ਯੂਰਪ ਦੇ 10 ਦੇਸ਼ਾਂ ‘ਚ ਹਾਥੀ ਦੰਦਾਂ ਦੀ ਧੜੱਲੇ ਨਾਲ ਨਾਜਾਇਜ਼ ਵਿਕਰੀ

ਨਿਊਯਾਰਕ, 11 ਜੁਲਾਈ (ਪੋਸਟ ਬਿਊਰੋ)- ਯੂਰਪ ਦੇ 10 ਦੇਸ਼ਾਂ ਵਿੱਚ ਹਾਥੀ ਦੰਦਾਂ ਦੀ ਗੈਰ ਕਾਨੂੰਨੀ ਵਿਕਰੀ ਹੋਣ ਦੀ ਖਬਰ ਆਉਣ ਤੋਂ ਬਾਅਦ ਏਜੰਸੀਆਂ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
‘ਦ ਗਾਰਡੀਅਨ’ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਨਿਊਯਾਰਕ ਦੇ ਇੱਕ ਗਰੁੱਪ ਨੇ ਚਾਰ ਮਹੀਨਿਆਂ ‘ਚ ਹਾਥੀ ਦੰਦ ਤੋਂ ਬਣੇ 109 ਸਾਮਾਨਾਂ ਦੀ ਖਰੀਦ ਕੀਤੀ ਹੈ, ਜੋ ਬੈਲਜੀਅਮ, ਬੁਲਗਾਰੀਆ, ਫਰਾਂਸ, ਜਰਮਨੀ, ਆਇਰਲੈਂਡ, ਇਟਲੀ, ਨੀਦਰਲੈਂਡ, ਪੁਰਤਗਾਲ, ਸਪੇਨ ਤੇ ਬ੍ਰਿਟੇਨ ਤੋਂ ਖਰੀਦੇ ਗਏ ਹਨ। ਇਸ ਗਰੁੱਪ ਨੇ ਇਨ੍ਹਾਂ ਸਾਮਾਨਾਂ ‘ਚ ਹਾਥੀ ਦੰਦ ਦੀ ਜਾਂਚ ਆਕਸਫੋਰਡ ਯੂਨੀਵਰਸਿਟੀ ਦੀ ਲੈਬਾਰਟਰੀ ‘ਚ ਰੇਡੀਓਕਾਰਬਨ ਡੇਟਿੰਗ ਤਕਨੀਕ ਨਾਲ ਕਰਵਾਈ ਹੈ। ਕੁੱਲ ਸਾਮਾਨ ਦੇ 20 ਫੀਸਦੀ ‘ਚ ਇਸਤੇਮਾਲ ਕੀਤੇ ਗਏ ਹਾਥੀ ਦੰਦਾਂ ਲਈ ਜਾਨਵਰਾਂ ਨੂੰ 1990 ਤੋਂ ਬਾਅਦ ਮਾਰਿਆ ਗਿਆ ਸੀ, ਜੋ ਹਾਥੀ ਦੰਦਾਂ ਦੇ ਵਿਸ਼ਵ ਵਿਆਪੀ ਕਾਰੋਬਾਰ ‘ਤੇ 1989 ‘ਚ ਲਾਈ ਗਈ ਰੋਕ ਤੋਂ ਬਾਅਦ ਗੈਰ ਕਾਨੂੰਨੀ ਹੈ। ਇਸ ਦੇ ਤਿੰਨ ਚੌਥਾਈ ਸਾਮਾਨ ‘ਚ ਵਰਤੇ ਗਏ ਹਾਥੀ ਦੰਦਾਂ ਲਈ ਜਾਨਵਰਾਂ ਨੂੰ 1947 ਤੋਂ ਬਾਅਦ ਮਾਰਿਆ ਗਿਆ ਹੈ। ਉਸ ਸਮੇਂ ‘ਚ ਹਾਥੀ ਦੰਦਾਂ ਤੋਂ ਬਣੇ ਸਾਮਾਨਾਂ ਦੀ ਕਾਨੂੰਨੀ ਵਿਕਰੀ ਲਈ ਅਧਿਕਾਰਕ ਦਸਤਾਵੇਜ਼ ਹੋਣੇ ਜ਼ਰੂਰੀ ਸਨ। ਇਸ ਗਰੁੱਪ ਦੇ ਡਾਇਰੈਕਟਰ ਬਰਟ ਵੈਂਡਰ ਨੇ ਕਿਹਾ ਕਿ ਇਹ ਬਿਨਾਂ ਕਿਸੇ ਸ਼ੱਕ ਦੇ ਸਿੱਧ ਕਰਦਾ ਹੈ ਕਿ ਹਾਥੀ ਦੰਦਾਂ ਤੋਂ ਬਣੇ ਸਾਮਾਨ ਦੀ ਗੈਰ ਕਾਨੂੰਨੀ ਵਿਕਰੀ ਸਮੁੱਚੇ ਯੂਰਪ ਵਿੱਚ ਹੋ ਰਹੀ ਹੈ।