ਰਾਜਕੁਮਾਰੀ ਡਾਇਨਾ ਦੀ 20ਵੀਂ ਬਰਸੀ ਮੌਕੇ ਪ੍ਰਾਈਵੇਟ ਲਾਈਫ ਉੱਤੇ ਆਧਾਰਤ ਫਿਲਮ

princess diana
-ਇੱਕ ਖਾਸ ਰਿਪੋਰਟ
ਪ੍ਰਿੰਸਿਸ ਆਫ ਵੇਲਸ ਡਾਇਨਾ ਵੱਲੋਂ ਆਪਣੀ ਪ੍ਰਾਈਵੇਟ ਲਾਈਫ ਉੱਤੇ ਖੁਦ ਰਿਕਾਰਡ ਕੀਤੀਆਂ ਗਈਆਂ ਵੀਡੀਓ ਟੇਪਸ ਪਹਿਲੀ ਵਾਰ ਇੱਕ ਦਸਤਾਵੇਜ਼ੀ ਫਿਲਮ ਦੇ ਰੂਪ ਵਿੱਚ ਅਗਲੇ ਮਹੀਨੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਇਹ ਟੇਪਾਂ ਉਸ ਲੜੀ ਦਾ ਹਿੱਸਾ ਹਨ, ਜਿਸ ਵਿੱਚ ਡਾਇਨਾ ਪ੍ਰਿੰਸ ਆਫ ਵੇਲਸ ਦੇ ਨਾਲ ਆਪਣੇ ਯੌਨ ਜੀਵਨ ਬਾਰੇ ਦੱਸਦੀ ਅਤੇ ਇਹ ਦਾਅਵਾ ਕਰਦੀ ਹੈ ਕਿ ਉਸ ਦੇ ਬਾਡੀਗਾਰਡ ਦੀ ਹੱਤਿਆ ਸਿਰਫ ਇਸ ਲਈ ਕੀਤੀ ਗਈ ਸੀ ਕਿ ਉਨ੍ਹਾਂ ਦੋਵਾਂ ਦੇ ਸੈਕਸ ਸੰਬੰਧ ਸਨ। ਚੈਨਲ ਚਾਰ ਵੱਲੋਂ ਪ੍ਰਸਾਰਤ ਕੀਤੀ ਜਾਣ ਵਾਲੀ ਇਸ ਦਸਤਾਵੇਜ਼ੀ ਫਿਲਮ ਦਾ ਨਿਰਮਾਣ ਉਸ ਡਾਇਰੈਕਟਰ ਨੇ ਕੀਤਾ ਸੀ, ਜਿਸ ਨੇ 10 ਸਾਲ ਪਹਿਲਾਂ ਬੀ ਬੀ ਸੀ ਵਾਸਤੇ ਏਦਾਂ ਦੀ ਫਿਲਮ ਤਿਆਰ ਕੀਤੀ ਸੀ, ਪਰ ਉਦੋਂ ਕਥਿਤ ਤੌਰ ‘ਤੇ ਇਸ ਨੂੰ ਇਸ ਲਈ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ ਕਿ ਕਿਤੇ ਪ੍ਰਿੰਸ ਚਾਰਲਸ ਨਾਰਾਜ਼ ਨਾ ਹੋ ਜਾਣ।
ਨਵੀਂ ਫਿਲਮ ਵਿੱਚ ਉਨ੍ਹਾਂ ਟੇਪਾਂ ਨੂੰ ਵੀ ਵਰਤਿਆ ਗਿਆ ਹੈ, ਜੋ ਡਾਇਨਾ ਨੇ 1992-93 ਵਿਚਾਲੇ ਕੇਨਸਿੰਗਟਨ ਪੈਲੇਸ ਵਿੱਚ ਤਿਆਰ ਕੀਤੀਆਂ ਸਨ। ਇਨ੍ਹਾਂ ਦੀ ਤਿਆਰੀ ਇੱਕ ‘ਵਾਈਸ ਕੋਚ’ ਪੀਟਰ ਸੈਟਲੇਨ ਦੀ ਦੇਖ-ਰੇਖ ਵਿੱਚ ਹੋਈ ਸੀ, ਜੋ ਰਹਿੰਦੇ ਬ੍ਰਿਟੇਨ ਵਿੱਚ ਸਨ, ਪਰ ਉਂਝ ਅਮਰੀਕੀ ਮੂਲ ਦੇ ਸਨ। ਚੈਨਲ ਚਾਰ ਨੇ ਫਿਲਮ ਦੀਆਂ ਜੋ ਫੁਟੇਜ਼ ਪ੍ਰਦਰਸ਼ਿਤ ਕੀਤੀਆਂ, ਉਨ੍ਹਾਂ ਵਿੱਚ ਡਾਇਨਾ ਨੂੰ ਆਪਣੇ ਬੀਤੇ ਜੀਵਨ ‘ਤੇ ਮੰਥਨ ਕਰਦੇ ਹੋਏ ਤੇ ਆਪਣੀ ਪਰਵਰਿਸ਼, ਪ੍ਰਿੰਸ ਆਫ ਵੇਲਸ ਨਾਲ ਆਸ਼ਿਕੀ ਤੇ ਫਿਰ ਵਿਆਹ ਦੇ ਜਨਤਕ ਜੀਵਨ ਬਾਰੇ ਗੱਲਾਂ ਕਰਦੇ ਹੋਏ ਦਿਖਾਇਆ ਗਿਆ ਹੈ।
ਅਮਰੀਕੀ ਚੈਨਲ ਐਨ ਬੀ ਸੀ ਵੱਲੋਂ 2004 ਵਿੱਚ ਇਨ੍ਹਾਂ ਟੇਪਾਂ ਦੇ ਕੁਝ ਅੰਸ਼ ਪ੍ਰਸਾਰਿਤ ਕੀਤੇ ਗਏ ਸਨ, ਜਿਨ੍ਹਾਂ ਵਿੱਚ ਉਹ ਹਿੰਸਾ ਵੀ ਸ਼ਾਮਲ ਸੀ, ਜਿਸ ਵਿੱਚ ਉਹ ਆਪਣੇ ਪਤੀ ਨਾਲ ਬਿਤਾਏ ਨਿੱਜੀ ਪਲਾਂ ਦਾ ਖੁਲਾਸਾ ਕਰਦੀ ਹੈ। ਇਨ੍ਹਾਂ ਵਿੱਚ ਸੈਟਲੇਨ ਉਸ ਤੋਂ ਪੁੱਛਦੇ ਹਨ ਕਿ ਕੀ ਪਤੀ-ਪਤਨੀ ਵਿਚਾਲੇ ਅਜੇ ਵੀ ਕੋਈ ਸਰੀਰਕ ਸੰਬੰਧ ਹਨ, ਤਾਂ ਉਹ ਜਵਾਬ ਦਿੰਦੀ ਹੈ, ‘ਕਦੇ ਹੋਇਆ ਕਰਦੇ ਸਨ, ਪਰ ਉਹ ਸੱਤ ਸਾਲ ਪਹਿਲਾਂ ਦੀ ਗੱਲ ਹੈ। ਚਲੋ, ਢੱਠੇ ਖੂਹ ਵਿੱਚ ਜਾਣ ਦਿਓ, ਜੋ ਹੋਇਆ, ਸੋ ਹੋਇਆ।’
ਰਾਜਕੁਮਾਰੀ ਡਾਇਨਾ ਨੇ ਇਨ੍ਹਾਂ ਟੇਪਾਂ ਵਿੱਚ ਆਪਣੇ ਪੁਲਸ ਬਾਡੀਗਾਰਡ ਬੈਰੀ ਮਨਾਕੀ ਨਾਲ ਆਪਣੇ ਰੋਮਾਂਸ ਬਾਰੇ ਵੀ ਦੱਸਿਆ। ਗੱਲਬਾਤ ਦੌਰਾਨ ਉਸ ਦਾ ਨਾਂਅ ਨਹੀਂ ਲਿਆ, ਸਗੋਂ ਗੋਲ-ਮੋਲ ਸ਼ਬਦਾਂ ਵਿੱਚ ਕਿਹਾ, ‘ਮੈਂ ਇਸ ਮਾਹੌਲ ਵਿੱਚ ਡਿਊਟੀ ਦੇਣ ਵਾਲੇ ਇੱਕ ਜਵਾਨ ਨਾਲ ਬਹੁਤ ਡੂੰਘੇ ਪ੍ਰੇਮ ਵਿੱਚ ਫਸੀ ਹੋਈ ਸੀ ਤੇ ਜੀਵਨ ਭਰ ਮੈਂ ਉਸ ਵਰਗਾ ਸ਼ਾਨਦਾਰ ਸ਼ਖਸ ਨਹੀਂ ਦੇਖਿਆ।’
ਰਾਜਕੁਮਾਰੀ ਨੇ ਇਹ ਵੀ ਦਾਅਵਾ ਕੀਤਾ ਕਿ ‘ਇਸ ਪੁਲਸ ਮੁਲਾਜ਼ਮ, ਭਾਵ ਮਨਾਕੀ ਨੂੰ ਸਿਰਫ ਇਸ ਲਈ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਕਿ ਉਸ ਦੀ ਮੇਰੇ ਨਾਲ ਨੇੜਤਾ ਬਹੁਤ ਵਧ ਗਈ ਸੀ। ਬਾਅਦ ਵਿੱਚ ਕਿਹਾ ਗਿਆ ਕਿ ਉਸ ਦੀ ਇੱਕ ਮੋਟਰ ਸਾਈਕਲ ਹਾਦਸੇ ਵਿੱਚ ਮੌਤ ਹੋ ਗਈ ਸੀ, ਪਰ ਅਸਲ ਵਿੱਚ ਉਸ ਦੀ ਹੱਤਿਆ ਕਰਵਾਈ ਗਈ ਸੀ। ਮੈਨੂੰ ਅਜਿਹਾ ਲੱਗਦਾ ਹੈ ਕਿ ਕਿਸੇ ਗੱਡੀ ਨਾਲ ਉਸ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਕੇ ਡੇਗਿਆ ਗਿਆ ਸੀ।’
ਚੈਨਲ ਚਾਰ ਦਾ ਕਹਿਣਾ ਹੈ ਕਿ ਫਿਲਮ ਰਾਜਕੁਮਾਰੀ ਡਾਇਨਾ ਦੀ 20ਵੀਂ ਬਰਸੀ ਮੌਕੇ 31 ਅਗਸਤ ਦੇ ਨੇੜੇ-ਤੇੜੇ ਪ੍ਰਸਾਰਿਤ ਕੀਤੀ ਜਾਵੇਗੀ।