ਯੂ ਐੱਨ ਜਨਰਲ ਅਸੈਂਬਲੀ ਵਿੱਚ ਭਾਸ਼ਣ ਮੌਕੇ ਟਰੰਪ ਵੱਲੋਂ ਕਈ ਪਾਸੀਂ ਚਾਂਦਮਾਰੀ

trump speech
* ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਨੂੰ ਵੀ ਪੈ ਗਿਆ
* ਉੱਤਰੀ ਕੋਰੀਆ ਅਤੇ ਇਰਾਨ ਦੀ ਝੰਡ ਵੀ ਕਰ ਛੱਡੀ
ਨਿਊਯਾਰਕ, 19 ਸਤੰਬਰ, (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਉੱਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਲਈ ਅਮਰੀਕਾ ਤਿਆਰ ਹੈ ਅਤੇ ਉਨ੍ਹਾਂ ਨੇ ਈਰਾਨ ਦੇ ਹਥਿਆਰਾਂ ਬਾਰੇ ਪ੍ਰੋਗਰਾਮ ਦੇ ਕਾਰਨ ਉਸ ਦੇ ਹਤਿਆਰੇ ਸ਼ਾਸਨ ਦੇ ਖਿਲਾਫ਼ ਲੜਨ ਦਾ ਪ੍ਰਣ ਕੀਤਾ ਹੈ।
ਯੂ ਐੱਨ ਜਨਰਲ ਅਸੈਂਬਲੀ ਵਿਖੇ ਇਕੱਠੇ ਹੋਏ ਸੰਸਾਰ ਲੀਡਰਾਂ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਉੱਤਰੀ ਕੋਰੀਆ ਨੂੰ ਆਪਣੀ ਹੁਣ ਤਕ ਦੀ ਸਭ ਤੋਂ ਕਠੋਰ ਭਾਸ਼ਾ ਵਿਚ ਆਪਣਾ ਪ੍ਰਮਾਣੂ ਮਿਜ਼ਾਈਲ ਪ੍ਰੋਗਰਾਮ ਛੱਡ ਦੇਣ ਲਈ ਚਿਤਾਵਨੀ ਦਿੱਤੀ ਅਤੇ ਉਥੋਂ ਦੇ ਨੇਤਾ ਕਿਮ ਜੋਂਗ ਉਨ ਨੂੰ ਉਸ ਦੇਸ਼ ਦਾ ‘ਰਾਕਟਮੈਨ’ ਕਹਿ ਕੇ ਅਪਮਾਨ ਕਰਦਿਆਂ ਉਸ ਦਾ ਦੇਸ਼ ਖ਼ਤਮ ਕਰਨ ਦੀ ਚਿਤਾਵਨੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਅਮਰੀਕਾ ਇਕ ਵੱਡੀ ਤਾਕਤ ਹੈ ਅਤੇ ਇਸ ਵਿਚ ਸਹਿਣਸ਼ੀਲਤਾ ਵੀ ਹੈ, ਪਰ ਜੇ ਇਹ ਆਪਣੀ ਜਾਂ ਆਪਣੇ ਭਾਈਵਾਲਾਂ ਦੀ ਰੱਖਿਆ ਕਰਨ ਲਈ ਮਜਬੂਰ ਹੋਇਆ ਤਾਂ ਉਸ ਕੋਲ ਉੱਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਤੋਂ ਬਿਨਾਂ ਚਾਰਾ ਨਹੀਂ ਬਚੇਗਾ। ਉਨ੍ਹਾਂ ਕਿਹਾ ਕਿ ਰਾਕਟਮੈਨ ਆਪਣੇ ਅਤੇ ਆਪਣੀ ਸਰਕਾਰ ਦੇ ਆਤਮਘਾਤੀ ਰਾਹ ਉੱਤੇ ਚੱਲ ਰਿਹਾ ਹੈ, ਅਮਰੀਕਾ ਉਸ ਨੂੰ ਤਬਾਹ ਕਰਨ ਲਈ ਤਿਆਰ ਤੇ ਸਮਰਥ ਹੈ, ਪਰ ਉਹ ਆਸ ਕਰਦੇ ਹਨ ਕਿ ਇਸ ਤਰ੍ਹਾਂ ਦੀ ਲੋੜ ਨਹੀਂ ਪਵੇਗੀ।
ਇਸ ਭਾਸ਼ਣ ਦੌਰਾਨ ਈਰਾਨ ਦੇ ਮਾਮਲੇ ਵਿਚ ਟਰੰਪ ਨੇ ਕਿਹਾ ਕਿ 2015 ਦਾ ਸਮਝੌਤਾ ਮੱਧ ਪੂਰਬ ਦੇ ਝਗੜਿਆਂ ਵਿਚ ਈਰਾਨ ਦੀ ਮਾੜੀ ਭੂਮਿਕਾ ਨੂੰ ਰੋਕਣ ਵਿਚ ਨਾਕਾਮ ਰਿਹਾ ਹੈ। ਉਨ੍ਹਾਂ ਸਪੱਸ਼ਟ ਸੰਕੇਤ ਦਿੱਤਾ ਕਿ ਜਦੋਂ ਅਗਲੇ ਮਹੀਨੇ ਉਹ ਅਮਰੀਕੀ ਪਾਰਲੀਮੈਂਟ (ਕਾਂਗਰਸ) ਨੂੰ ਰਿਪੋਰਟਾਂ ਦੇਣਗੇ ਤਾਂ ਈਰਾਨ ਨੂੰ ਸਮਝੌਤੇ ਨੂੰ ਤੋੜਨ ਵਾਲਾ ਐਲਾਨ ਕਰਨ ਦਾ ਇਰਾਦਾ ਰੱਖਦੇ ਹਨ। ਟਰੰਪ ਨੇ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਤਰਨਾਕ ਮਿਜ਼ਾਈਲਾਂ ਬਣਾ ਕੇ ਅਸੀਂ ਕਾਤਲ ਸ਼ਾਸਨ ਨੂੰ ਅਸਥਿਰ ਕਾਰਵਾਈਆਂ ਜਾਰੀ ਰੱਖਣ ਦੀ ਖੁੱਲ੍ਹ ਨਹੀਂ ਦੇ ਸਕਦੇ, ਜੇ ਈਰਾਨ ਆਪਣਾ ਐਟਮੀ ਪ੍ਰੋਗਰਾਮ ਜਾਰੀ ਰੱਖਣ ਲਈ ਇਸ ਸਮਝੌਤੇ ਦੀ ਆੜ ਲੈਂਦਾ ਹੈ ਤਾਂ ਅਸੀਂ ਸਮਝੌਤੇ ਦੀ ਪਾਲਣਾ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਉਹ ਖੁਲ੍ਹੇ ਰੂਪ ਵਿਚ ਕਹਿਣਾ ਚਾਹੁੰਦੇ ਹਨ ਕਿ ਇਹ ਸਮਝੌਤਾ ਅਮਰੀਕਾ ਦੀ ਪ੍ਰੇਸ਼ਾਨੀ ਦਾ ਸਬੱਬ ਹੈ ਅਤੇ ਉਨ੍ਹਾਂ ਦਾ ਖਿਆਲ ਹੈ ਕਿ ਇਹ ਸਮਝੌਤਾ ਕਾਇਮ ਨਹੀਂ ਰਹੇਗਾ।
ਡੋਨਾਲਡ ਟਰੰਪ ਨੇ ਸੰਸਾਰ ਨੇਤਾਵਾਂ ਨੂੰ ਕਿਹਾ ਕਿ ਅੱਤਵਾਦੀ ਸੰਗਠਨਾਂ ਨੂੰ ਪੈਸਾ ਅਤੇ ਸੁਰੱਖਿਅਤ ਪਨਾਹ ਹਾਸਲ ਕਰਵਾ ਰਹੇ ਦੇਸ਼ਾਂ ਨੂੰ ਬੇਨਕਾਬ ਕਰਨ ਅਤੇ ਜ਼ਿੰਮੇਵਾਰ ਠਹਿਰਾਉਣ ਦਾ ਸਮਾਂ ਆ ਗਿਆ ਹੈ। ਕੁਝ ਹਫ਼ਤੇ ਪਹਿਲਾਂ ਟਰੰਪ ਨੇ ਪਾਕਿਸਤਾਨ ਨੂੰ ਅੱਤਵਾਦੀਆਂ ਦੀ ਮਦਦ ਕਰਨ ਵਿਰੁੱਧ ਚਿਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਾਰੇ ਜ਼ਿੰਮੇਵਾਰ ਦੇਸ਼ਾਂ ਨੂੰ ਅੱਤਵਾਦੀਆਂ ਤੇ ਇਸਲਾਮਿਕ ਕੱਟੜਵਾਦ ਦੇ ਖ਼ਿਲਾਫ਼ ਲੜਾਈ ਵਿੱਚ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਜਿਹੜਾ ਉਨ੍ਹਾਂ ਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸਲਾਮੀ ਅੱਤਵਾਦ ਨੂੰ ਰੋਕਾਂਗੇ, ਕਿਉਂਕਿ ਅਸੀਂ ਆਪਣੇ ਦੇਸ਼ ਤੇ ਸਮੁੱਚੇ ਸੰਸਾਰ ਨੂੰ ਨਸ਼ਟ ਕਰਨ ਦੀ ਆਗਿਆ ਨਹੀਂ ਦੇ ਸਕਦੇ। ਉਨ੍ਹਾਂ ਕਿਸੇ ਦੇਸ਼ ਦਾ ਨਾਂਅ ਲੈਣ ਤੋਂ ਬਿਨਾਂ ਕਿਹਾ ਕਿ ਉਨ੍ਹਾਂ ਦੇਸ਼ਾਂ ਨੂੰ ਬੇਨਕਾਬ ਕਰਨ ਤੇ ਜ਼ਿੰਮੇਵਾਰ ਠਹਿਰਾਉਣ ਦਾ ਸਮਾਂ ਆ ਗਿਆ ਹੈ, ਜੋ ਅੱਤਵਾਦੀ ਸੰਗਠਨਾਂ ਨੂੰ ਪੈਸੇ ਅਤੇ ਸੁਰੱਖਿਅਤ ਪਨਾਹ ਪੇਸ਼ ਕਰਦੇ ਆ ਰਹੇ ਹਨ।