ਯੌਰਕ ਯੂਨੀਵਰਸਿਟੀ ਵੱਲੋਂ ਵਿਚੋਲਗੀ ਦੀ ਕੀਤੀ ਪੇਸ਼ਕਸ਼ ਕਾਮਿਆਂ ਨੇ ਠੁਕਰਾਈ

ਓਨਟਾਰੀਓ, 13 ਅਪਰੈਲ (ਪੋਸਟ ਬਿਊਰੋ) : ਹੜਤਾਲ ਉੱਤੇ ਗਏ ਅਕਾਦਮਿਕ ਵਰਕਰਜ਼ ਦਾ ਕਹਿਣਾ ਹੈ ਕਿ ਉਹ ਜਲਦ ਹੀ ਕਿਸੇ ਡੀਲ ਉੱਤੇ ਪਹੁੰਚਣਾ ਚਾਹੁੰਦੇ ਹਨ ਪਰ ਉਨ੍ਹਾਂ ਵਿਚੋਲਗੀ ਸਬੰਧੀ ਯੌਰਕ ਯੂਨੀਵਰਸਿਟੀ ਦੀ ਗੁਜ਼ਾਰਿਸ਼ ਠੁਕਰਾ ਦਿੱਤੀ। ਵਰਕਰਜ਼ ਨੇ ਇਹ ਵੀ ਆਖਿਆ ਕਿ ਇਸ ਨੂੰ ਤਾਂ ਉਹ ਆਖਰੀ ਹੱਲ ਵਜੋਂ ਵਰਤਣਗੇ।
ਪਰ ਯੌਰਕ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਹੁਣ ਹੱਲ ਦੇ ਨਾਂ ਉੱਤੇ ਇਹੋ ਆਖਰੀ ਰਾਹ ਹੈ। ਇੱਥੇ ਦੱਸਣਾ ਬਣਦਾ ਹੈ ਕਿ ਹੜਤਾਲ ਛੇਵੇਂ ਹਫਤੇ ਵਿੱਚ ਪਹੁੰਚ ਚੁੱਕੀ ਹੈ ਤੇ ਸਕੂਲ ਯੀਅਰ ਮੁੱਕਣ ਵਾਲਾ ਹੈ। ਪੋਸਟ ਸੈਕੰਡਰੀ ਮੰਤਰੀ ਮਿਤਜ਼ੀ ਹੰਟਰ ਵੱਲੋਂ ਯੌਰਕ ਤੇ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ ਦੀ ਲੋਕਲ 3903 ਨੂੰ ਗੱਲਬਾਤ ਮੁੜ ਸ਼ੁਰੂ ਕਰਨ ਤੇ ਕਿਸੇ ਨਾ ਕਿਸੇ ਸਿੱਟੇ ਉੱਤੇ ਜਲਦ ਤੋਂ ਜਲਦ ਪਹੁੰਚਣ ਲਈ ਆਖਿਆ ਜਾ ਰਿਹਾ ਹੈ।
ਉਨ੍ਹਾਂ ਆਖਿਆ ਕਿ ਇਹ ਸਥਿਤੀ ਕਾਫੀ ਚਿੰਤਾਜਨਕ ਹੈ। ਉਨ੍ਹਾਂ ਵਿਧਾਨ ਸਭਾ ਵਿੱਚ ਆਖਿਆ ਕਿ ਸਾਡੀ ਮੁੱਖ ਤਰਜੀਹ ਕਿਸੇ ਨਾ ਕਿਸੇ ਸਮਝੌਤੇ ਉੱਤੇ ਪਹੁੰਚਣਾ ਹੈ ਤੇ ਅਸੀਂ ਵਿਦਿਆਰਥੀਆਂ ਦੀ ਸਿੱਖਿਆ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਾਂ। ਇਸ ਸਮੇਂ 3000 ਟੀਚਿੰਗ ਅਸਿਸਟੈਂਟ, ਗ੍ਰੈਜੂਏਟ ਅਸਿਸਟੈਂਟ ਤੇ ਕਾਂਟਰੈਕਟ ਫੈਕਲਟੀ ਹੜਤਾਲ ਉੱਤੇ ਹੈ। ਇਨ੍ਹਾਂ ਸਾਰਿਆਂ ਦੀ ਮੰਗ ਹੈ ਕਿ ਉਨ੍ਹਾਂ ਲਈ ਜੌਬ ਸਕਿਊਰਿਟੀ, ਤਨਖਾਹ ਤੇ ਹੋਰ ਬੈਨੇਫਿਟਸ ਸੋਧ ਕੇ ਦਿੱਤੇ ਜਾਣ।