿਰਿਆ ਦੇਂਦਿਆਂ ਕਿਹਾ, ‘ਜਨਤਾ ਦੀ ਸੇਵਾ ਦਾ ਜੋ ਪ੍ਰਣ ਚਾਰ ਸਾਲ ਪਹਿਲਾਂ ਲਿਆ ਸੀ, ਉਸ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਅੱਜ ਤਿੰਨੇ ਚੋਣ ਖੇਤਰਾਂ ਵਿੱਚ ਜੋ ਫ਼ੈਸਲਾ ਜਨਤਾ ਨੇ ਦਿਤਾ ਹੈ, ਉਹ ਸਿਰ ਅੱਖਾਂ ਉੱਤੇ ਹੈ।’
ਦੂਸਰੇ ਪਾਸੇ ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਨੇ ਇਕ ਪਾਰਲੀਮੈਂਟ ਸੀਟ ਅਤੇ ਇਕ ਵਿਧਾਨ ਸਭਾ ਸੀਟ ਉੱਤੇ ਹੂੰਝਾ ਫੇਰ ਜਿੱਤ ਹਾਸਲ ਕਰ ਕੇ ਭਾਜਪਾ ਨੂੰ ਕਰਾਰ ਝਟਕਾ ਦਿਤਾ ਹੈ। ਸੀ ਪੀ ਐਮ ਦੋਵੇਂ ਥਾਂ ਹੀ ਤੀਜੇ ਸਥਾਨ ਉੱਤੇ ਰਹੀ। ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਸਜਾਦ ਅਹਿਮਦ ਨੇ ਭਾਜਪਾ ਉਮੀਦਵਾਰ ਅਨੁਪਮ ਮਲਿਕ ਨੂੰ 4.74 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਉਲੂਬੇਰੀਆ ਲੋਕ ਸਭਾ ਸੀਟ ਜਿੱਤ ਲਈ ਹੈ। ਨੋਪਾਰਾ ਵਿਧਾਨ ਸਭਾ ਸੀਟ ਉੱਤੇ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਸੁਨੀਲ ਸਿੰਘ ਨੇ ਅਪਣੇ ਨੇੜਲੇ ਵਿਰੋਧੀ ਭਾਜਪਾ ਦੇ ਸੰਦੀਪ ਬੈਨਰਜੀ ਨੂੰ ਕਰੀਬ 70 ਹਜ਼ਾਰ ਵੋਟਾਂ ਨਾਲ ਹਰਾ ਦਿਤਾ ਹੈ। ਇਸ ਤੋਂ ਤ੍ਰਿਣਮੂਲ ਕਾਂਗਰਸ ਹੁਲਾਰੇ ਵਿੱਚ ਹੈ।
ਅੱਜ ਆਏ ਉੱਪ ਚੋਣਾਂ ਦੇ ਨਤੀਜਿਆਂ ਨਾਲ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਰਾਜਸਥਾਨ ਵਿੱਚ ਇਨ੍ਹਾਂ ਨਤੀਜਿਆਂ ਪਿੱਛੋਂ ਕਾਂਗਰਸ ਦੇ ਸੂਬਾ ਪ੍ਰਧਾਨ ਸਚਿਨ ਪਾਇਲਟ ਨੇ ਮੁੱਖ ਮੰਤਰੀ ਵਸੁੰਧਰਾ ਰਾਜੇ ਤੋਂ ਨੈਤਿਕ ਆਧਾਰ ਉੱਤੇ ਅਸਤੀਫ਼ੇ ਦੀ ਮੰਗ ਕੀਤੀ ਹੈ। ਪਾਇਲਟ ਨੇ ਕਿਹਾ ਕਿ ਭਾਜਪਾ ਨੇ ਧਰਮ ਤੇ ਜਾਤੀਵਾਦ ਦੀ ਸਿਆਸਤ ਕਰ ਕੇ ਧਰੁਵੀਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਵੋਟਰਾਂ ਨੇ ਉਸ ਨੂੰ ਰੱਦ ਕਰ ਦਿਤਾ ਹੈ।