ਯੂ ਐਨ ਦੇ ਮੁਤਾਬਕ 7400 ਭਾਰਤੀਆਂ ਨੇ ਅਮਰੀਕਾ ‘ਚ ਸ਼ਰਨ ਮੰਗੀ


ਯੂ ਐਨ, 21 ਜੂਨ (ਪੋਸਟ ਬਿਊਰੋ)- ਅਮਰੀਕਾ ਵਿੱਚ ਸ਼ਰਨ ਲੈਣ ਲਈ ਪਿਛਲੇ ਸਾਲ ਭਾਰਤ ਤੋਂ ਸੱਤ ਹਜ਼ਾਰ ਅਰਜ਼ੀਆਂ ਆਈਆਂ ਸਨ। ਸ਼ਰਨਾਰਥੀਆਂ ਬਾਰੇ ਯੂ ਐਨ ਏਜੰਸੀ ਨੇ ਸਾਲਾਨਾ ਸੰਸਾਰ ਰੁਝਾਨ ਬਾਰੇ ਆਪਣੀ ਰਿਪੋਰਟ ਵਿੱਚ ਕਿਹਾ ਕਿ 2017 ਦੇ ਅੰਤ ਤੱਕ ਉਜਾੜੇ ਦੇ ਸ਼ਿਕਾਰ ਹੋਏ ਲੋਕਾਂ ਦੀ ਕੁੱਲ ਗਿਣਤੀ 6.85 ਕਰੋੜ ਸੀ, ਜਿਸ ਵਿੱਚ 1.62 ਕਰੋੜ ਲੋਕ 2017 ਵਿੱਚ ਹੀ ਉਜੜੇ ਸਨ। ਇਸ ਲਿਹਾਜ਼ ਨਾਲ 44500 ਲੋਕ ਰੋਜ਼ ਉਜਾੜੇ ਜਾ ਰਹੇ ਸਨ।
ਪਿਛਲੇ ਪੰਜ ਸਾਲਾਂ ਦੌਰਾਨ ਹਿੰਸਾ ਅਤੇ ਅੱਤਿਆਚਾਰ ਇਸ ਉਜਾੜੇ ਦਾ ਸਭ ਤੋਂ ਵੱਡਾ ਕਾਰਨ ਬਣੇ ਹੋਏ ਸਨ। ਇਸ ਸੰਬੰਧ ਵਿੱਚ ਕਾਂਗੋ, ਦੱਖਣੀ ਸੂਡਾਨ ਦੀ ਜੰਗ ਤੇ ਮਿਆਂਮਾਰ ਵਿੱਚ ਹਿੰਸਾ ਨਾਲ ਉਜੜ ਕੇ ਆਏ ਰੋਹਿੰਗਿਆ ਸ਼ਰਨਾਰਥੀਆਂ ਦਾ ਬੰਗਲਾ ਦੇਸ਼ ਵੱਲ ਮੁਹਾਣ ਵੱਡੇ ਸੰਕਟ ਬਣੇ ਹੋਏ ਹਨ। ਵੱਡੀ ਗੱਲ ਇਹ ਕਿ ਸਭ ਤੋਂ ਵੱਧ ਅਸਰ ਵਿਕਾਸਸ਼ੀਲ ਦੇਸ਼ਾਂ ਉਤੇ ਪੈ ਰਿਹਾ ਹੈ। ਅਮਰੀਕਾ ਵਿੱਚ ਮੱਧ ਅਮਰੀਕਾ ਦੇ ਉਤਰ ਵੱਲੋਂ ਆਉਣ ਵਾਲੇ ਸ਼ਰਨਾਰਥੀਆਂ ਦਾ ਰੁਝਾਨ ਜਾਰੀ ਸੀ। ਸਭ ਤੋਂ ਵੱਡੀ ਗਿਣਤੀ 49500 ਸਲਵਾਡੋਰ ਦੇ ਸ਼ਰਨਾਰਥੀਆਂ ਦੀ ਸੀ। ਵੈਨੇਜ਼ੁਏਲਾ ਤੋਂ ਸ਼ਰਨ ਮੰਗਣ ਵਾਲੇ ਲੋਕਾਂ ਦੀ ਗਿਣਤੀ 63 ਫੀਸਦੀ ਵਧ ਕੇ 29900 ਹੋ ਗਈ। 5000 ਤੋਂ ਵੱਧ ਗਿਣਤੀ ਵਾਲੇ ਦੇਸ਼ਾਂ ਵਿੱਚ ਮੈਕਸਿਕੋ (26100), ਚੀਨ (17400), ਹੈਤੀ (8600) ਅਤੇ ਭਾਰਤ (7400) ਸ਼ਾਮਲ ਹਨ। ਇਸ ਰਿਪੋਰਟ ਮੁਤਾਬਕ 2017 ਦੇ ਅੰਤ ਤੱਕ ਭਾਰਤ ਵਿੱਚ 197146 ਸ਼ਰਨਾਰਥੀ ਸਨ ਅਤੇ 10519 ਸ਼ਰਨ ਮੰਗਣ ਵਾਲਿਆਂ ਦੀਆਂ ਅਰਜ਼ੀਆਂ ਬਾਕੀ ਸਨ। ਸ਼ਰਨ ਲਈ ਦਾਅਵੇ ਦਾਇਰ ਕਰਨ ਵਾਲੇ ਦੇਸ਼ਾਂ ਵਿੱਚ ਸਭ ਤੋਂ ਵੱਧ ਗਿਣਤੀ 124000 ਅਫਗਾਨਿਸਤਾਨ ਦੀ ਸੀ, ਜਿਨ੍ਹਾਂ ਨੇ 80 ਵੱਖ-ਵੱਖ ਦੇਸ਼ਾਂ ਵਿੱਚ ਦਾਅਵੇ ਦਾਇਰ ਕੀਤੇ ਸਨ।