ਯੂ ਟਿਊਬ ਹੈੱਡਕੁਆਰਟਰ ’ਚ ਦਾਖਲ ਹੋ ਕੇ ਮਹਿਲਾ ਨੇ ਚਲਾਈਆਂ ਗੋਲੀਆਂ, ਇੱਕ ਹਲਾਕ, 4 ਜ਼ਖ਼ਮੀ


ਸੈਨ ਬਰੂਨੋ, ਕੈਲੇਫੋਰਨੀਆ, 3 ਅਪਰੈਲ (ਪੋਸਟ ਬਿਊਰੋ) : ਮੰਗਲਵਾਰ ਨੂੰ ਇੱਕ ਮਹਿਲਾ ਨੇ ਯੂ ਟਿਊੁਬ ਦੇ ਹੈੱਡਕੁਆਰਟਰ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਤਿੰਨ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ। ਇਸ ਗੋਲੀਕਾਂਡ ਤੋਂ ਡਰ ਦੇ ਮਾਰੇ ਕਰਮਚਾਰੀ ਕਮਰਿਆਂ ਵਿੱਚ ਦੜ ਗਏ। ਇਹ ਜਾਣਕਾਰੀ ਪੁਲਿਸ ਤੇ ਚਸ਼ਮਦੀਦ ਗਵਾਹਾਂ ਨੇ ਦਿੱਤੀ।
911 ਉੱਤੇ ਗੋਲੀ ਚੱਲਣ ਦੀਆਂ ਮਿਲੀਆਂ ਕਈ ਕਾਲਜ਼ ਤੋਂ ਬਾਅਦ ਪੁਲਿਸ ਅਧਿਕਾਰੀ ਤੇ ਫੈਡਰਲ ਏਜੰਟਸ ਸੈਨ ਬਰੂਨੋ ਸਥਿਤ ਸੈਨ ਫਰਾਂਸਿਸਕੋ ਬੇਅ ਏਰੀਆ ਸਿਟੀ ਵਿੱਚ ਸਥਿਤ ਕੰਪਨੀ ਦੇ ਕੈਂਪਸ ਵਿੱਚ ਪਹੁੰਚੇ। ਯੂ ਟਿਊਬ ਕਰਮਚਾਰੀ ਡਾਇਨਾ ਐਮਸਪਾਈਗਰ ਨੇ ਦੱਸਿਆ ਕਿ ਉਹ ਉਸ ਸਮੇਂ ਇਮਾਰਤ ਦੀ ਦੂਜੀ ਮੰਜਿ਼ਲ ਉੱਤੇ ਸੀ ਜਦੋਂ ਉਸ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਉਸ ਨੇ ਦੱਸਿਆ ਕਿ ਇਸ ਮਗਰੋਂ ਉਹ ਭੱਜ ਕੇ ਖਿੜਕੀ ਕੋਲ ਆਈ ਤੇ ਸ਼ੂਟਰ ਨੂੰ ਵੇਖਿਆ।
ਉਸ ਨੇ ਦੱਸਿਆ ਕਿ ਉਸ ਮਹਿਲਾ ਨੇ ਐਨਕਾਂ ਤੇ ਸਕਾਰਫ ਪਾਇਆ ਹੋਇਆ ਸੀ ਤੇ ਉਸ ਕੋਲ ਬਹੁਤ ਵੱਡੀ ਪਿਸਟਲ ਸੀ। ਉਹ ਆਪਣੀ ਗੰਨ ਨਾਲ ਧੜਾਧੜ ਗੋਲੀਆਂ ਚਲਾ ਰਹੀ ਸੀ। ਡਾਇਨਾ ਨੇ ਆਖਿਆ ਕਿ ਜਿਵੇਂ ਹੀ ਉਸ ਨੇ ਸ਼ੂਟਰ ਆਖਿਆ ਸਾਰੇ ਹੀ ਕਰਮਚਾਰੀਆਂ ਨੇ ਇੱਧਰ ਉੱਧਰ ਭੱਜਣਾ ਸੁ਼ਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਉਹ ਆਪ ਤੇ ਹੋਰ ਲੋਕ ਇੱਕ ਘੰਟੇ ਤੱਕ ਕਾਨਫਰੰਸ ਰੂਮ ਵਿੱਚ ਲੁਕੇ ਰਹੇ ਜਦਕਿ ਇੱਕ ਪੁਰਸ਼ ਕਰਮਚਾਰੀ ਨੇ ਵਾਰੀ ਵਾਰੀ 911 ਉੱਤੇ ਕਾਲ ਕਰਕੇ ਇਸ ਘਟਨਾਕ੍ਰਮ ਦੀ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਸਾਰਾ ਮੰਜ਼ਰ ਹੀ ਬੜਾ ਡਰਾਵਨਾ ਸੀ।
ਟੀਵੀ ਨਿਊਜ਼ ਫੁਟੇਜ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਲੋਕ ਲਾਈਨ ਬਣਾ ਕੇ ਇਮਾਰਤ ਵਿੱਚੋਂ ਬਾਹਰ ਨਿਕਲ ਰਹੇ ਹਨ ਤੇ ਉਨ੍ਹਾਂ ਆਪਣੀਆਂ ਬਾਹਾਂ ਉੱਪਰ ਚੁੱਕ ਰੱਖੀਆਂ ਹਨ। ਪੁਲਿਸ ਅਧਿਕਾਰੀ ਇਹ ਜਾਂਚ ਰਹੇ ਸਨ ਕਿ ਕਿਸੇ ਕੋਲ ਹਥਿਆਰ ਤਾਂ ਨਹੀਂ। ਪੁਲਿਸ ਅਧਿਕਾਰੀ ਜਦੋਂ ਮੌਕੇ ਉੱਤੇ ਪਹੁੰਚੇ ਤਾਂ ਉਨ੍ਹਾਂ ਨੂੰ ਇੱਕ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲਿਆ ਤੇ ਉਨ੍ਹਾਂ ਨੂੰ ਸ਼ੂਟਰ ਮਹਿਲਾ ਵੀ ਮਿਲੀ ਤੇ ਇੰਜ ਲੱਗ ਰਿਹਾ ਸੀ ਜਿਵੇਂ ਉਸ ਨੇ ਖੁਦ ਨੂੰ ਗੋਲੀ ਮਾਰ ਲਈ ਹੋਵੇ। ਇਹ ਜਾਣਕਾਰੀ ਸੈਨ ਬਰੂਨੋ ਪੁਲਿਸ ਚੀਫ ਐੱਡ ਬਾਰਬੇਰਿਨੀ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਦੋ ਹੋਰ ਜ਼ਖ਼ਮੀ ਵਿਅਕਤੀ ਉਨ੍ਹਾਂ ਨੂੰ ਨੇੜਲੀ ਇਮਾਰਤ ਵਿੱਚ ਮਿਲੇ ਤੇ ਚੌਥੇ ਵਿਅਕਤੀ ਨੂੰ ਗਿੱਟੇ ਉੱਤੇ ਸੱਟ ਲੱਗੀ ਸੀ। ਹੈੱਡਕੁਆਰਟਰਜ਼ ਵਿੱਚ ਹਜ਼ਾਰ ਤੋਂ ਵੱਧ ਇੰਜੀਨੀਅਰ ਤੇ ਹੋਰ ਕਰਮਚਾਰੀ ਹਨ। ਵਾੲ੍ਹੀਟ ਹਾਊਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਇਸ ਬਾਰੇ ਇਤਲਾਹ ਦੇ ਦਿੱਤੀ ਗਈ ਹੈ ਤੇ ਅਧਿਕਾਰੀਆਂ ਵੱਲੋਂ ਮਾਮਲੇ ਦੀ ਨਿਗਰਾਨੀ ਰੱਖੀ ਜਾ ਰਹੀ ਹੈ।