ਰਾਖੀ ਸਾਵੰਤ ਨੂੰ ਲੈਣ ਗਈ ਪੰਜਾਬ ਪੁਲਸ ਦੀ ਟੀਮ ਖਾਲੀ ਹੱਥ ਮੁੜੀ

rakhi sawant
* ਦਿੱਤਾ ਗਿਆ ਘਰ ਦਾ ਪਤਾ ਹੀ ਠੀਕ ਨਹੀਂ ਨਿਕਲਿਆ
ਲੁਧਿਆਣਾ, 3 ਅਪਰੈਲ, (ਪੋਸਟ ਬਿਊਰੋ)- ਬਾਲੀਵੁੱਡ ਦੀ ਵਿਵਾਦਾਂ ਵਿੱਚ ਰਹਿਣ ਵਾਲੀ ਅਦਾਕਾਰਾ ਰਾਖੀ ਸਾਵੰਤ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਮੁੰਬਈ ਨੂੰ ਗਈ ਲੁਧਿਆਣੇ ਦੇ ਥਾਣਾ ਸਲੇਮ ਟਾਬਰੀ ਦੀ ਪੁਲਿਸ ਖਾਲੀ ਹੱਥ ਮੁੜ ਆਈ ਹੈ। ਧਾਰਮਿਕ ਭਾਵਨਾਵਾਂ ਨੂੰ ਠੇਸ ਪੁਚਾਉਣ ਦੇ ਕੇਸ ਵਿਚ ਕਈ ਵਾਰ ਸੰਮਨ ਜਾਰੀ ਹੋਣ ਉੱਤੇ ਵੀ ਹਾਜ਼ਰ ਨਾ ਹੋਣ ਕਾਰਨ ਅਦਾਲਤ ਨੇ ਰਾਖੀ ਸਾਵੰਤ ਦੇ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਰੰਟ ਜਾਰੀ ਕੀਤੇ ਸਨ।
ਲੁਧਿਆਣਾ ਦੇ ਵਕੀਲ ਨਰਿੰਦਰ ਆਦੀਆ ਨੇ ਸਥਾਨਕ ਅਦਾਲਤ ਵਿੱਚ ਰਾਖੀ ਸਾਵੰਤ ਵਿਰੁੱਧ ਧਾਰਾ 295-ਏ ਅਧੀਨ ਦਾਇਰ ਇੱਕ ਸ਼ਿਕਾਇਤ ਵਿਚ ਕਿਹਾ ਹੈ ਕਿ ਉਹ ਵੀਹ ਸਾਲ ਤੋਂ ਵਕਾਲਤ ਕਰ ਰਹੇ ਹਨ ਤੇ ਦਲਿਤ ਸਮਾਜ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੀ ਆਸਥਾ ਭਗਵਾਨ ਵਾਲਮੀਕਿ ਵਿੱਚ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਪਿਛਲੇ ਸਾਲ 9 ਜੁਲਾਈ ਨੂੰ ਜਦੋਂ ਉਹ ਆਪਣੇ ਘਰ ਟੀ ਵੀ ਦੇਖ ਰਹੇ ਸਨ ਤਾਂ ਅਚਾਨਕ ਉਸ ਸਮੇਂ ਉਨ੍ਹਾਂ ਨੂੰ ਸਦਮਾ ਲੱਗਾ ਜਦੋਂ ਅਦਾਕਾਰਾ ਰਾਖੀ ਸਾਵੰਤ ਭਗਵਾਨ ਵਾਲਮੀਕਿ ਦੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰ ਦਿੱਤੀ। ਫਿਰ ਰਾਖੀ ਨੇ ਸੋਸ਼ਲ ਮੀਡੀਆ ਉੱਤੇ ਵੀ ਭਗਵਾਨ ਵਾਲਮੀਕਿ ਬਾਰੇ ਟਿੱਪਣੀ ਕਰਦੀ ਹੋਈ ਵੀਡੀਓ ਅਪਲੋਡ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਤੋਂ ਰਾਖੀ ਸਾਵੰਤ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਉਨ੍ਹਾਂ ਅਦਾਲਤ ਵਿੱਚ ਆਪਣੀ ਤੇ ਦੋ ਗਵਾਹਾਂ ਦੀ ਗਵਾਹੀ ਦਰਜ ਕਰਵਾਈ ਸੀ, ਜਿਸ ਤੋਂ ਪਿੱਛੋਂ ਅਦਾਲਤ ਨੇ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਰਾਖੀ ਨੂੰ ਅਦਾਲਤ ਵਿਚ ਤਲਬ ਕੀਤਾ ਸੀ, ਪਰ ਉਹ ਪੇਸ਼ ਨਹੀਂ ਸੀ ਹੋਈ।
ਜੁਡੀਸ਼ਲ ਜੱਜ ਸੁਮਿਤ ਸਭਰਵਾਲ ਦੀ ਅਦਾਲਤ ਨੇ ਰਾਖੀ ਸਾਵੰਤ ਦੇ ਮੁੜ 25 ਅਕਤੂਬਰ ਲਈ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਇਸ ਤਰੀਕ ਉੱਤੇ ਜਾਰੀ ਵਰੰਟ ਤਾਮੀਲ ਨਹੀਂ ਹੋ ਸਕੇ। ਕੇਸ ਦੀ ਅਗਲੀ ਸੁਣਵਾਈ ਹੁਣ 10 ਅਪ੍ਰੈਲ ਨੂੰ ਹੈ ਅਤੇ ਇਸ ਵਾਰੀ ਫਿਰ ਪੁਲਸ ਖਾਲੀ ਹੱਥ ਪਰਤ ਆਈ ਹੈ। ਥਾਣਾ ਸਲੇਮ ਟਾਬਰੀ ਦੇ ਐੱਸ ਐੱਚ ਓ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਅਦਾਲਤੀ ਹੁਕਮ ਉੱਤੇ ਮਹਿਲਾ ਹੌਲਦਾਰ ਦੇ ਨਾਲ ਪੁਲਿਸ ਦੀ ਟੀਮ ਨੂੰ ਮੁੰਬਈ ਭੇਜਿਆ ਸੀ, ਪ੍ਰੰਤੂ ਉਨ੍ਹਾਂ ਕੋਲ ਅਦਾਕਾਰਾ ਰਾਖੀ ਸਾਵੰਤ ਦਾ ਜੋ ਪਤਾ ਹੈ, ਉਹ ਗਲਤ ਦੱਸਿਆ ਗਿਆ। ਇਸ ਲਈ ਪੁਲਸ ਦੀ ਇਹ ਟੀਮ ਖਾਲੀ ਹੱਥ ਪਰਤ ਆਈ ਹੈ।