ਯੂਨੀਵਰਸਿਟੀਆਂ ਹੀ ਅਸਹਿਮਤੀ ਅਤੇ ਚੁਣੌਤੀ ਦਾ ਇੱਕੋ-ਇੱਕ ਮੰਚ ਰਹਿ ਗਈਆਂ ਹਨ

kanhayia kumar

-ਆਕਾਰ ਪਟੇਲ
ਤਾਜ਼ਾ ਰਿਪੋਰਟਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਵੱਲੋਂ ਕੰਟਰੋਲ ਸ਼ੁਦਾ ਦਿੱਲੀ ਪੁਲਸ ਨੂੰ ਕਨ੍ਹਈਆ ਕੁਮਾਰ ਵਿਰੁੱਧ ਬਗਾਵਤ ਦਾ ਕੋਈ ਸਬੂਤ ਨਹੀਂ ਮਿਲਿਆ। ਜਿਨ੍ਹਾਂ ਲੋਕਾਂ ਨੂੰ ਉਸ ਦੀ ਜਾਣਕਾਰੀ ਨਹੀਂ, ਉਨ੍ਹਾਂ ਲਈ ਕਨ੍ਹਈਆ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਇੱਕ ਵਿਦਿਆਰਥੀ ਹੀ ਹੈ, ਜੋ ਬੀਤੇ ਸਾਲ ਰਾਸ਼ਟਰੀ ਪੱਧਰ ‘ਤੇ ਨਫਰਤ ਦਾ ਪਾਤਰ ਬਣ ਗਿਆ ਸੀ। ਉਸ ‘ਤੇ ਭਾਰਤ ਵਿਰੋਧੀ ਨਾਅਰੇਬਾਜ਼ੀ ਕਰਨ ਦਾ ਦੋਸ਼ ਲਾਇਆ ਗਿਆ ਸੀ। ਭਾਰਤ ਵਿਰੋਧੀ ਨਾਅਰੇਬਾਜ਼ੀ ਦਾ ਇਹ ਜੁਮਲਾ ਅਸਲ ਵਿੱਚ ਉਸ ਦੇ ਅਤੇ ਉਸ ਦੇ ਮੁਕੱਦਮੇ ਕਾਰਨ ਹੀ ਮਸ਼ਹੂਰ ਹੋਇਆ ਸੀ। ਫਿਰ ਵੀ ਜ਼ਿਆਦਾਤਰ ਲੋਕ ਨਹੀਂ ਜਾਣਦੇ ਕਿ ਅਸਲ ਵਿੱਚ ਭਾਰਤ ਵਿਰੋਧੀ ਨਾਅਰੇਬਾਜ਼ੀ ਕੀ ਚੀਜ਼ ਹੁੰਦੀ ਹੈ।
‘ਕਸ਼ਮੀਰ ਮਾਂਗੇ ਆਜ਼ਾਦੀ’ ਦੇ ਨਾਅਰੇ ਨੂੰ ਭਾਰਤ ਵਿਰੋਧ ਮੰਨਿਆ ਜਾਂਦਾ ਹੈ, ਹਾਲਾਂਕਿ ਆਜ਼ਾਦੀ ਦੇ ਪਤਾ ਨਹੀਂ ਕਿੰਨੇ ਰੂਪ ਅਤੇ ਕਿੰਨੇ ਅਰਥ ਹਨ। ਜੇ ਅਸੀਂ ਇਸ ਨੂੰ ‘ਭਾਰਤ ਵਿਰੋਧੀ’ ਵੀ ਮੰਨ ਲਈਏ ਤਾਂ ਇਹ ਬਗਾਵਤ ਨਹੀਂ ਹੈ। ਸੁਪਰੀਮ ਕੋਰਟ ਇਸ ਮੁੱਦੇ ‘ਤੇ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਕਿਸੇ ਉੱਤੇ ਉਦੋਂ ਤੱਕ ਬਗਾਵਤ ਦਾ ਦੋਸ਼ ਨਹੀਂ ਲਾਇਆ ਜਾ ਸਕਦਾ, ਜਦੋਂ ਤੱਕ ਉਹ ਵਿਸ਼ੇਸ਼ ਤੌਰ ‘ਤੇ ਹਿੰਸਾ ਨੂੰ ਸੱਦਾ ਨਹੀਂ ਦਿੰਦਾ।
ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਪੁਲਸ ਕੋਲ ਜੋ ਟੇਪਾਂ ਮੌਜੂਦ ਹਨ, ਉਨ੍ਹਾਂ ਵਿੱਚ ਕਨਈਆ ਦੀ ਆਵਾਜ਼ ਸੁਣੀ ਨਹੀਂ ਜਾ ਸਕਦੀ। ਇਸ ਕਾਰਨ ਉਸ ‘ਤੇ ਬਗਾਵਤ ਦਾ ਦੋਸ਼ ਲਾਇਆ ਨਹੀਂ ਜਾਣਾ ਚਾਹੀਦਾ ਸੀ ਅਤੇ ਨਾ ਹੀ ਉਸ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਿਆ ਜਾਣਾ ਚਾਹੀਦਾ ਸੀ। ਅਦਾਲਤ ਕੰਪਲੈਕਸ ‘ਚ ਵਕੀਲਾਂ ਵੱਲੋਂ ਉਸ ‘ਤੇ ਹਮਲਾ ਕੀਤਾ ਜਾਣਾ ਵੀ ਅਪਰਾਧਕ ਕਾਰਾ ਸੀ। ਇਸ ਲਈ ਪ੍ਰਧਾਨ ਮੰਤਰੀ ਤੇ ਸਮ੍ਰਿਤੀ ਇਰਾਨੀ ਨੂੰ ਉਸ ਨੂੰ ਮੁਆਫ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੋਵਾਂ ਨੇ ਜੇ ਐੱਨ ਯੂ ਦੇ ਮਾਮਲੇ ਵਿੱਚ ਟਵੀਟ ਕੀਤੇ ਸਨ ਅਤੇ ਬਹੁਤ ਸਖਤ ਬਿਆਨ ਦਿੱਤੇ ਸਨ।
ਜਦੋਂ ਉਸ ਨੂੰ ਜੇਲ੍ਹ ਵਿੱਚੋਂ ਰਿਹਾਅ ਕੀਤਾ ਗਿਆ ਤਾਂ ਕਨ੍ਹਈਆ ਨੇ ਜੋ ਭਾਸ਼ਣ ਦਿੱਤਾ, ਉਹ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਵਿੱਚ ਬਹੁਤ ਪ੍ਰਭਾਵਸ਼ਾਲੀ ਸੀ। ਮੈਂ ਵੀ ਉਨ੍ਹਾਂ ਲੋਕਾਂ ਵਿੱਚੋਂ ਸੀ ਅਤੇ ਉਦੋਂ ਮੈਂ ਦੇਖਿਆ ਸੀ ਕਿ ਭਾਜਪਾ ਨੂੰ ਹੁਣ ਉਸ ਨੂੰ ਹੋਰ ਜ਼ਿਆਦਾ ਉਂਗਲੀ ਨਹੀਂ ਉਠਾਉਣੀ ਚਾਹੀਦੀ, ਕਿਉਂਕਿ ਉਹ ਭਾਜਪਾ ਲਈ ਖਤਰਨਾਕ ਹੈ। ਉਸ ਦੇ ਜ਼ੁਬਾਨ ‘ਚ ਕੋਈ ਜਾਦੂ ਹੈ ਅਤੇ ਉਹ ਪ੍ਰਧਾਨ ਮੰਤਰੀ ਦੇ ਦਿਖਾਵੇਬਾਜ਼ੀ ਉੱਤੇ ਆਧਾਰਤ ਭਾਸ਼ਣ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਤਾਰ-ਤਾਰ ਕਰ ਸਕਦਾ ਹੈ, ਜਦ ਕਿ ਰਾਹੁਲ ਗਾਂਧੀ ਵਰਗੇ ਨੇਤਾ ਇਸ ਤਰ੍ਹਾਂ ਦੀ ਯੋਗਤਾ ਨਹੀਂ ਰੱਖਦੇ। ਜਦੋਂ ਉਹ ਜੇਲ੍ਹ ਵਿੱਚੋਂ ਬਾਹਰ ਆਇਆ ਤਾਂ ਮੈਂ ਕਨ੍ਹਈਆ ਨੂੰ ਮਿਲਿਆ ਅਤੇ ਮੀਟਿੰਗ ਵਿੱਚ ਉਨ੍ਹਾਂ ਤੱਥਾਂ ਦੀ ਪੁਸ਼ਟੀ ਹੋ ਗਈ, ਜਿਨ੍ਹਾਂ ਦਾ ਸਪੱਸ਼ਟ ਸੰਕੇਤ ਉਸ ਦੇ ਭਾਸ਼ਣ ਤੋਂ ਮਿਲਿਆ ਸੀ। ਉਹ ਬਹੁਤ ਆਕਰਸ਼ਕ ਸ਼ਖਸੀਅਤ ਦਾ ਮਾਲਕ, ਗਹਿਰ-ਗੰਭੀਰ, ਸੋਚਵਾਨ ਅਤੇ ਸਾਦਾ ਜਿਹਾ ਵਿਅਕਤੀ ਹੈ, ਜੋ ਆਪਣੇ ਬਾਰੇ ਗੱਲਾਂ ਕਰਨਾ ਪਸੰਦ ਨਹੀਂ ਕਰਦਾ, ਸਗੋਂ ਜ਼ਿਆਦਾ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕਰਨ ਨੂੰ ਤਰਜੀਹ ਦਿੰਦਾ ਹੈ।
ਉਸ ਦੀ ਰਿਹਾਈ ਦੇ ਸਮੇਂ ਤੋਂ ਹੀ ਭਾਜਪਾ ਸਮਰਥਕ ਵਿਦਿਆਰਥੀ ਉਸ ਦੀ ਅਣਦੇਖੀ ਕਰਦੇ ਆ ਰਹੇ ਹਨ ਅਤੇ ਭਾਜਪਾ ਖੁਦ ਵੀ ਉਸ ਨਾਲ ਸੰਵਾਦ ਰਚਾਉਣ ਤੋਂ ਦੂਰ ਰਹੀ ਹੈ। ਇਸ ਤਰ੍ਹਾਂ ਇਸ ਨੇ ਬਹੁਤ ਸਮਝਦਾਰੀ ਭਰਿਆ ਕੰਮ ਕਰਦਿਆਂ ਉਸ ਨੂੰ ਮੀਡੀਆ ਦੀਆਂ ਨਜ਼ਰਾਂ ਵਿੱਚ ਚੜ੍ਹਨ ਨਹੀਂ ਦਿੱਤਾ। ਉਸ ਦੇ ਵਿਰੁੱਧ ਕੋਈ ਸਬੂਤ ਨਾ ਹੋਣ ਦੀ ਖਬਰ ਸ਼ਾਇਦ ਜਾਣਬੁਝ ਕੇ ਲੀਕ ਕੀਤੀ ਗਈ ਹੈ ਕਿ ਇਸ ਮਾਮਲੇ ਨੂੰ ਕਿਸ ਤਰ੍ਹਾਂ ਬੰਦ ਕਰ ਕੇ ਅੱਗੇ ਵਧਿਆ ਜਾਵੇ, ਪਰ ਸਾਡੀਆਂ ਯੂਨੀਵਰਸਿਟੀਆਂ ‘ਚ ਰਾਸ਼ਟਰ ਵਿਰੋਧੀ ਮੁੱਦਾ ਫਿਰ ਤੋਂ ਭੜਕ ਉਠਿਆ ਹੈ। ਹੁਣ ਗੁਰਮੇਹਰ ਕੌਰ ਵਰਗੇ ਹੋਰ ਨੌਜਵਾਨ ਲੋਕ ਰਾਸ਼ਟਰੀ ਸ਼ਖਸੀਅਤਾਂ ਬਣ ਗਏ ਹਨ। ਉਹ ਇੱਕ ਸ਼ਹੀਦ ਫੌਜੀ ਦੀ ਬੇਟੀ ਹੈ, ਜਿਸ ਦੀਆਂ ਜੰਗ ਦੇ ਸੰਬੰਧ ਵਿੱਚ ਟਿੱਪਣੀਆਂ ਦਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਮਜ਼ਾਕ ਉਡਾਇਆ ਸੀ। ਰਾਸ਼ਟਰ ਵਿਰੋਧ ਦੇ ਮੁੱਦੇ ‘ਤੇ ਚੱਲਦੀ ਬਹਿਸ ਦੇ ਦੋ ਪੱਖ ਹਨ, ਪਰ ਸਾਨੂੰ ਇਹ ਮੰਨਣਾ ਪਵੇਗਾ ਕਿ ਇੱਕ ਪੱਖ ਹਿੰਸਕ ਹੈ ਅਤੇ ਉਹ ਸੱਤਾ ਪੱਖ।
ਫਿਰ ਵੀ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਵਿਦਿਆਰਥੀਆਂ ਨੂੰ ਸਪੱਸ਼ਟ ਹੈ ਕਿ ਉਨ੍ਹਾਂ ਦੀਆਂ ਕਾਰਵਾਈਆਂ ਨੂੰ ਮੀਡੀਆ ਤੇ ਆਮ ਜਨਤਾ ਨਫਰਤ ਦੀ ਨਜ਼ਰ ਨਾਲ ਦੇਖਦੀ ਹੈ ਤਾਂ ਵੀ ਉਹ ਪੰਗਾ ਲੈਣ ‘ਤੇ ਉਤਾਰੂ ਕਿਉਂ ਹਨ ਅਤੇ ਹਿੰਸਾ ਸਹਿਣ ਲਈ ਕਿਉਂ ਉਤਾਵਲੇ ਰਹਿੰਦੇ ਹਨ? ਇਸ ਦਾ ਕਾਰਨ ਇਹ ਹੈ ਕਿ ਅੱਜ ਭਾਰਤ ਵਿੱਚ ਪ੍ਰਮੁੱਖ ਤੌਰ ‘ਤੇ ਬਹੁ-ਸੰਖਿਆਵਾਦੀ ਅਤੇ ਬਦਮਾਸ਼ੀ ਭਰੀ ਵਿਚਾਰਧਾਰਾ ਨਾਲ ਟੱਕਰ ਲੈਣ ਲਈ ਕੋਈ ਵੀ ਹੋਰ ਮੰਚ ਨਹੀਂ ਰਹਿ ਗਿਆ। ਭਾਜਪਾ ਤੇ ਇਸ ਦੇ ਹਿੰਦੂਵਾਦੀ ਧੜੇ ਕੱਟੜ ਰਾਸ਼ਟਰਵਾਦ ਦਾ ਏਜੰਡਾ ਅੱਗੇ ਵਧਾ ਰਹੇ ਹਨ। ਰਾਸ਼ਟਰ ਗਾਨ ਦਾ ਮੁੱਦਾ ਹੋਵੇ ਜਾਂ ਤਿਰੰਗੇ ਦਾ, ਕਸ਼ਮੀਰ ਦਾ ਮੁੱਦਾ ਹੋਵੇ ਜਾਂ ਮਾਓਵਾਦ ਦਾ ਜਾਂ ਉਨ੍ਹਾਂ ਨਾਲ ਮਤਭੇਦ ਰੱਖਣ ਵਾਲੇ ਘੱਟਗਿਣਤੀ ਫਿਰਕਿਆਂ ਦੇ ਅਧਿਕਾਰਾਂ ਦਾ; ਉਹ ਕਿਸੇ ਵੀ ਮਾਮਲੇ ਵਿੱਚ ਵੱਖਰੇ ਵਿਚਾਰ ਬਰਦਾਸ਼ਤ ਕਰਨ ਲਈ ਤਿਆਰ ਨਹੀਂ।
ਹੋਰ ਸਿਆਸੀ ਪਾਰਟੀਆਂ ਰਾਸ਼ਟਰਵਾਦ ਦੇ ਮੁੱਦੇ Ḕਤੇ ਹੋ ਰਹੀ ਬਹਿਸ ਤੋਂ ਕੰਨੀ ਕਤਰਾ ਰਹੇ ਹਨ। ਕਾਂਗਰਸ ਤਾਂ ਇਥੋਂ ਤੱਕ ਮੰਨ ਰਹੀ ਹੈ ਕਿ ਨਿੱਜੀ ਅਧਿਕਾਰਾਂ, ਪ੍ਰਗਟਾਵੇ ਦੀ ਆਜ਼ਾਦੀ ਤੇ ਹੋਰ ਨਾਗਰਿਕ ਆਜ਼ਾਦੀ ਲਈ ਲੜਨ ਨਾਲ ਕੋਈ ਚੋਣ ਲਾਭ ਨਹੀਂ ਮਿਲਣ ਵਾਲਾ। ਇਥੋਂ ਤੱਕ ਕਿ ਅਦਾਲਤਾਂ ਨੇ ਵੀ ਫੈਸਲਾ ਕਰ ਲਿਆ ਹੈ ਕਿ ਜ਼ਿਆਦਾਤਰ ਲੋਕਾਂ ਦਾ ਰੁਝਾਨ ਮਹਾਨ ਰਾਸ਼ਟਰਵਾਦ ਦੇ ਪੱਖ ਵਿੱਚ ਹੈ ਅਤੇ ਹਾਲ ਹੀ ਵਿੱਚ ਇਸ ਵੱਲੋਂ ਸਿਨੇਮਾਘਰਾਂ ਵਿੱਚ ਰਾਸ਼ਟਰ ਗਾਨ ਤੋਂ ਪਹਿਲਾਂ ਸਾਰੇ ਭਾਰਤੀਆਂ ਨੂੰ ਜ਼ਰੂਰੀ ਤੌਰ Ḕਤੇ ਖੜ੍ਹੇ ਹੋਣ ਤੇ ਇਸ ਨੂੰ ਸੁਣਨ ਵਰਗੇ ਫੈਸਲੇ ਦਿੱਤੇ ਜਾਣੇ, ਇਸੇ ਵੱਲ ਸੰਕੇਤ ਕਰਦਾ ਹੈ। ਮੀਡੀਆ ਨੰਗੇ-ਚਿੱਟੇ ਰੂਪ ਵਿੱਚ ਇੱਕ ਕਿੱਤਾ ਹੈ, ਇਸ ਲਈ ਉਸ ਨੂੰ ਹਰ ਹਾਲਤ ਵਿੱਚ ਜਨਤਾ ਦੇ ਰੁਝਾਨ ਅੱਗੇ ਸਿਰ ਝੁਕਾਉਣਾ ਪੈਂਦਾ ਹੈ। ਕੁਝ ਹੱਦ ਤੱਕ ਅਖਬਾਰਾਂ ਆਪਣੇ ਸੰਪਾਦਕੀ ਅਤੇ ਜਨਮਤ ਸਫਿਆਂ ਉੱਤੇ ਅਸਹਿਮਤੀ ਦੇ ਸੁਰਾਂ ਨੂੰ ਜਗ੍ਹਾ ਦੇ ਸਕਦੀਆਂ ਹਨ, ਪਰ ਟੈਲੀਵਿਜ਼ਨ ਲਈ ਅਜਿਹਾ ਕਰਨਾ ਬਿਲਕੁਲ ਸੰਭਵ ਨਹੀਂ ਹੈ। ਟੀ ਵੀ ਚੈਨਲ ਜੇ ਜਨਤਾ ਦੇ ਬਹੁਮਤ ਨਾਲ ਖੜ੍ਹੇ ਨਹੀਂ ਹੁੰਦੇ ਤਾਂ ਉਹ ਆਪਣੀ ਉਚ ਰੇਟਿੰਗ ਕਾਇਮ ਨਹੀਂ ਰੱਖ ਸਕਦੇ।
ਅਜਿਹੇ ਵਿੱਚ ਯੂਨੀਵਰਸਿਟੀਆਂ ਹੀ ਅਸਹਿਮਤੀ ਅਤੇ ਚੁਣੌਤੀ ਦਾ ਇੱਕੋ-ਇੱਕ ਮੰਚ ਬਣ ਗਈਆਂ ਹਨ ਅਤੇ ਇਹੀ ਉਹ ਸਥਾਨ ਹਨ, ਜਿੱਥੇ ਕਨ੍ਹਈਆ, ਉਮਰ ਖਾਲਿਦ, ਗੁਰਮੇਹਰ ਤੇ ਸ਼ਹੇਲਾ ਰਾਸ਼ਿਦ ਵਰਗੇ ਦਲੇਰ ਮਰਦ ਅਤੇ ਔਰਤਾਂ ਹਿੰਦੂਵਾਦ ਵਿਰੁੱਧ ਖੜ੍ਹੇ ਹੋ ਰਹੇ ਹਨ। ਉਹ ਕੁਝ ਗਲਤ ਨਹੀਂ ਕਹਿ ਰਹੇ। ਆਖਰ ਕਸ਼ਮੀਰੀਆਂ ਨਾਲ ਗੱਲਬਾਤ ਸ਼ੁਰੂ ਕਰਨ ਵਿੱਚ ਗਲਤ ਕੀ ਹੈ? ਤੇ ਇਹ ਮੰਨਣ ਵਿੱਚ ਕਿਹੜੀ ਗਲਤ ਗੱਲ ਹੈ ਕਿ ਅਸੀਂ ਆਪਣੇ ਆਦੀਵਾਸੀਆਂ ਅਤੇ ਦਲਿਤਾਂ ਨਾਲ ਦੁਰਵਿਹਾਰ ਕਰਦੇ ਹਾਂ? ਇਹ ਤਾਂ ਆਪਣੇ ਆਪ ਵਿੱਚ ਸਪੱਸ਼ਟ ਸੱਚਾਈ ਹੈ।
ਬੀਤੇ ਦਿਨਾਂ ਵਿੱਚ ਸਾਬਕਾ ਮੁੱਖ ਚੋਣ ਕਮਿਸ਼ਨਰ ਮਨੋਹਰ ਸਿੰਘ ਗਿੱਲ (ਜਿਨ੍ਹਾਂ ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਸ਼ੁਰੂਆਤ ਕਰ ਕੇ ਭਾਰਤ ਦੀ ਚੋਣ ਪ੍ਰਕਿਰਿਆ ਨੂੰ ਦੁਨੀਆ ਦੀਆਂ ਬਿਹਤਰੀਨ ਚੋਣ ਪ੍ਰਣਾਲੀਆਂ ਵਿੱਚ ਜਗ੍ਹਾ ਦਿਵਾਈ) ਨਾਲ ਇਸ ਮੁੱਦੇ Ḕਤੇ ਗੱਲਬਾਤ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਕਿਸੇ ਯੂਨੀਵਰਸਿਟੀ ਨੂੰ ਕਿਹੜੀ ਗੱਲ ਮਹਾਨ ਬਣਾਉਂਦੀ ਹੈ? ਉਹ ਖੁਦ ਕੈਂਬ੍ਰਿਜ ਵਿੱਚ ਪੜ੍ਹੇ ਹਨ ਤੇ ਉਨ੍ਹਾਂ ਨੇ ਕਿਹਾ ਕਿ ਆਜ਼ਾਦ ਚਿੰਤਨ ਦੀ ਇਜਾਜ਼ਤ ਦੇ ਕਾਰਨ ਹੀ ਉਹ ਯੂਨੀਵਰਸਿਟੀ ਮਹਾਨ ਹੈ।
ਸਾਡੇ ਦਲੇਰ ਵਿਦਿਆਰਥੀ ਵੀ ਇਸੇ ਅਧਿਕਾਰ ਦੀ ਮੰਗ ਕਰ ਰਹੇ ਹਨ। ਬੀਤੇ ਸਾਲ ਉਨ੍ਹਾਂ ਨੇ ਇਸ ਅਧਿਕਾਰ ਦੀ ਮੰਗ ਕੀਤੀ ਤਾਂ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ, ਪਰ ਮੋਦੀ ਸਰਕਾਰ ਦੀ ਪੁਲਸ ਨੇ ਹੁਣ ਹੌਲੀ ਜਿਹੇ ਇਹ ਖਬਰ ਲੀਕ ਕਰ ਦਿੱਤੀ ਹੈ ਕਿ ਜਿਸ ਵਿਅਕਤੀ ਨੂੰ ਉਨ੍ਹਾਂ ਨੇ ਸ਼ੈਤਾਨ ਦੇ ਰੂਪ ਵਿੱਚ ਪੇਸ਼ ਕੀਤਾ ਸੀ, ਉਸ ਵਿਰੁੱਧ ਕੁਝ ਵੀ ਗੈਰ ਕਾਨੂੰਨੀ ਨਹੀਂ ਹੈ। ਹੁਣ ਜਦੋਂ ਕਥਿਤ ‘ਰਾਸ਼ਟਰ ਵਿਰੋਧੀਆਂḔ ਵਿਰੁੱਧ ਹਿੰਸਾ ਤੇ ਨਫਰਤ ਦਾ ਨਵਾਂ ਦੌਰ ਚੱਲ ਰਿਹਾ ਹੈ, ਤਾਂ ਸਾਨੂੰ ਸਾਰਿਆਂ ਨੂੰ ਅਸਹਿਮਤੀ ਦੇ ਸੁਰ ਉਠਾਉਣ ਵਾਲੇ ਵਿਦਿਆਰਥੀਆਂ ਦੇ ਵਿਚਾਰਾਂ ਨਾਲ ਸਹਿਮਤ ਹੁੰਦੇ ਜਾਂ ਨਾ ਹੁੰਦੇ ਹੋਏ ਵੀ ਉਨ੍ਹਾਂ ਦੀ ਹਮਾਇਤ Ḕਚ ਡਟਣਾ ਚਾਹੀਦਾ ਹੈ।