ਯੂ ਕੇ ਤੋਂ ਟਰੇਨ 12 ਹਜ਼ਾਰ ਕਿਲੋਮੀਟਰ ਚੱਲ ਕੇ ਵ੍ਹਿਸਕੀ ਅਤੇ ਦੁੱਧ ਨਾਲ ਚੀਨ ਪੁੱਜੀ

train from china
ਬੀਜਿੰਗ, 30 ਅਪ੍ਰੈਲ (ਪੋਸਟ ਬਿਊਰੋ)- ਬ੍ਰਿਟੇਨ ਤੋਂ ਵ੍ਹਿਸਕੀ ਅਤੇ ਬੱਚਿਆਂ ਦਾ ਦੁੱਧ ਲੈ ਕੇ 12 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰ ਕੇ ਮਾਲ ਗੱਡੀ ਕੱਲ੍ਹ ਚੀਨ ਦੇ ਈਵੂ ਸ਼ਹਿਰ ਪੁੱਜੀ। ਇਸ ਟਰੇਨ ਨੇ ਦੁਨੀਆ ਦੇ ਦੂਜੇ ਸਭ ਤੋਂ ਲੰਬੇ ਰੇਲ ਰੂਟ ਦਾ ਸਫਰ ਤੈਅ ਕੀਤਾ। ਇਹ ਰੇਲ ਰੂਟ ਚੀਨ ਨੂੰ ਪੱਛਮੀ ਯੂਰਪ ਨਾਲ ਜੋੜਨ ਵਾਲੀ ਸਿਲਕ ਰੋਡ ਰੂਟ ਦੇ ਖਾਹਿਸ਼ੀ ਪ੍ਰੋਜੈਕਟ ਦਾ ਹਿੱਸਾ ਹੈ।
ਦੁਨੀਆ ਦਾ ਸਭ ਤੋਂ ਵੱਧ ਵਪਾਰ ਕਰਨ ਵਾਲੇ ਚੀਨ ਨੇ ਵਨ ਬੈਲਟ ਵਨ ਰੋਡ (ਓ ਬੀ ਓ ਆਰ) ਵਪਾਰਕ ਨੀਤੀ ‘ਤੇ ਸੰਨ 2013 ਵਿੱਚ ਕੰਮ ਸ਼ੁਰੂ ਕੀਤਾ ਸੀ ਅਤੇ ਸਿਰਫ ਚਾਰ ਸਾਲਾਂ ਵਿੱਚ ਉਸ ਨੇ 12 ਹਜ਼ਾਰ ਕਿਲੋਮੀਟਰ ਦਾ ਇਹ ਰੇਲ ਰੂਟ ਚਾਲੂ ਕਰ ਦਿੱਤਾ। ਇਸ ਵਿਸ਼ਾਲ ਰੇਲ ਨੈੱਟਵਰਕ ਨੂੰ ਅਰਬਾਂ ਡਾਲਰ ਲਾ ਕੇ ਰਿਕਾਰਡ ਸਮੇਂ ਵਿੱਚ ਪੂਰਾ ਕੀਤਾ ਗਿਆ। ਚੀਨ ਪਹੁੰਚੀ ਇਹ ਟਰੇਨ ਦਵਾਈਆਂ ਅਤੇ ਮਸ਼ੀਨਰੀ ਦਾ ਸਾਮਾਨ ਲਿਆਈ ਹੈ। ਇਹ ਟਰੇਨ ਲੰਡਨ ਤੋਂ 10 ਅਪ੍ਰੈਲ ਨੂੰ ਰਵਾਨਾ ਹੋਈ ਸੀ। ਉਹ ਫਰਾਂਸ, ਬੈਲਜੀਅਮ, ਜਰਮਨੀ, ਪੋਲੈਂਡ, ਬੇਲਾਰੂਸ, ਰੂਸ ਅਤੇ ਕਜ਼ਾਕਿਸਤਾਨ ਹੁੰਦੇ ਹੋਏ ਚੀਨ ਦੇ ਈਵੂ ਸ਼ਹਿਰ ਪੁੱਜੀ ਹੈ। ਪੂਰਬੀ ਚੀਨ ਦਾ ਇਹ ਸ਼ਹਿਰ ਛੋਟੇ ਘਰੇਲੂ ਸਾਮਾਨ ਦਾ ਵੱਡਾ ਬੈਂਕ ਬਾਜ਼ਾਰ ਹੈ। ਚੀਨ ਤੇ ਬ੍ਰਿਟੇਨ ਵਿਚਾਲੇ ਇਹ ਨਵਾਂ ਰੇਲ ਰੂਟ ਚੀਨ-ਮੈਡਰਿਡ ਦੇ ਰੇਲ ਰੂਟ ਤੋਂ ਕਰੀਬ ਇੱਕ ਹਜ਼ਾਰ ਕਿਲੋਮੀਟਰ ਛੋਟਾ ਹੈ ਜਿਸ ਨੂੰ ਸੰਨ 2014 ਵਿੱਚ ਸ਼ੁਰੂ ਕੀਤਾ ਗਿਆ ਹੈ। ਲੰਡਨ ਦੁਨੀਆ ਦਾ 15ਵਾਂ ਸ਼ਹਿਰ ਹੈ ਜਿਹੜਾ ਚੀਨ ਨਾਲ ਸਿੱਧਾ ਜੁੜਿਆ ਹੈ। ਇਸ ਦਾ ਨੈਟਵਰਕ ਸਰਕਾਰ ਵੱਲੋਂ ਚਲਾਈ ਜਾਂਦੀ ਚੀਨ ਰੇਲਵੇ ਕਾਰਪੋਰੇਸ਼ਨ ਨੇ ਬਣਾਇਆ ਹੈ। ਇਸ ਨੈੱਟਵਰਕ ਨਾਲ ਚੀਨ ਦਾ ਮਾਲ ਹਵਾਈ ਢੁਆਈ ਦੇ ਮੁਕਾਬਲੇ ਸਸਤਾ ਤੇ ਜਲ ਟਰਾਂਸਪੋਰਟ ਮੁਕਾਬਲੇ ਛੇਤੀ ਪਹੁੰਚ ਸਕੇਗਾ। ਸਮੁੰਦਰੀ ਰਸਤੇ ਤੋਂ ਮਾਲ ਭੇਜੇ ਜਾਣ ‘ਤੇ ਚੀਨ ਤੋਂ ਬਰਤਾਨੀਆ ਦਾ ਰਾਹ 50 ਦਿਨ ‘ਚ ਹੁੰਦਾ ਹੈ।