ਯੂ ਪੀ ਵਿੱਚ ਹੱਜ ਹਾਊਸ ਦਾ ਰੰਗ ਵੀ ‘ਭਗਵਾਂ’ ਕਰ ਦਿਤਾ ਗਿਆ


ਨਵੀਂ ਦਿੱਲੀ, 6 ਜਨਵਰੀ (ਪੋਸਟ ਬਿਊਰੋ)- ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਫਤਰ ਅਨੈਕਸੀ ਉਤੇ ਭਗਵਾਂ ਰੰਗ ਕਰਨ ਤੋਂ ਬਾਅਦ ਯੋਗੀ ਆਦਿਤਿਆਨਾਥ ਦੇ ਰਾਜ ਵਿੱਚ ਮੁਸਲਮਾਨਾਂ ਦੇ ਹੱਜ ਦਫਤਰ ਦਾ ਰੰਗ ਵੀ ਭਗਵਾਂ ਹੋ ਗਿਆ ਹੈ। ਲਖਨਊ ਵਿੱਚ ਯੂ ਪੀ ਹੱਜ ਸਮਿਤੀ ਦੀਆਂ ਦੀਵਾਰਾਂ ਕੱਲ੍ਹ ਭਗਵੇਂ ਰੰਗ ਵਿੱਚ ਰੰਗੀਆਂ ਗਈਆਂ।
ਮਿਲੀ ਜਾਣਕਾਰੀ ਮੁਤਾਬਕ ਘੱਟ ਗਿਣਤੀ ਕਲਿਆਣ ਬੋਰਡ ਵੱਲੋਂ ਹੱਜ ਹਾਊਸ ਵਿੱਚ ਭਗਵਾਂ ਪੇਂਟ ਕਰਾਇਆ ਗਿਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੀਵਾਰਾਂ ‘ਤੇ ਸਫੈਦ ਅਤੇ ਹਰਾ ਰੰਗ ਸੀ। ਯੂ ਪੀ ਹੱਜ ਹਾਊਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਕਈ ਉਲੇਮਾ ਅਤੇ ਵਿਰੋਧੀ ਪਾਰਟੀਆਂ ਨੇ ਰਾਜ ਸਰਕਾਰ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ। ਉਂਜ ਇਹ ਪਹਿਲਾ ਮਾਮਲਾ ਨਹੀਂ, ਜਦੋਂ ਉਤਰ ਪ੍ਰਦੇਸ਼ ਸਰਕਾਰ ਨੇ ਕਿਸੇ ਸਰਕਾਰੀ ਮਹਿਕਮੇ ਦਾ ਭਗਵਾਂਕਰਨ ਕੀਤਾ ਹੋਵੇ। ਯੂ ਪੀ ਵਿੱਚ ਯੋਗੀ ਸਰਕਾਰ ਬਣਨ ਤੋਂ ਬਾਅਦ ਗੱਡੀਆਂ ਵਿੱਚ ਸੀਟਾਂ ‘ਤੇ ਭਗਵੇ ਰੰਗ ਦੇ ਤੌਲੀਏ, ਸਟੇਜ ‘ਤੇ ਭਗਵਾਂ ਰੰਗ, ਮੁੱਖ ਮੰਤਰੀ ਅਤੇ ਮੰਤਰੀਆਂ ਦੇ ਕਮਰਿਆਂ ਵਿੱਚ ਭਗਵੇ ਰੰਗ ਦੇ ਪਰਦੇ ਅਤੇ ਇਥੋਂ ਤੱਕ ਕਿ ਸਰਕਾਰੀ ਬੱਸ ਵੀ ਭਗਵੇਂ ਰੰਗ ਵਿੱਚ ਰੰਗੀ ਗਈ ਹੈ।
ਕੱਲ੍ਹ ਜਦੋਂ ਯੂ ਪੀ ਦੇ ਘੱਟ ਗਿਣਤੀਆਂ ਬਾਰੇ ਮਾਮਲਿਆਂ ਦੇ ਮੰਤਰੀ ਮੋਹਸਿਨ ਰਜ਼ਾ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ‘ਤੇ ਕਿਸੇ ਤਰ੍ਹਾਂ ਦਾ ਵਿਵਾਦ ਖੜਾ ਕਰਨ ਦੀਆਂ ਗੱਲਾਂ ਨੂੰ ਰੱਦ ਕੀਤਾ। ਮੰਤਰੀ ਨੇ ਕਿਹਾ ਕਿ ਇਹ ਭਗਵਾਂ ਰੰਗ ਊਰਜਾ ਦਾ ਪ੍ਰਤੀਕ ਹੈ। ਮੋਹਸਿਨ ਰਾਜਾ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਵਾਦ ਦਾ ਸਵਾਲ ਹੀ ਨਹੀਂ ਉਠਦਾ, ਬਿਲਡਿੰਗ ਖੂਬਸੂਰਤ ਦਿਖ ਰਹੀ ਹੈ। ਵਿਰੋਧੀ ਦਲਾਂ ਕੋਲ ਸਾਡੇ ਖਿਲਾਫ ਕੋਈ ਮੁੱਦਾ ਨਹੀਂ ਹੈ, ਉਹ ਬੇਵਜ੍ਹਾ ਦੇ ਮੁੱਦਿਆਂ ਨੂੰ ਉਠਾਉਂਦੇ ਰਹਿੰਦੇ ਹਨ।