ਯੂ ਏ ਈ ਨੇ ਕਤਰ ਦੇ ਜਹਾਜ਼ਾਂ ਉੱਤੇ ਨਵੀਂ ਪਾਬੰਦੀ ਲਾਈ

qatar planes banned
ਦੁਬਈ, 10 ਅਗਸਤ (ਪੋਸਟ ਬਿਊਰੋ)- ਯੂ ਏ ਈ ਨੇ ਕਤਰ ਉੱਤੇ ਇਕ ਹੋਰ ਪਾਬੰਦੀ ਲਾ ਦਿੱਤੀ ਹੈ। ਉਸ ਨੇ ਕਤਰ ਦੇ ਜਹਾਜ਼ਾਂ ਨੂੰ ਆਪਣੇ ਹਵਾਈ ਖੇਤਰ ਵਿੱਚੋਂ ਲੰਘਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਜਾਣਕਾਰੀ ਯੂ ਏ ਈ ਦੀ ਸਰਕਾਰੀ ਨਿਊਜ਼ ਏਜੰਸੀ ਨੇ ਜਾਰੀ ਕੀਤੀ ਹੈ।
ਯੂ ਏ ਈ ਦੇ ਨਾਗਰਿਕ ਹਵਾਬਾਜ਼ੀ ਦੀ ਜਨਰਲ ਅਥਾਰਿਟੀ ਨੇ ਆਪਣੇ ਬਿਆਨ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਤਰ ਵਿੱਚ ਰਜਿਸਟਰਡ ਹੋਏ ਜਹਾਜ਼ਾਂ ਨੂੰ ਯੂ ਏ ਈ ਵੱਲੋਂ ਆਪਣੇ ਹਵਾਈ ਖੇਤਰ ਵਿੱਚੋਂ ਲੰਘਣ ਤੋਂ ਮਨਾ ਕਰ ਦਿੱਤਾ ਗਿਆ ਹੈ। ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਕਤਰ ਦੇ ਉਨ੍ਹਾਂ ਜਹਾਜ਼ਾਂ ਨੂੰ ਕੌਮਾਂਤਰੀ ਜਲ ਖੇਤਰ ਦੇ ਉੱਪਰ ਲੰਘਣ ਦੀ ਇਜਾਜ਼ਤ ਦਿੱਤੀ ਗਈ ਹੈ, ਜਿਨ੍ਹਾਂ ਦਾ ਪ੍ਰਬੰਧ ਯੂ ਏ ਈ ਕਰਦਾ ਹੈ।
ਵਰਨਣ ਯੋਗ ਹੈ ਕਿ ਅਰਬ ਦੇਸ਼ ਕਹੇ ਜਾਣ ਵਾਲੇ ਯੂ ਏ ਈ, ਸਾਊਦੀ ਅਰਬ, ਮਿਸਰ ਅਤੇ ਬਹਿਰੀਨ ਚਾਰ ਦੇਸ਼ਾਂ ਨੇ ਕਤਰ ਉੱਤੇ ਅੱਤਵਾਦ ਦਾ ਸਮਰਥਨ ਕਰਨ ਤੇ ਵਿੱਤੀ ਮਦਦ ਦੇਣ ਦਾ ਦੋਸ਼ ਲਾਉਣ ਤੋਂ ਬਾਅਦ ਬੀਤੀ 5 ਜੂਨ ਨੂੰ ਉਸ ਨਾਲ ਡਿਪਲੋਮੈਟਿਕ ਅਤੇ ਯਾਤਰਾ ਸੰਬੰਧ ਤੋੜ ਲਏ ਸਨ। ਇਸ ਸੰਕਟ ਦੇ ਹੱਲ ਲਈ ਇਨ੍ਹਾਂ ਦੇਸ਼ਾਂ ਨੇ 13 ਮੰਗਾਂ ਦੀ ਇਕ ਸੂਚੀ ਕਤਰ ਅੱਗੇ ਪੇਸ਼ ਕੀਤੀ ਸੀ, ਜਿਸ ਨੂੰ 22 ਜੂਨ ਨੂੰ ਕਤਰ ਨੂੰ ਸੌਂਪਿਆ ਗਿਆ ਸੀ। ਇਸ ਸੂਚੀ ਵਿਚ ਤੁਰਕੀ ਫੌਜੀ ਅੱਡੇ ਅਤੇ ਉਪਗ੍ਰਹਿ ਚੈਨਲ ਅਲ ਜਜ਼ੀਰਾ ਨੂੰ ਬੰਦ ਕਰਨ ਸਮੇਤ ਈਰਾਨ ਨਾਲ ਰਿਸ਼ਤਿਆਂ ਵਿਚ ਕਮੀ ਲਿਆਉਣ ਅਤੇ ਚਾਰੇ ਦੇਸ਼ਾਂ ਦੇ ਮੋਸਟ ਵਾਂਟੇਡ ਵਿਅਕਤੀਆਂ ਦੀ ਹਵਾਲਗੀ ਵਰਗੀਆਂ ਮੰਗਾਂ ਸਨ। ਕਤਰ ਨੇ ਇਨ੍ਹਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਕਤਰ ਦਾ ਬਾਈਕਾਟ ਜਾਰੀ ਰੱਖਣ ਅਤੇ ਨਵੀਆਂ ਪਾਬੰਦੀਆਂ ਲਾਉਣ ਉੱਤੇ ਵਿਚਾਰ ਕਰਨ ਦਾ ਫੈਸਲਾ ਲਿਆ ਗਿਆ।