ਰਾਈਟ੍ਰਜ਼ ਫੋਰਮ ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਇੱਕਤਰਤਾ

ਬੀਤੇ ਸ਼ਨਿਚਰਵਾਰ ਕੋਸੋ ਦੇ ਹਾਲ ਵਿਚ ਸ਼ਮਸ਼ੇਰ ਸਿੰਘ ਸੰਧੂ ਅਤੇ ਬੀਬੀ ਸੁਰਿੰਦਰ ਗੀਤ ਦੀ ਪ੍ਰਧਾਨਗੀ ਵਿਚ ਹੋਈ। ਸਕੱਤਰ ਜਸਵੀਰ ਸਿੰਘ ਸਿਹੋਤਾ ਨੇ ਹਾਜ਼ਰ ਸਰੋਤਿਆ ਨੂੰ ਤਹਿ ਦਿਲੋਂ ਜੀਓ ਆਇਆਂ ਆਖਦਿਆਂ ਸਵਾਗਤ ਕੀਤਾ। ਵਿਸਾਖੀ ਦੀਆਂ ਕੈਲ਼ਗਰੀ ਦੇ ਸਮੂਹ ਨਿਵਾਸੀਆਂ ਨੂੰ ਮੁਬਾਰਕਾਂ ਦਿੰਦਿਆਂ ਸੰਖੇਪ ਵਿਚ ਇਤਹਾਸ ਬਾਰੇ ਬੋਲਦਿਆਂ ਕਿਹਾ ਕਿ ਪੰਜ ਪਿਆਰਿਆਂ ਦੇ ਪ੍ਰਵਾਰ ਗੁਰੂ ਘਰ ਦੀ ਸੇਵਾ ਵਿਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਜੁੜੇ ਹੋਏ ਸਨ। ਭਾਈ ਦਇਆ ਸਿੰਘ ਜੀ ਜੋ ਕਿ ਲਹੋਰ ਦੇ ਨਿਵਾਸੀ ਸਨ, ਭਾਈ ਧਰਮ ਸਿੰਘ ਜੀ ਜੋ ਦਿੱਲੀ ਦੇ ਰਹਿਣ ਵਾਲ਼ੇ ਸਨ ਭਾਈ ਹਿੰਮਤ ਸਿੰਘ ਜੀ ਜਗਨ ਨਾਥ ਪੁਰੀ ਦੇ ,ਭਾਈ ਮੋਹਕਮ ਸਿੰਘ ਜੀ ਦਵਾਰਕਾ ਪੁਰੀ ਦੇ, ਭਾਈ ਸਾਹਿਬ ਸਿੰਘ ਜੀ ਬਿਦਰ ਦੇ ਰਹਿਣ ਵਾਲ਼ੇ ਸਨ। ਸਮੂਹ ਸ਼ਹੀਦਾਂ,ਪੰਜ ਪਿਆਰਿਆਂ, ਚਾਲ਼ੀ ਮੁਕਤਿਆਂ ਨੇ ਸਿੱਖ ਇਤਹਾਸ ਵਿਚ ਤਨ ਮਨ ਨਾਲ ਜੋ ਵੱਡਮੁੱਲੀ ਭੂਮਿਕਾ ਨਿਭਾਈ, ਉਸ ਨੂੰ ਪ੍ਰਨਾਮ। ਜਸਵੀਰ ਸਿੰਘ ਨੇ ਸੁੱਖਵਿੰਦਰ ਸਿੰਘ ਢਿੱਲੋਂ ਦੇ ਮਾਤਾ ਜੀ ਭਗਵਾਨ ਕੌਰ ਢਿੱਲੋਂ ਦੇ ਅਕਾਲ ਚਲਾਣੇ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਜੋ ਪਿੱਛੈ ਇਕ ਵੱਡਾ ਪ੍ਰਵਾਰ ਛੱਡ ਗਏ ਹਨ, ਉਨ੍ਹਾ ਦੀ ਰੂਹ ਦੀ ਸ਼ਾਂਤੀ ਲਈ ਇਕ ਮਿੰਟ ਦਾ ਮੋਨ ਰੱਖਿਆ।
ਰਚਨਾਵਾਂ ਦੇ ਦੌਰ ਦਾ ਅਰੰਭ ਰਾਮ ਸਰੂਪ ਸੈਣੀ ਹੋਰਾਂ ਤਰੱਨਮ ਵਿਚ ਕੀ- ਬੋਰਡ ਨਾਲ ਦੋ ਗੀਤਾਂ ਨਾਲ ਕੀਤਾ, “ਟੂਟੇ ਹੁਏ ਖਾਬੋਂ ਨੇ ਹਮ ਕੋ ਸਿਖਾਇਆਂ ਹੈ,ਦਿਲ ਨੇ ਜਿਸੇ ਪਾਇਆ ਥਾ ਆਖੋਂ ਨੇ ਗਵਾਇਆ ਹੈ”। ਅਹਿਮਦ ਸ਼ਕੀਲ ਚੁਗਤਾਈ ਹੋਰਾਂ ਹਾਸਰਸ ਕਵਿਤਾ ਸੁਣਾਈ ‘ਖਾਲੀ ਹਾਂਡੀ ਮੂਧੈ ਛੱਨੇ ਕੀ ਕਰਾਂ,ਗੱਲ ਹੀ ਨਾ ਜੇ ਲੱਗੇ ਬੱਨ੍ਹੇਂ ਕੀ ਕਰਾਂ। ਰਣਜੀਤ ਸਿੰਘ ਮਨਿਹਾਸ ਜੋ ਹੁਣ ਤੱਕ ਧਾਰਮਿਕ ਰਚਨਾਵਾਂ ਦੀਆਂ ਚਾਰ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲ਼ੀ ਪਾ ਚੁੱਕੇ ਹਨ 1 ਹਰਕਾਰ ਗੁਰੂ ਗੋਬਿੰਦ ਸਿੰਘ, 2 ਸਾਖੀਆਂ ਗੁਰੂ ਘਰ ਦੀਆਂ, 3 ਸ਼ਹੀਦ ਮਾਲ਼ਾ, ਅਤੇ ੪ ਜੋ ਤੇਰੇ ਰੰਗ ਰੱਤੇ। ਉਹਨਾਂ ਨੇ ਅੱਜ ਦੀ ਸਭਾ ਵਿਚ ਵਿਅੰਗਆਤਮਕ ਰਚਨਾ ਪੇਸ਼ ਕੀਤੀ ; ਚੋਰਾਂ ਦਾ ਰੋਸ ‘ਬੁਧੂ ਸੀ ਅਸੀ ਬੁੱਧੂ ਰਹਿ ਗਏ ਅਤੇ ਲੁਟੇਰੇ ਡਾਕੂ ਚੋਰ, ਨਾਮ ਬਦਲ ਕੇ ਰੱਖ ਲਏ ਬਾਬੇ ਨੇਤਾ ਕਈ ਹੋਰ’।
ਜੋਗਾ ਸਿੰਘ ਸਹੋਤਾ ਹੋਰਾਂ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਦੀ ਲਿਖੀ ਗਜ਼ਲ ਤਰੱਨਮ ਵਿਚ ਸੁਣਾਕੇ ਵਾਹ ਵਾਹ ਖੱਟੀ– ਫਿਰ ਯਾਰ ਓਹਲੇ ਹੋ ਗਿਆ ਮੁੱਖੜਾ ਵਿਖਾਲਕੇ, ਕੀਕਣ ਰੱਖਾਂ ਮੈਂ ਰੋਜ਼ ਹੀ ਰੀਝਾਂ ਸੰਭਾਲ ਕੇ। ਬੀਬੀ ਸੁਰਿੰਦਰ ਗੀਤ ਜੋ ਪਿੱਛਲੇ ਦਿਨੀ ਚੰਡੀਗੜ ਵਿਚ ਅਮ੍ਰਿਤਾ ਪ੍ਰੀਤਮ ਅਵਾਰਡ ਨਾਲ ਸਨਮਾਨੇ ਗਏ, ਨੇ ਆਪਣੀ ਇਕ ਗਜ਼ਲ ਸਰੋਤਿਆਂ ਨਾਲ ਸਾਂਝੀ ਕੀਤੀ ‘ਨੀ ਜਿੰਦੇ,ਤੂੰ ਇੰਝ ਕਰੀਂ ਨਾ। ਤੂੰ ਮਰ ਜਾਵੀਂ , ਆਪਣਾ ਸਪਨਾ ਮਰਨ ਦੇਈ ਨਾ। ਹੋ ਸਕਦੈ, ਤੇਰਾ ਇਹ ਸੁਪਨਾ ਕਿਸੇ ਦੇ ਨੈਣੀ ਵਸਕੇ ਸੱਚ ਹੋ ਜਾਵੇ’।
ਗੁਰਚਰਨ ਸਿੰਘ ਹੇਅਰ ਹੋਰਾਂ ਦੋ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ “ਨਦੀਆਂ ਦੇ ਖੰਭ ਜੇ ਹੁੰਦੇ, ਉੱਡ ਜਾਂਦੀਆਂ ਅੰਬਰਾਂ ਨੂੰ।ਵਿਗੋਚਾ ਦੇ ਜਾਂਦੀਆ ਵਸਦੇ ਸਮੂੰਦਰਾਂ ਨੂੰ।
ਜਸਵੀਰ ਸਿੰਘ ਨੇ ਕਵਿਤਾ ਸੁਣਾਈ ਕਿ ਠੱਗੀ ਬੇਈਮਾਨੀ ਚਤਰਾਈ ਕਰਨ ਵਾਲੇ ਆਪਣੇ ਆਪ ਨੂੰ ਕਦੀ ਠੱਗ ਬੇਈਮਾਨ ਨਹੀਂ ਕਹਿਣਗੇ।
ਠੱਗੀ ਜੇ ਤੁਸੀ ਕਿਸੇ ਨਾਲ ਕੀਤੀ ਨਹੀ ਠੱਗੀ ਤੁਹਾਡੇ ਨਾਲ ਕਿਸੇ ਨੇ ਲਾਈ ਹੋਉ
ਜਿਸ ਨੇ ਠੱਗਾਂ ਤੋਂ ਛਿੱਲ ਲੁਹਾਈ ਹੋਉ, ਉਸ ਨੇ ਤਾਂ ਹਾਲ ਦੁਹਾਈ ਪਾਈ ਹੋਉ
ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਹੋਰਾਂ ‘ਜਿੰਦਗੀ ਦੇ ਗੀਤ ਗਾ ਤੂੰ’ ਵਿਚੋਂ ਇਕ ਗ਼ਜ਼ਲ ਵਿਸਾਖੀ ਦਿਵਸ ਦੇ ਸਬੰਧ ਵਿਚ ਸੁਣਾਈ,
“ਗੁਰਬਲੀ ਗੋਬਿੰਦ ਸਾਥੋਂ , ਤੇ ਭੂਲਾਇਆਂ ਨਾ ਗਿਆ।
ਸੱਚ ਤੇ ਪ੍ਰਵਾਰ ਵਾਰੇ ਪਰ ਮਿਟਾਇਆ ਨਾ ਗਿਆ
ਮਿਹਰ ਕਰਕੇ ਤਾਰ ਦਿੱਤੀ, ਹਿੰਦ ਸਾਰੀ ਸਤਿਗੁਰਾਂ।
ਕਰ ਸ਼ੁਕਰ ਤੇ ਸੀਸ ਸਜਦੇ, ਚੋਂ ਉਠਾਇਆ ਨਾ ਗਿਆ’
ਅੰਤ ਵਿਚ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਆਏ ਸਰੋਤਿਆ ਦਾ ਧੰਨਬਾਦ ਕੀਤਾ। ਅਗਲੇ ਮਈ ਮਹੀਨੇ ਹੋਣ ਜਾ ਰਹੀ ਮੀਟਿੰਗ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ ਨਾਲ 403 285 5609 ਜਾਂ ਸਕੱਤਰ ਜਸਬੀਰ ਸਿੰਘ ਸੀਹੋਤਾ ਨਾਲ 403 861 8281`ਤੇ ਸੰਪਰਕ ਕੀਤਾ ਜਾ ਸਕਦਾ ਹੈ।