ਯੂ ਪੀ ਦੇ ਜੰਗਲ ਵਿੱਚ ਇੱਕ ਮੋਗਲੀ ਗਰਲ ਮਿਲੀ

mogli girl
ਬਹਿਰਾਇਚ, 7 ਅਪ੍ਰੈਲ (ਪੋਸਟ ਬਿਊਰੋ)- ਕੋਈ ਉਸ ਨੂੰ ਮੋਗਲੀ ਗਰਲ ਕਹਿੰਦਾ ਹੈ ਤੇ ਕੋਈ ਜੰਗਲ ਦੀ ਗੁੜੀਆ। ਉਹ ਨਾ ਇਨਸਾਨਾਂ ਵਾਂਗ ਗੱਲ ਕਰ ਸਕਦੀ ਹੈ ਤੇ ਨਾ ਵਿਹਾਰ। ਇਨਸਾਨਾਂ ਨੂੰ ਦੇਖ ਕੇ ਡਰ ਜਾਂਦੀ ਹੈ।
ਉਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹਾ ਹਸਪਤਾਲ ਵਿੱਚ ਲਿਆਂਦੀ ਗਈ ਬੱਚੀ ਆਮ ਲੋਕਾਂ ਲਈ ਹੈਰਾਨੀ ਜਨਕ ਬਣੀ ਹੋਈ ਹੈ। ਇਸ ਦੀ ਸਾਰੀ ਜਾਣਕਾਰੀ ਕਿਸੇ ਕੋਲ ਨਹੀਂ ਹੈ, ਪਰ ਹਸਪਤਾਲ ਦਾ ਸਟਾਫ ਤੇ ਪੁਲਸ ਮੰਨਦੀ ਹੈ ਕਿ ਇਸ ਬੱਚੀ ਦੀ ਪਰਵਰਿਸ਼ ਬਾਂਦਰਾਂ ਵਿਚਾਲੇ ਹੋਈ ਹੈ। ਕਰੀਬ ਤਿੰਨ ਮਹੀਨੇ ਪਹਿਲਾਂ ਇਸ ਨੂੰ ਕਤਰਨੀਆ ਘਾਟ ਦੇ ਜੰਗਲ ਵਿੱਚ ਲੱਕੜਾਂ ਚੁਣਨ ਵਾਲਿਆਂ ਨੇ ਦੇਖਿਆ ਸੀ। ਬੱਚੀ ਦੇ ਸਰੀਰ ਉੱਤੇ ਇੱਕ ਵੀ ਕੱਪੜਾ ਨਹੀਂ ਸੀ, ਪਰ ਉਹ ਇਨ੍ਹਾਂ ਸਭ ਗੱਲਾਂ ਤੋਂ ਬੇਫਿਕਰ ਸੀ। ਲੱਕੜਹਾਰੇ ਬੱਚੀ ਕੋਲ ਗਏ ਤਾਂ ਬਾਂਦਰਾਂ ਨੇ ਉਸ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਤੇ ਕਿਸੇ ਨੂੰ ਲਾਗੇ ਨਹੀਂ ਆਉਣ ਦਿੱਤਾ। ਗੱਲ ਨੇੜਲੇ ਪਿੰਡਾਂ ਵਿੱਚ ਫੈਲ ਗਈ। ਬਾਅਦ ਵਿੱਚ ਘੇਰਾਬੰਦੀ ਕਰ ਕੇ ਬੱਚੀ ਨੂੰ ਬਾਂਦਰਾਂ ਦੇ ਚੁੰਗਲ ਤੋਂ ਕੱਢਿਆ ਤੇ ਹਸਪਤਾਲ ਦਾਖਲ ਕਰਵਾਇਆ। ਬੱਚੀ ਦੀ ਉਮਰ ਲਗਭਗ 10 ਸਾਲ ਦੀ ਹੈ।