ਯੰਗ ਸਟਰੀਟ ਉੱਤੇ ਬਣਿਆ ਸਿੰਕਹੋਲ

ਟੋਰਾਂਟੋ, 11 ਜਨਵਰੀ (ਪੋਸਟ ਬਿਊਰੋ): ਬੁੱਧਵਾਰ ਨੂੰ ਯੌਰਕ ਮਿਲਜ਼ ਰੋਡ ਦੇ ਉੱਤਰ ਵੱਲ ਯੰਗ ਸਟਰੀਟ ਉੱਤੇ ਇੱਕ ਵੱਡੇ ਸਿੰਕਹੋਲ ਕਾਰਨ ਦੋ ਟਰੈਫਿਕ ਲੇਨਜ਼ ਬੰਦ ਕਰਨੀਆਂ ਪਈਆਂ।
ਇਸ ਵੱਡੇ ਸਿੰਕਹੋਲ ਨੂੰ ਠੀਕ ਕਰਨ ਦਾ ਕੋਈ ਉਪਰਾਲਾ ਕਰਨ ਲਈ ਸਿਟੀ ਦੇ ਕਰਮਚਾਰੀ ਮੌਕੇ ਉੱਤੇ ਪਹੁੰਚੇ। ਬੁੱਧਵਾਰ ਸਵੇਰੇ ਇਹ ਸਿੰਕਹੋਲ ਵਿਲੀਅਮ ਕਾਰਸਨ ਕਰੇਸੈਂਟ ਉੱਤੇ ਹਾਈਵੇਅ 401 ਦੇ ਦੱਖਣ ਵੱਲ ਬਣ ਗਿਆ ਤੇ ਇਹ ਐਨਾ ਵੱਡਾ ਸੀ ਕਿ ਇਸ ਵਿੱਚ ਕਾਰ ਵੀ ਸਮਾ ਸਕਦੀ ਹੈ। ਭਾਵੇਂ ਸਿੰਕਹੋਲ ਦੇ ਕਾਰਨਾ ਦਾ ਪਤਾ ਨਹੀਂ ਲੱਗ ਸਕਿਆ, ਸਿਟੀ ਕਰਮਚਾਰੀਆਂ ਦੇ ਅੰਦਾਜੇ਼ ਮੁਤਾਬਕ ਪਿੱਛੇ ਜਿਹੇ ਭਾਰੀ ਠੰਢ ਕਾਰਨ ਪਾਣੀ ਦੀ ਮੇਨ ਲਾਈਨ ਟੁੱਟ ਜਾਣ ਕਾਰਨ ਇਹ ਹੋਇਆ ਹੋ ਸਕਦਾ ਹੈ।
ਤਾਪਮਾਨ ਵਿੱਚ ਤਬਦੀਲੀ ਆਉਣ ਨਾਲ ਇਹ ਹੋ ਸਕਦਾ ਹੈ ਕਿ ਲੀਕੇਜ ਦਾ ਜੰਮਿਆ ਹੋਇਆ ਪਾਣੀ ਪਿਘਲ ਗਿਆ ਹੋਵੇ ਤੇ ਉੱਥੇ ਪਾਣੀ ਜਮ੍ਹਾਂ ਹੋ ਗਿਆ ਹੋਵੇ ਤੇ ਇਸੇ ਲਈ ਇਹ ਸਿੰਕ ਹੋਲ ਬਣਿਆ।