ਰਾਖੀ ਸਾਵੰਤ ਨੇ ਧਾਰਮਕ ਭਾਵਨਾਵਾਂ ਨੂੰ ਠੇਸ ਪੁਚਾਉਣ ਵਾਲਾ ਕੇਸ ਰੱਦ ਕਰਨ ਦੀ ਮੰਗ ਕੀਤੀ

rakhi
ਚੰਡੀਗੜ੍ਹ, 12 ਅਕਤੂਬਰ (ਪੋਸਟ ਬਿਊਰੋ)- ਪੰਜਾਬ ਹਰਿਆਣਾ ਹਾਈ ਕੋਰਟ ਨੇ ਫਿਲਮ ਅਦਾਕਾਰਾ ਰਾਖੀ ਸਾਵੰਤ ਦੇ ਵਿਰੁੱਧ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕੇਸ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਵਰਨਣ ਯੋਗ ਹੈ ਕਿ ਭਗਵਾਨ ਵਾਲਮੀਕ ਬਾਰੇ ਇਤਰਾਜ਼ ਯੋਗ ਟਿੱਪਣੀ ਕਾਰਨ ਰਾਖੀ ਸਾਵੰਤ ਵਿਰੁੱਧ ਲੁਧਿਆਣਾ ਪੁਲਸ ਨੇ ਕੇਸ ਦਰਜ ਕੀਤਾ ਹੈ। ਰਾਖੀ ਸਾਵੰਤ ਨੇ ਇਸ ਨੂੰ ਰੱਦ ਕਰਨ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਹਾਈ ਕੋਰਟ ਵਿੱਚ ਇਸ ‘ਤੇ ਕੱਲ੍ਹ ਸੁਣਵਾਈ ਹੋਈ। ਰਾਖੀ ਸਾਵੰਤ ਦੇ ਅਦਾਲਤ ਵਿੱਚ ਪੇਸ਼ ਨਾ ਹੋਣ ਉੱਤੇ ਲੁਧਿਆਣਾ ਅਦਾਲਤ ਨੇ ਰਾਖੀ ਦੇ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਪੰਜਾਬ ਪੁਲਸ ਦੀ ਟੀਮ ਰਾਖੀ ਨੂੰ ਗ੍ਰਿਫਤਾਰ ਕਰਨ ਲਈ ਮੁੰਬਈ ਵੀ ਗਈ, ਪਰ ਉਹ ਨਹੀਂ ਮਿਲੀ ਸੀ। ਫਿਰ ਰਾਖੀ ਖੁਦ ਲੁਧਿਆਣਾ ਅਦਾਲਤ ਵਿੱਚ ਪੇਸ਼ ਹੋਈ ਸੀ। ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਤਹਿਤ ਉਸ ਨੇ ਕਿਹਾ ਕਿ ਉਸ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਇਸ ਸੰਬੰਧ ਵਿੱਚ ਉਸ ਨੇ ਅਦਾਲਤ ਅਤੇ ਜਨਤਕ ਤੌਰ ਉੱਤੇ ਮੁਆਫੀ ਵੀ ਮੰਗ ਲਈ ਹੈ। ਅਜਿਹੇ ਵਿੱਚ ਇਹ ਮਾਮਲਾ ਰੱਦ ਕੀਤਾ ਜਾਵੇ।