ਯੂ ਪੀ ਵਿੱਚ ਜਾਨਲੇਵਾ ਪ੍ਰਦੂਸ਼ਣ, ਵਾਰਾਣਸੀ ਸਣੇ ਪੰਜ ਸ਼ਹਿਰ ਸਿਖਰ ਦੇ ਪ੍ਰਦੂਸ਼ਣ ਵਾਲੇ


ਲਖਨਊ, 29 ਦਸੰਬਰ (ਪੋਸਟ ਬਿਊਰੋ)- ਉਤਰ ਪ੍ਰਦੇਸ਼ ਵਿੱਚ ਜਾਨਲੇਵਾ ਪ੍ਰਦੂਸ਼ਣ ਰੁਕ ਨਹੀਂ ਰਿਹਾ ਹੈ। ਸਰਕਾਰੀ ਦਾਅਵੇ ਅਤੇ ਕੋਸ਼ਿਸ਼ਾਂ ਦੇ ਵਿਚਾਲੇ ਸਥਿਤੀ ਇਹ ਹੈ ਕਿ ਕੱਲ੍ਹ ਦੇਸ਼ ਦੇ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰਾਂ ‘ਚ ਯੂ ਪੀ ਦੇ ਪੰਜ ਸ਼ਹਿਰ ਟਾੱਪ ‘ਤੇ ਹਨ। ਦੇਸ਼ ਦੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਨੈਸ਼ਨਲ ਏਅਰ ਕਵਾਲਿਟੀ ਇੰਡੈਕਸ (ਏ ਕਿਊ ਆਈ) ਵੱਲੋਂ ਰੋਜ਼ਾਨਾ ਜਾਰੀ ਅੰਕੜਿਆਂ ਵਿੱਚ ਕੱਲ੍ਹ ਰਾਜਧਾਨੀ ਲਖਨਊ, ਵਾਰਾਣਸੀ, ਗਾਜ਼ੀਆਬਾਦ, ਕਾਨਪੁਰ ਅਤੇ ਨੋਇਡਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹਨ।
ਮਿਲੀ ਜਾਣਕਾਰੀ ਅਨੁਸਾਰ ਸਥਿਤੀ ਇਹ ਹੈ ਕਿ 457 ਏ ਕਿਊ ਆਈ ਦੇ ਚੱਲਦੇ ਵਾਰਾਣਸੀ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ। ਗਾਜ਼ੀਆਬਾਦ 449 ਏ ਕਿਊ ਆਈ ਨਾਲ ਦੇਸ਼ ਦਾ ਦੂਸਰਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ। ਇਸ ਦੇ ਇਲਾਵਾ ਕਾਨਪੁਰ ਵਿੱਚ ਏ ਕਿਊ ਆਈ 432 ਆਇਆ ਹੈ, ਰਾਜਧਾਨੀ ਲਖਨਊ ਵਿੱਚ 428 ਏ ਕਿਊ ਆਈ ਦੇ ਚੱਲਦੇ ਇਹ ਦੇਸ਼ ਦਾ ਚੌਥਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ। ਇਸ ਦੇ ਇਲਾਵਾ ਐਨ ਸੀ ਆਰ ਖੇਤਰ ਵਿਚਲੇ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ 408 ਏ ਕਿਊ ਆਈ ਆਇਆ ਹੈ। ਹਵਾ ਪ੍ਰਦੂਸ਼ਣ ਵਿੱਚ ਸਭ ਤੋਂ ਖਤਰਨਾਕ ਪੱਧਰ 400 ਏ ਕਿਊ ਆਈ ਦੇ ਬਾਅਦ ਮੰਨਿਆ ਜਾਂਦਾ ਹੈ। ਅਜਿਹੀ ਗੱਲ ਵੀ ਨਹੀਂ ਹੈ ਕਿ ਇਸ ਖਤਰਨਾਕ ਸਥਿਤੀ ਤੋਂ ਸਾਰੇ ਅਣਜਾਣ ਹਨ। ਯੂ ਪੀ ਵਿਧਾਨ ਸਭਾ ਵਿੱਚ ਉਠੇ ਪ੍ਰਦੂਸ਼ਣ ਨੂੰ ਰੋਕਣ ਲਈ ਚੁੱਕੇ ਕਦਮਾਂ ਨਾਲ ਜੁੜੇ ਸਵਾਲ ‘ਤੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿੱਯਨਾਥ ਨੂੰ ਜਵਾਬ ਦੇਣਾ ਪਿਆ। ਮਾਮਲੇ ਵਿੱਚ ਵਿਭਾਗੀ ਮੰਤਰੀ ਦਾਰਾ ਸਿੰਘ ਚੌਹਾਨ ਨੇ ਵੀ ਪ੍ਰਦੂਸ਼ਣ ਰੋਕਣ ਲਈ ਸਖਤ ਨਿਰਦੇਸ਼ ਦਿੱਤੇ, ਪਰ ਇਸ ਦਾ ਕੋਈ ਖਾਸ ਅਸਰ ਨਹੀਂ ਪੈਂਦਾ ਦਿਸ ਰਿਹਾ ਹੈ।