ਯੋਗੀ ਰਾਜ ਵਿੱਚ ਭਾਜਪਾ ਨੇਤਾ ਦਾ ਚਲਾਣ ਕਰਨ ਵਾਲੀ ਈਮਾਨਦਾਰ ਪੁਲਸ ਅਫਸਰ ਦਾ ਤਬਾਦਲਾ

shreshtha thakur transferred
ਨਵੀਂ ਦਿੱਲੀ, 2 ਜੁਲਾਈ (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਵਿੱਚ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਦੇ ਇੱਕ ਨੇਤਾ ਨੂੰ ਸਬਕ ਸਿਖਾਉਣ ਵਾਲੀ ਇੱਕ ਈਮਾਨਦਾਰ ਮਹਿਲਾ ਪੁਲਸ ਅਧਿਕਾਰੀ ਸ਼੍ਰੇਸ਼ਠਾ ਠਾਕੁਰ ਦਾ ਬੁਲੰਦ ਸ਼ਹਿਰ ਤੋਂ ਇਸ ਸ਼ਨੀਵਾਰ ਨੂੰ ਬਹਿਰਾਈਚ ਵੱਲ ਤਬਾਦਲਾ ਕਰ ਦਿੱਤਾ ਗਿਆ ਹੈ। ਸ਼੍ਰੇਸ਼ਠਾ ਠਾਕੁਰ ਨੇ ਇਕ ਹਫਤੇ ਪਹਿਲਾਂ ਇੱਕ ਸਥਾਨਕ ਭਾਜਪਾ ਨੇਤਾ ਸਮੇਤ 5 ਨੇਤਾਵਾਂ ਨੂੰ ਪੁਲਸ ਕਾਰਵਾਈ ਵਿੱਚ ਦਖਲ ਦੇਣ ਅਤੇ ਇੱਕ ਪੁਲਸ ਅਧਿਕਾਰੀ ਨਾਲ ਬਦਤਮੀਜ਼ੀ ਕਰਨ ਦੇ ਦੋਸ਼ ਵਿੱਚ ਜੇਲ ਭੇਜ ਦਿੱਤਾ ਸੀ।
ਵਰਨਣ ਯੋਗ ਹੈ ਕਿ ਪਿਛਲੇ ਹਫਤੇ ਭਾਜਪਾ ਦੀ ਜ਼ਿਲਾ ਪੰਚਾਇਤ ਮੈਂਬਰ ਦੇ ਪਤੀ ਪ੍ਰਮੋਦ ਲੋਧੀ ਦਾ ਟਰੈਫਿਕ ਰੂਲ ਤੋੜਨ ਉੱਤੇ ਚਾਲਾਨ ਕੀਤਾ ਗਿਆ ਸੀ। ਚਲਾਨ ਕੱਟਣ ਤੋਂ ਨਾਰਾਜ਼ ਪ੍ਰਮੋਦ ਲੋਧੀ ਓਥੇ ਪੁਲਸ ਨਾਲ ਉਲਝ ਗਏ ਅਤੇ ਨੌਬਤ ਹੱਥੋਪਾਈ ਤੱਕ ਆ ਪੁੱਜੀ। ਇਸ ਤੋਂ ਬਾਅਦ ਪੁਲਸ ਨੇ ਉਸ ਦੀ ਬਾਈਕ ਸੀਜ਼ ਕਰ ਲਈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਸੀ। ਇਸ ਘਟਨਾ ਦੇ ਬਾਅਦ ਸਥਾਨਕ ਨੇਤਾ ਇਸ ਨੂੰ ਆਪਣੇ ਸਨਮਾਨ ਦਾ ਸਵਾਲ ਬਣਾ ਲਿਆ ਅਤੇ ਸ਼੍ਰੇਸ਼ਠਾ ਠਾਕੁਰ ਦੇ ਖਿਲਾਫ ਕਾਰਵਾਈ ਦੀ ਮੰਗ ਉੱਤੇ ਜ਼ੋਰ ਪਾਇਆ। ਇਸ ਦੌਰਾਨ ਬੁਲੰਦ ਸ਼ਹਿਰ ਤੋਂ ਭਾਜਪਾ ਪ੍ਰਧਾਨ ਮੁਕੇਸ਼ ਭਾਰਦਵਾਜ ਦਾ ਕਹਿਣਾ ਹੈ ਕਿ ਸ਼੍ਰੇਸ਼ਠਾ ਠਾਕੁਰ ਉੱਤੇ ਮੁੱਖ ਮੰਤਰੀ ਯੋਗ ਆਦਿੱਤਿਯਨਾਥ ਤੇ ਹੋਰ ਪਾਰਟੀ ਨੇਤਾਵਾਂ ਦੇ ਖਿਲਾਫ ਗਲਤ ਭਾਸ਼ਾ ਦੀ ਵਰਤੋਂ ਕਰਨ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਭਾਜਪਾ ਵਰਕਰਾਂ ਨੇ ਪੁਲਸ ਉੱਤੇ ਦੋਸ਼ ਲਾਇਆ ਸੀ ਕਿ ਪੁਲਸ ਅਧਿਕਾਰੀ ਟਰੈਫਿਕ ਨਿਯਮਾਂ ਦੇ ਨਾਂ ਉੱਤੇ ਰਿਸ਼ਵਤ ਲੈਂਦੇ ਹਨ। ਵਰਕਰਾਂ ਦੇ ਇਨ੍ਹਾਂ ਦੋਸ਼ਾਂ ਨੂੰ ਪੁਲਸ ਸਰਕਲ ਅਫਸਰ ਸ਼੍ਰੇਸ਼ਠਾ ਠਾਕੁਰ ਨੇ ਸਿਰੇ ਤੋਂ ਰੱਦ ਕਰ ਦਿੱਤਾ ਸੀ।