ਯੂ ਕੇ ਵਿੱਚ ਰੂਸੀ ਜਾਸੂਸ ਉਤੇ ਕੈਮੀਕਲ ਹਮਲੇ ਮਗਰੋਂ 500 ਲੋਕਾਂ ਨੂੰ ਕੱਪੜੇ ਧੋਣ ਦੀ ਹਦਾਇਤ


ਲੰਡਨ, 12 ਮਾਰਚ (ਪੋਸਟ ਬਿਊਰੋ)- ਬ੍ਰਿਟਿਸ਼ ਸਿਹਤ ਵਿਭਾਗ ਨੇ ਸੈਲਿਸਬਰੀ ਦੇ ਮਿੱਲ ਪੱਬ ਅਤੇ ਜ਼ਿੱਜੀ ਇਟੈਲੀਅਨ ਰੈਸਤਰਾਂ ਵਿੱਚ ਆਏ ਕਰੀਬ 500 ਲੋਕਾਂ ਨੂੰ ਆਪਣੇ ਕੱਪੜੇ ਧੋਣ ਤੇ ਹੋਰ ਸਾਮਾਨ ਸਾਫ ਕਰਨ ਨੂੰ ਕਿਹਾ ਹੈ। ਉਨ੍ਹਾਂ ਨੂੰ ਡਰ ਹੈ ਕਿ ਸਾਬਕਾ ਰੂਸੀ ਜਾਸੂਸ ਨੂੰ ਜ਼ਹਿਰੀਲਾ ਕੈਮੀਕਲ ਦੇਣ ਸਮੇਂ ਕਈ ਲੋਕ ਪ੍ਰਭਾਵ ਵਿੱਚ ਆਏ ਹੋਣਗੇ।
ਸਰਗੇਈ ਸਕ੍ਰੇਪਲ (66) ਅਤੇ ਉਸ ਦੀ ਧੀ ਯੂਲੀਆ (33) ਉਕਤ ਰੇਸਤਰਾਂ ਵਿੱਚ ਆਏ ਸਨ ਅਤੇ ਉਸ ਮਗਰੋਂ ਦੇਵੇਂ ਸ਼ਹਿਰ ਦੇ ਦਿ ਮਾਲਟਿੰਗਜ਼ ਸ਼ੌਪਿੰਗ ਸੈਂਟਰ ਦੀ ਬੈਂਚ ‘ਤੇ ਬੇਹੋਸ਼ ਮਿਲੇ ਸਨ। ਸਕੇ੍ਰਪਲ ਅਤੇ ਯੂਲੀਆ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੋਵਾਂ ਦੇ ਸਭ ਤੋਂ ਪਹਿਲਾਂ ਸੰਪਰਕ ਵਿੱਚ ਆਉਣ ਵਾਲਾ ਸਾਰਜੈਂਟ ਨਿੱਕ ਬੇਲੀ ਵੀ ਬਿਮਾਰ ਹੈ, ਪਰ ਉਹ ਹਾਲੇ ਆਪਣੇ ਪਰਵਾਰ ਨਾਲ ਗੱਲਬਾਤ ਕਰ ਰਿਹਾ ਹੈ। ਉਸ ਨੇ ਸ਼ੁਭਚਿੰਤਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕੋਈ ਨਾਇਕ ਨਹੀਂ, ਸਗੋਂ ਆਪਣਾ ਫਰਜ਼ ਨਿਭਾ ਰਿਹਾ ਸੀ। ਜਾਂਚਕਾਰਾਂ ਵੱਲੋਂ ਸੈਲਿਸਬਰੀ ਦੀਆਂ ਪੰਜ ਥਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਹਿਰੀਲੇ ਰਸਾਇਣ ਕਰਕੇ ਕਰੀਬ 21 ਲੋਕਾਂ ਦਾ ਇਲਾਜ ਵੀ ਹੋ ਰਿਹਾ ਹੈ। ਕਰਨਲ ਸਕ੍ਰੇਪਲ ਨੂੰ 2006 ਵਿੱਚ ਦੇਸ਼ਧ੍ਰੋਹ ਦੇ ਦੋਸ਼ ਹੇਠ ਸਜ਼ਾ ਹੋਈ ਸੀ ਅਤੇ ਐਮ ਆਈ-6 ਦੇ ਭੇਤ ਵੇਚਣ ਲਈ 13 ਸਾਲਾਂ ਲਈ ਜੇਲ ‘ਚ ਡੱਕਿਆ ਗਿਆ ਸੀ। ਉਸ ਦੀ ਸਜ਼ਾ ਨੂੰ 2010 ‘ਚ ਜਾਸੂਸਾਂ ਦੀ ਅਦਲਾ ਬਦਲੀ ਦੌਰਾਨ ਮੁਆਫ ਕਰ ਦਿੱਤਾ ਗਿਆ ਸੀ।