ਯੂਜ਼ ਐਂਡ ਥ੍ਰੋ ਦੀ ਸਿਆਸਤ ਦੇ ਚੈਂਪੀਅਨ ਹਨ ਨਿਤੀਸ਼

nitish kumar
-ਵਿਸ਼ਨੂੰ ਗੁਪਤ
‘ਮੈਂ ਮਿਟ ਜਾਵਾਂਗਾ, ਪਰ ਭਾਜਪਾ ਨਾਲ ਨਹੀਂ ਜਾਵਾਂਗਾ’, ਇਹ ਬਿਆਨ ਨਿਤੀਸ਼ ਕੁਮਾਰ ਦਾ ਸੀ, ਪਰ ਅੱਜ ਉਹ ਫਿਰ ਭਾਜਪਾ ਦੀ ਗੋਦ ਵਿੱਚ ਜਾ ਬੈਠੇ ਹਨ। ਨਿਤੀਸ਼ ਕੁਮਾਰ ਤੇ ਭਾਜਪਾ ਦਾ ਇਹ ਗਠਜੋੜ ਸਿਰਫ ਤੇ ਸਿਰਫ ਅਨੈਤਿਕ ਹੈ, ਫਤਵੇ ਦੀ ਕਸੌਟੀ ‘ਤੇ ਬੇਯਕੀਨੀ ਹੈ, ਬਿਹਾਰ ਦੇ ਲੋਕਾਂ ਨਾਲ ਧੋਖਾ ਹੈ। ਆਖਰ ਕਿਉਂ? ਇਸ ਲਈ ਕਿ ਬਿਹਾਰ ਦੇ ਲੋਕਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਨਿਤੀਸ਼ ਕੁਮਾਰ ਨੂੰ ਭਾਜਪਾ ਨਾਲ ਸਰਕਾਰ ਬਣਾਉਣ ਲਈ ਫਤਵਾ ਨਹੀਂ ਦਿੱਤਾ ਸੀ। ਜੇ ਨਿਤੀਸ਼ ਕੁਮਾਰ ਨੂੰ ਲਾਲੂ ਪ੍ਰਸਾਦ ਯਾਦਵ ਨਾਲ ਸਰਕਾਰ ਚਲਾਉਣ ਵਿੱਚ ਪ੍ਰੇਸ਼ਾਨੀ ਆ ਰਹੀ ਸੀ ਅਤੇ ਲਾਲੂ, ਉਨ੍ਹਾਂ ਦੇ ਪਰਵਾਰਕ ਮੈਂਬਰਾਂ ਦੇ ਭਿ੍ਰਸ਼ਟਾਚਾਰ ਕਾਰਨ ਨਿਤੀਸ਼ ਦਾ ਅਕਸ ਖਰਾਬ ਹੋ ਰਿਹਾ ਸੀ, ਤਾਂ ਨਿਤੀਸ਼ ਦੇ ਸਾਹਮਣੇ ਕੁਝ ਹੋਰ ਵੀ ਰਾਹ ਸਨ, ਜਿਨ੍ਹਾਂ ਉੱਤੇ ਉਨ੍ਹਾਂ ਨੂੰ ਚੱਲਣਾ ਚਾਹੀਦਾ ਸੀ, ਪਰ ਉਨ੍ਹਾਂ ਨੇ ਹੋਰ ਰਾਹ ਲੱਭੇ ਹੀ ਨਹੀਂ। ਜੇ ਉਨ੍ਹਾਂ ਨੇ ਅਜਿਹਾ ਕੀਤਾ ਹੁੰਦਾ ਤਾਂ ਉਨ੍ਹਾਂ ਨੂੰ ਭਾਜਪਾ ਨਾਲ ਗਠਜੋੜ ਕਰਨ ਲਈ ਮਜਬੂਰ ਨਾ ਹੋਣਾ ਪੈਂਦਾ।
ਨਿਤੀਸ਼ ਕੁਮਾਰ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਸ਼ ਕਰ ਸਕਦੇ ਸਨ ਤੇ ਫਿਰ ਜਨਤਾ ਵਿੱਚ ਜਾ ਸਕਦੇ ਸਨ। ਜੇ ਉਹ ਸੱਚਮੁੱਚ ਈਮਾਨਦਾਰੀ ਦੇ ਪ੍ਰਤੀਕ ਹਨ ਤਾਂ ਜਨਤਾ ਵਿੱਚ ਜਾਣ ਤੋਂ ਉਨ੍ਹਾਂ ਨੂੰ ਕੀ ਡਰ ਸੀ? ਉਨ੍ਹਾਂ ਨੂੰ ਜਨਤਾ ਤੋਂ ਮੁੜ ਫਤਵਾ ਲੈ ਕੇ ਸੱਤਾ ਵਿੱਚ ਆਉਣਾ ਚਾਹੀਦਾ ਸੀ। ਸਿਆਸਤ ਵਿੱਚ ਉਹੀ ਲੋਕ ਜਨਤਾ ਵਿੱਚ ਜਾਣ ਤੋਂ ਡਰਦੇ ਹਨ, ਜਿਨ੍ਹਾਂ ਨੂੰ ਦੁਬਾਰਾ ਚੁਣ ਕੇ ਆਉਣ ਉੱਤੇ ਸ਼ੱਕ ਹੋਵੇ। ਨਿਤੀਸ਼ ਕੁਮਾਰ ਆਪਣੇ ਆਪ ਨੂੰ ਜਿੰਨਾ ਮਰਜ਼ੀ ‘ਗੁੱਡ ਗਵਰਨੈਂਸ ਬਾਬੂ’ ਕਹਿ ਲੈਣ, ਆਪਣੇ ਆਪ ਨੂੰ ਈਮਾਨਦਾਰੀ ਦਾ ਪ੍ਰਤੀਕ ਦੱਸ ਲੈਣ, ਸੱਚ ਇਹ ਹੈ ਕਿ ਉਨ੍ਹਾਂ ਨੂੰ ਜਨਤਾ ਕੋਲ ਜਾਣ ਤੋਂ ਡਰ ਲੱਗਦਾ ਹੈ, ਸੱਤਾ ਖੁੱਸਣ ਦਾ ਡਰ ਉਨ੍ਹਾਂ ਉਤੇ ਹਾਵੀ ਹੋ ਜਾਂਦਾ ਹੈ।
ਸਿਆਸੀ ਤੱਥ ਦੇਖ ਲਓ, ਨਿਤੀਸ਼ ਕੁਮਾਰ ਭਾਰਤੀ ਸਿਆਸਤ ਵਿੱਚ ਬੇਯਕੀਨੀ ਅਤੇ ਅਨੈਤਿਕਤਾ ਦੇ ਚੈਂਪੀਅਨ ਹਨ। ਜਿਸ ਭਾਜਪਾ ਨੂੰ ਫਿਰਕੂ ਕਹਿ ਕੇ ਨਿਤੀਸ਼ ਕੁਮਾਰ ਨੇ 17 ਸਾਲ ਸੱਤਾ ਤੇ ਗਠਜੋੜ ਦਾ ਸੁੱਖ ਭੋਗਣ ਤੋਂ ਬਾਅਦ ‘ਬਾਏ ਬਾਏ’ ਕਹਿ ਦਿੱਤਾ ਸੀ, ਅੱਜ ਉਸੇ ਭਾਜਪਾ ਨਾਲ ਉਨ੍ਹਾਂ ਨੇ ਫਿਰ ਦੋਸਤੀ ਗੰਢ ਲਈ ਹੈ। ਉਨ੍ਹਾਂ ਦੀ ਦੋਸਤੀ ਨੂੰ ਜਾਇਜ਼ ਠਹਿਰਾਉਣ ਵਾਲਿਆਂ ਦੀ ਵੀ ਘਾਟ ਨਹੀਂ, ਪਰ ਨੈਤਿਕਤਾ ਤੇ ਭਰੋਸੇ ਯੋਗਤਾ ਦੀ ਉਨ੍ਹਾਂ ਨੇ ਕਬਰ ਪੁੱਟ ਦਿੱਤੀ ਹੈ। ਭਾਰਤੀ ਲੋਕਤੰਤਰ ਦੀ ਪਵਿੱਤਰਤਾ ਲਈ ਅਜਿਹੇ ਮੌਕੇ ਦੀ ਆਸ ਨਹੀਂ ਕੀਤੀ ਜਾਣੀ ਚਾਹੀਦੀ।
ਨਿਤੀਸ਼ ਕੁਮਾਰ ਸਿਆਸੀ ਪੱਖੋਂ ਪਰ-ਜੀਵੀ ਹਨ, ਉਹ ਇਸ ਲਈ ਕਿ ਆਪਣੇ ਦਮ ‘ਤੇ ਉਨ੍ਹਾਂ ਨੇ ਕਦੇ ਵੀ ਬਿਹਾਰ ਦੀ ਸਿਆਸਤ ਵਿੱਚ ਨਿੱਤਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਨੂੰ ਕਿਸੇ ਨਾ ਕਿਸੇ ਸਿਆਸੀ ਸਹਾਰੇ ਦੀ ਲੋੜ ਪੈਂਦੀ ਹੈ, ਜੋ ਆਸਾਨੀ ਨਾਲ ਮਿਲ ਵੀ ਜਾਂਦਾ ਹੈ ਤੇ ਇਸੇ ਦਮ ‘ਤੇ ਉਹ ਆਪਣੀ ਸੱਤਾ ਯਕੀਨੀ ਬਣਾਉਂਦੇ ਹਨ ਤੇ ਫਿਰ ਉਸੇ ਸਹਾਰੇ ਨੂੰ ਆਪਣੀ ਤਾਕਤ ਬਣਾ ਕੇ ਕਬਰ ਵਿੱਚ ਦਫਨਾ ਦਿੰਦੇ ਹਨ। ਦੂਜੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਨਿਤੀਸ਼ ਕੁਮਾਰ ‘ਯੂਜ਼ ਐਂਡ ਥਰੋ’ ਦੀ ਸਿਆਸਤ ਦੇ ਚੈਂਪੀਅਨ ਹਨ। ਨਿਤੀਸ਼ ਕੁਮਾਰ ਦੀ ਸਿਆਸੀ ਯਾਤਰਾ ਤੇ ਉਡਾਣ ਨੂੰ ਦੇਖ ਲਓ, ਤੁਹਾਨੂੰ ਜਵਾਬ ਮਿਲ ਜਾਵੇਗਾ।
ਜਦੋਂ ਜਾਰਜ ਫਰਨਾਂਡੇਜ ਦੀ ਅਗਵਾਈ ਹੇਠ ਨਿਤੀਸ਼ ਕੁਮਾਰ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਯਾਦਵ ਨਾਲੋਂ ਅੱਡ ਹੋਏ ਸਨ, ਉਦੋਂ ਨਿਤੀਸ਼ ਦੀ ਸਿਆਸੀ ਔਕਾਤ ਕੀ ਸੀ, ਉਨ੍ਹਾਂ ਦਾ ਸਿਆਸੀ ਆਧਾਰ ਕਿੰਨਾ ਸੀ? ਉਨ੍ਹਾਂ ਦਾ ਕੋਈ ਖਾਸ ਸਿਆਸੀ ਆਧਾਰ ਨਹੀਂ ਸੀ ਤੇ ਵਿਰੋਧੀ ਧਿਰ ਵਿੱਚ ਭਾਜਪਾ ਓਦੋਂ ਲਾਲੂ ਪ੍ਰਸਾਦ ਨਾਲ ਲੋਹਾ ਲੈਂਦੀ ਸੀ। ਕਹਿਣ ਦਾ ਭਾਵ ਇਹ ਹੈ ਕਿ ਉਦੋਂ ਸਿਰਫ ਲਾਲੂ ਹੀ ਛਾਏ ਹੋਏ ਸਨ ਤੇ ਭਾਜਪਾ ਨਾਲ ਟੱਕਰ ਲੈ ਰਹੇ ਸਨ। ਲਾਲੂ ਪ੍ਰਸਾਦ ਨੂੰ ਖਤਮ ਕਰਨ ਲਈ ਭਾਜਪਾ ਨੇ ਨਿਤੀਸ਼ ਕੁਮਾਰ ਨੂੰ ਅੱਗੇ ਕੀਤਾ ਤਾਂ ਭਾਜਪਾ ਦੀ ਇਹ ਵੱਡੀ ਭੁੱਲ ਸੀ। ਨਿਤੀਸ਼ ਕੁਮਾਰ ਭਾਜਪਾ ਦੇ ਸਹਾਰੇ ਸਿਆਸੀ ਪੌੜੀਆਂ ਨਾਪਦੇ ਗਏ। ਜਦੋਂ ਉਨ੍ਹਾਂ ਦੀ ਤਾਕਤ ਵਧ ਗਈ ਤਾਂ ਉਨ੍ਹਾਂ ਨੇ ਜਾਰਜ ਫਰਨਾਂਡੀਜ ਨੂੰ ਹੀ ਪਾਰਟੀ ਤੋਂ ਬੇਦਖਲ ਕਰ ਦਿੱਤਾ। ਜਾਰਜ ਫਰਨਾਂਡੀਜ ਅਤੇ ਬਾਕੀ ਸਾਰੇ ਨੇਤਾਵਾਂ ਨੂੰ ਨਿਤੀਸ਼ ਕੁਮਾਰ ਨੇ ਖੁੱਡੇ ਲਾ ਕੇ ਆਪਣੀ ਸਿਆਸਤ ਚਮਕਾਈ। ਜਿਸ ਨਿਤੀਸ਼ ਕੁਮਾਰ ਦਾ ਦੇਸ਼ ਵਿੱਚ ਕੋਈ ਸਿਆਸੀ ਆਧਾਰ ਨਹੀਂ ਸੀ ਤੇ ਬਿਹਾਰ ਵਿੱਚ ਵੀ ਉਨ੍ਹਾਂ ਦੀ ਪਾਰਟੀ ਦੂਜਿਆਂ ਦੇ ਸਹਾਰੇ ਖੜੀ ਸੀ, ਉਸੇ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਬਣਨ ਦਾ ਸੁਫਨਾ ਪਾਲ ਲਿਆ। ਜਿਸ ਭਾਜਪਾ ਦੇ ਸਹਾਰੇ ਉਨ੍ਹਾਂ ਨੇ 18 ਸਾਲ ਸੱਤਾ ਦਾ ਸੁਖ ਭੋਗਿਆ, ਉਹੀ ਭਾਜਪਾ ਨਿਤੀਸ਼ ਲਈ ਫਿਰਕੂ ਬਣ ਗਈ। ਜਿਸ ਮੋਦੀ ਨੂੰ ਉਨ੍ਹਾਂ ਨੇ ਰੇਲ ਮੰਤਰੀ ਹੁੰਦਿਆਂ ‘ਭਵਿੱਖ ਦਾ ਪ੍ਰਧਾਨ ਮੰਤਰੀ’ ਕਿਹਾ ਸੀ, ਉਹੀ ਮੋਦੀ ਉਨ੍ਹਾਂ ਲਈ ਖਲਨਾਇਕ ਬਣ ਗਏ ਸਨ। ਰੇਲ ਮੰਤਰੀ ਵਜੋਂ ਗੁਜਰਾਤ ਦੇ ਦੰਗੇ ਨਿਤੀਸ਼ ਕੁਮਾਰ ਲਈ ਕੋਈ ਖਾਸ ਮਾਇਨੇ ਨਹੀਂ ਰੱਖਦੇ ਸਨ, ਪਰ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਵਿੱਚ ਨਿਤੀਸ਼ ਨੂੰ ਅਚਾਨਕ ਗੁਜਰਾਤ ਦੇ ਦੰਗੇ ਯਾਦ ਆ ਗਏ ਤੇ ਮੁਸਲਿਮ ਆਬਾਦੀ ਉਨ੍ਹਾਂ ਲਈ ਸਤਿਕਾਰ ਯੋਗ ਬਣ ਗਈ। ਜਿਸ ਪਾਰਟੀ ਦਾ ਦੇਸ਼ ਵਿੱਚ ਕੋਈ ਜਨ ਆਧਾਰ ਨਾ ਹੋਵੇ, ਜਿਹੜਾ ਨੇਤਾ ਸਿਰਫ ਬਿਹਾਰ ਤੱਕ ਸੀਮਤ ਹੋਵੇ, ਉਹ ਨੇਤਾ ਪ੍ਰਧਾਨ ਮੰਤਰੀ ਬਣਨ ਦਾ ਸੁਫਨਾ ਦੇਖਦਾ ਅਤੇ ਚਾਹੁੰਦਾ ਹੈ ਕਿ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਮਿਲ ਕੇ ਉਸ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਚੁਣ ਲੈਣ, ਉਸ ਬਾਰੇ ਕੀ ਕਿਹਾ ਜਾਵੇਗਾ? ਨਿਤੀਸ਼ ਨੇ ਇਹ ਵੀ ਦਹਾੜ ਮਾਰੀ ਸੀ ਕਿ ਉਹ ਮੋਦੀ ਨੂੰ ਕਿਸੇ ਵੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਨਹੀਂ ਬਣਨ ਦੇਣਗੇ, ਪਰ ਦੇਸ਼ ਦੇ ਲੋਕਾਂ ਨੇ ਨਿਤੀਸ਼ ਦਾ ਇਹ ਭਰਮ ਵੀ ਕੱਢ ਦਿੱਤਾ।
ਸਿਆਸੀ ਬੌਖਲਾਹਟ ਵਿੱਚ ਨਿਤੀਸ਼ ਕੁਮਾਰ ਨੇ ‘ਜੰਗਲ ਰਾਜ’ (ਲਾਲੂ) ਨਾਲ ਦੋਸਤੀ ਕਰ ਲਈ, ਜਦ ਕਿ ਜੰਗਲ ਰਾਜ ਦਾ ਖਾਤਮਾ ਕਰਨ ਲਈ ਉਨ੍ਹਾਂ ਨੇ ਜਨਤਾ ਤੋਂ ਫਤਵਾ ਮੰਗਿਆ ਸੀ ਤੇ ਜਨਤਾ ਨੇ ਉਨ੍ਹਾਂ ਨੂੰ ਵੋਟਾਂ ਵੀ ਇਸੇ ਲਈ ਦਿੱਤੀਆਂ ਸਨ। ਬਿਹਾਰ ਨੂੰ ਬੜੀ ਮੁਸ਼ਕਿਲ ਨਾਲ ਜੰਗਲ ਰਾਜ ਤੋਂ ਮੁਕਤੀ ਮਿਲੀ, ਪਰ ਨਿਤੀਸ਼ ਨੇ ਫਿਰ ਲਾਲੂ ਨਾਲ ਦੋਸਤੀ ਗੰਢ ਲਈ ਤੇ ਉਸ ਦੇ ਨਤੀਜੇ ਵੀ ਸਾਹਮਣੇ ਆ ਗਏ। ਲਾਲੂ ਖਾਨਦਾਨ ਨਾਲ ਦੋਸਤੀ ਵਿੱਚੋਂ ਨਿਕਲੀ ਸੱਤਾ ਹੁਣ ਜ਼ਹਿਰੀਲੀ ਤੇ ਭਿ੍ਰਸ਼ਟਾਚਾਰੀ ਹੋ ਗਈ ਸੀ, ਅਪਾਰਧ ਸਿਖਰਾਂ ਉੱਤੇ ਸਨ, ਲਾਲੂ ਖਾਨਦਾਨ ਦੇ ਭਿ੍ਰਸ਼ਟਾਚਾਰ ਦੀਆਂ ਕਹਾਣੀਆਂ ਸਾਹਮਣੇ ਆਉਣ ਲੱਗ ਪਈਆਂ ਤੇ ਨਿਤੀਸ਼ ਕੁਮਾਰ ਦੀ ਈਮਾਨਦਾਰੀ ਦਾਅ ‘ਤੇ ਲੱਗ ਗਈ ਸੀ।
ਲਾਲੂ ਪ੍ਰਸਾਦ ਵੀ ਠਿੱਬੀ ਲਾਉਣ ਦੀ ਤਾਕ ਵਿੱਚ ਸਨ। ਉਹ ਆਪਣੇ ਬੇਟੇ ਤੇਜਸਵੀ ਨੂੰ ਸਿਆਸੀ ਟਰੇਨਿੰਗ ਦੇ ਰਹੇ ਸਨ। ਜਦੋਂ ਤੇਜਸਵੀ ਯਾਦਵ ਦੀ ਸਿਆਸੀ ਟਰੇਨਿੰਗ ਪੂਰੀ ਹੁੰਦੀ ਅਤੇ ਉਹ ਸਿਆਸੀ ਤੌਰ ‘ਤੇ ਪ੍ਰਪੱਕ ਹੋ ਜਾਂਦਾ, ਲਾਲੂ ਨੇ ਨਿਤੀਸ਼ ਨੂੰ ਠਿੱਬੀ ਲਾ ਦੇਣੀ ਸੀ। ਨਿਤੀਸ਼ ਕੁਮਾਰ ਇਹ ਗੱਲ ਸਮਝ ਚੁੱਕੇ ਸਨ। ਉਨ੍ਹਾਂ ਨੇ ਦੇਖਿਆ ਕਿ ਲਾਲੂ ਬਾਜ਼ੀ ਨਾ ਮਾਰ ਲਵੇ, ਇਸ ਲਈ ਪਹਿਲਾਂ ਲਾਲੂ ਦੇ ਪੂਰੇ ਖਾਨਦਾਨ ਨੂੰ ਕਿਉਂ ਨਾ ਦਾਗਦਾਰ ਬਣਾ ਦਿੱਤਾ ਜਾਵੇ। ਇਸੇ ਸੰਦਰਭ ਵਿੱਚ ਲਾਲੂ ਯਾਦਵ ਦੇ ਪਰਵਾਰ ਵੱਲੋਂ ਕੀਤੇ ਭਿ੍ਰਸ਼ਟਾਚਾਰ ਦੀਆਂ ਕਹਾਣੀਆਂ ਬਾਹਰ ਆਈਆਂ। ਸਭ ਨੂੰ ਪਤਾ ਹੈ ਕਿ ਨਿਤੀਸ਼ ਨੇ ਪਹਿਲਾਂ ਹੀ ਇਸ ਦੀ ਯੋਜਨਾ ਘੜ ਲਈ ਸੀ। ਉਨ੍ਹਾਂ ਦਾ ਮੋਦੀ ਨੂੰ ਮਿਲਣਾ ਅਤੇ ਰਾਸ਼ਟਰਪਤੀ ਦੇ ਅਹੁਦੇ ਲਈ ਭਾਜਪਾ ਉਮੀਦਵਾਰ ਦਾ ਸਮਰਥਨ ਕਰਨਾ ਇਸੇ ਯੋਜਨਾ ਦਾ ਹਿੱਸਾ ਸੀ। ਲਾਲੂ ਨੇ ਵੀ ਠਾਣ ਲਿਆ ਸੀ ਕਿ ਚਾਹੇ ਜੋ ਮਰਜ਼ੀ ਹੋ ਜਾਵੇ, ਉਨ੍ਹਾਂ ਦਾ ਬੇਟਾ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਵੇਗਾ। ਫਿਰ ਇਸ ਤੋਂ ਬਾਅਦ ਨਿਤੀਸ਼ ਨੇ ਆਪਣੀ ਖੇਡ ਖੇਡੀ।
ਲਾਲੂ ਤੇ ਉਨ੍ਹਾਂ ਦੇ ਪਰਵਾਰ ਵੱਲੋਂ ਕੀਤੇ ਭਿ੍ਰਸ਼ਟਾਚਾਰ ਤੋਂ ਕੋਈ ਇਨਕਾਰੀ ਨਹੀਂ ਹੋਵੇਗਾ ਤੇ ਨਾ ਇਸ ਦੇ ਪੱਖ ਵਿੱਚ ਕਿਸੇ ਨੂੰ ਹਮਦਰਦੀ ਹੋਣੀ ਚਾਹੀਦੀ ਹੈ, ਪਰ ਨਿਤੀਸ਼ ਕੁਮਾਰ ਦੀ ਬੇਯਕੀਨੀ ਅਤੇ ਅਨੈਤਿਕਤਾ ਵੀ ਇੱਕ ਗੰਭੀਰ ਚਿੰਤਾ ਦਾ ਸਿਆਸੀ ਵਿਸ਼ਾ ਹੈ। ਜੇ ਨਿਤੀਸ਼ ਕੁਮਾਰ ਸੱਚਮੁੱਚ ਈਮਾਨਦਾਰ ਹਨ ਅਤੇ ਉਨ੍ਹਾਂ ਨੂੰ ਜਨਤਾ ਦਾ ਸਮਰਥਨ ਹਾਸਲ ਹੈ ਤਾਂ ਉਨ੍ਹਾਂ ਨੂੰ ਭਾਜਪਾ ਨਾਲ ਗਠਜੋੜ ਕਰਨ ਦੀ ਲੋੜ ਨਹੀਂ ਸੀ, ਉਨ੍ਹਾਂ ਨੂੰ ਜਨਤਾ ਵਿੱਚ ਜਾ ਕੇ ਫਤਵਾ ਲੈਣਾ ਚਾਹੀਦਾ ਸੀ।