ਯੋਗੀ ਆਦਿਤਿਆਨਾਥ ਦੇ ਪ੍ਰਿੰਸੀਪਲ ਸੈਕਟਰੀ ਉੱਤੇ 25 ਲੱਖ ਰਿਸ਼ਵਤ ਮੰਗਣ ਦਾ ਦੋਸ਼


ਲਖਨਊ, 9 ਜੂਨ (ਪੋਸਟ ਬਿਊਰੋ)- ਉਤਰ ਪ੍ਰਦੇਸ਼ ਦੇ ਚੋਟੀ ਦੇ ਅਧਿਕਾਰੀਆਂ ‘ਚ ਸ਼ਾਮਲ ਸ਼ਸ਼ੀ ਪ੍ਰਕਾਸ਼ ਗੋਇਲ ‘ਤੇ 25 ਲੱਖ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਲੱਗਾ ਹੈ। ਇਹ ਦੋਸ਼ ਇਕ ਆਮ ਵਿਅਕਤੀ ਨੇ ਲਾਇਆ ਹੈ, ਪਰ ਇਸ ‘ਤੇ ਮੋਹਰ ਉਤਰ ਪ੍ਰਦੇਸ਼ ਦੇ ਗਵਰਨਰ ਰਾਮਨਾਇਕ ਨੇ ਲਾਈ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਚਿੱਠੀ ਲਿਖ ਕੇ ਪੂਰੇ ਕੇਸ ਦੀ ਜਾਂਚ ਕਰਵਾਉਣ ਦੀ ਸਿਫਾਰਸ਼ ਕੀਤੀ ਹੈ। ਇਸ ਦੇ ਬਾਅਦ ਮੁੱਖ ਮੰਤਰੀ ਨੇ ਮਾਮਲੇ ਦੀ ਜਾਂਚ ਮੁੱਖ ਸਕੱਤਰ ਰਾਜੀਵ ਕੁਮਾਰ ਨੂੰ ਸੌਂਪ ਦਿੱਤੀ ਹੈ।
ਦੂਸਰੇ ਪਾਸੇ ਦੋਸ਼ ਲਾਉਣ ਵਾਲੇ ਨੌਜਵਾਨ ਉੱਤੇ ਭਾਜਪਾ ਵੱਲੋਂ ਮੁਕੱਦਮਾ ਦਰਜ ਕਰਵਾਇਆ ਗਿਆ ਹੈ, ਜਿਸ ਦੇ ਮਗਰੋਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਨੌਜਵਾਨ ਦੇ ਮਾਪਿਆਂ ਦਾ ਦੋਸ਼ ਹੈ ਕਿ ਉਸ ਦਾ ਦੋਸ਼ ਸਹੀ ਹੈ ਅਤੇ ਅਭਿਸ਼ੇਕ ਦੀ ਜਾਨ ਨੂੰ ਖਤਰਾ ਹੈ। ਮੁੱਖ ਸਕੱਤਰ ਦੀ ਰਿਪੋਰਟ ਇਹ ਤੈਅ ਕਰੇਗੀ ਕਿ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ‘ਤੇ ਰਿਸ਼ਵਤ ਮੰਗਣ ਦਾ ਦੋਸ਼ ਸੱਚਾ ਜਾਂ ਗਵਰਨਰ ਦੀ ਚਿੱਠੀ ਝੂਠੀ ਹੈ। ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਮੁੱਖ ਸਕੱਤਰ ਰਾਜੀਵ ਕੁਮਾਰ ਨੂੰ ਅਭਿਸ਼ੇਕ ਗੁਪਤਾ ਦੇ ਗ੍ਰਹਿ ਜ਼ਿਲੇ ਹਰਦੋਈ ‘ਚ ਇਕ ਪੈਟਰੋਲ ਪੰਪ ਖੋਲ੍ਹਣ ਸਬੰਧੀ ਕਾਂਡ ਦੀ ਤੱਥਾਂ ਸਮੇਤ ਹਾਲਾਤ ਤੋਂ ਜਾਣੂ ਕਰਵਾਉਣ ਦੇ ਹੁਕਮ ਦਿੱਤੇ ਹਨ। ਇਸੇ ਦੌਰਾਨ ਗਵਰਨਰ ਰਾਮਨਾਇਕ ਨੇ ਵੀ ਯੋਗੀ ਨੂੰ ਚਿੱਠੀ ਭੇਜ ਕੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਢੁਕਵੀਂ ਕਾਰਵਾਈ ਕੀਤੀ ਜਾਵੇ।