ਯੂ ਕੇ ਦੇ ਮਸ਼ਹੂਰ ਮਰਲਿਨ ਗਰੁੱਪ ਨੇ ਨਵੇਂ ਨਿਯਮਾਂ ‘ਚ ਕਿਰਪਾਨ ਦੀ ਖੁੱਲ੍ਹ ਦਿੱਤੀ


ਲੰਡਨ, 12 ਮਾਰਚ (ਪੋਸਟ ਬਿਊਰੋ)- ਮਰਲਿਨ ਇੰਟਰਟੇਨਮੈਂਟਸ ਗਰੁੱਪ ਯੂ ਕੇ ਅਤੇ ਯੂਰਪ ਦਾ ਸਭ ਤੋਂ ਵੱਡਾ ਮਨੋਰੰਜਨ ਗਰੁੱਪ ਵੱਖ-ਵੱਖ ਮਨੋਰੰਜਕ ਤੇ ਇਤਿਹਾਸਕ ਥਾਵਾਂ ‘ਤੇ ਜਾਣ ਵਾਲੇ ਟੂਰਿਸਟਾਂ ਲਈ ਵਿਸ਼ਵ ਭਰ ਵਿੱਚ 124 ਵੱਡੀਆਂ ਥਾਵਾਂ ਦਾ ਪ੍ਰਬੰਧ ਕਰਦਾ ਹੈ। ਇਨ੍ਹਾਂ ਥਾਵਾਂ ‘ਤੇ ਸਿੱਖਾਂ ਨੂੰ ਕਿਰਪਾਨ ਸਮੇਤ ਜਾਣ ਦੀ ਪੂਰੀ ਤਰ੍ਹਾਂ ਖੁੱਲ੍ਹ ਦਿੱਤੀ ਗਈ ਹੈ।
ਸਿੱਖ ਕੌਂਸਲ ਯੂ ਕੇ ਨੇ ਕੱਲ੍ਹ ਪ੍ਰੈਸ ਦੇ ਨਾਂਅ ਜਾਰੀ ਇਕ ਬਿਆਨ ਵਿੱਚ ਇਸ ਦੀ ਜਾਣਕਾਰੀ ਦਿੱਤੀ ਹੈ। ਨਵੇਂ ਨਿਯਮ 17 ਮਾਰਚ 2018 ਤੋਂ ਲਾਗੂ ਹੋਣਗੇ। ਕੰਪਨੀ ਵੱਲੋਂ ਇਨ੍ਹਾਂ ਥਾਵਾਂ ਉਤੇ ਮੁੱਠੇ ਅਤੇ ਕਵਰ ਸਮੇਤ ਛੇ ਇੰਚ ਲੰਮੀ ਕਿਰਪਾਨ ਪਹਿਨਣ ਦੀ ਸਹਿਮਤੀ ਦਿੱਤੀ ਹੈ, ਪਰ ਲੰਡਨ ਦੀਆਂ ਸਭ ਤੋਂ ਵੱਧ ਖਿੱਚ ਪਾਊ ਥਾਵਾਂ ਵਿੱਚ ਸ਼ਾਮਲ ‘ਲੰਡਨ ਆਈ’ ਵਿੱਚ ਕਿਰਪਾਨ ਪਹਿਨਣ ‘ਤੇ ਪਾਬੰਦੀ ਅਜੇ ਲਾਗੂ ਹੈ। ਇਸ ਸਬੰਧੀ ਸਿੱਖ ਕੌਂਸਲ ਯੂ ਕੇ ਅਤੇ ਪ੍ਰਬੰਧਕਾਂ ਵਿਚਕਾਰ ਨਿਯਮਾਂ ਉਤੇ ਮੁੜ ਵਿਚਾਰ ਕਰਨ ਲਈ ਲਗਾਤਾਰ ਸੰਪਰਕ ਕਾਇਮ ਹੈ ਤਾਂ ਕਿ ਭਵਿੱਖ ਵਿੱਚ ਇਥੇ ਵੀ ਪਾਬੰਦੀ ਹਟਾਈ ਜਾ ਸਕੇ।