ਯੂਨੀਫਾਰਮ ਨਾ ਪਾਉਣ ਵਾਲੀ ਕੁੜੀ ਨੂੰ ਮੁੰਡਿਆਂ ਦੇ ਵਾਸ਼ਰੂਮ ਵਿੱਚ ਡੱਕ ਦਿੱਤਾ ਗਿਆ

boys toilet
ਹੈਦਰਾਬਾਦ, 12 ਸਤੰਬਰ (ਪੋਸਟ ਬਿਊਰੋ)- ਗੁਰੂਗ੍ਰਾਮ ਦੇ ਸਕੂਲ ‘ਚ ਦੂਜੀ ਜਮਾਤ ਦੇ ਵਿਦਿਆਰਥੀ ਦੀ ਹੱਤਿਆ ਦੀ ਘਟਨਾ ਦੇ ਦੌਰਾਨ ਹੈਦਰਾਬਾਦ ਦੇ ਇਕ ਸਕੂਲ ਤੋਂ ਹੈਰਾਨੀ ਵਾਲਾ ਕੇਸ ਸਾਹਮਣੇ ਆਇਆ ਹੈ। ਪੰਜਵੀਂ ਜਮਾਤ ‘ਚ ਪੜ੍ਹਦੀ 11 ਸਾਲਾ ਲੜਕੀ ਨੂੰ ਸਕੂਲ ਵਿੱਚ ਯੂਨੀਫਾਰਮ ਪਾ ਕੇ ਨਾ ਆਉਣ ਕਾਰਨ ਸਜ਼ਾ ਦੇ ਤੌਰ ‘ਤੇ ਲੜਕਿਆਂ ਦੇ ਵਾਸ਼ਰੂਮ ਵਿੱਚ ਖੜਾ ਕਰ ਦਿੱਤਾ ਗਿਆ। ਘਟਨਾ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਮਾਪਿਆਂ ਅਤੇ ਸਥਾਨਕ ਨਿਵਾਸੀਆਂ ਨੇ ਇਥੇ ਆਰ ਸੀ ਪੁਰਮ ਇਲਾਕੇ ਵਿੱਚ ਸਥਿਤ ਸਕੂਲ ਬਾਹਰ ਪ੍ਰਦਰਸ਼ਨ ਕੀਤਾ।
ਤੇਲੰਗਾਨਾ ਦੇ ਆਈ ਟੀ ਮੰਤਰੀ ਕੇ ਟੀ ਰਾਮਾਰਾਓ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਕਾਦੀਅਮ ਸ੍ਰੀਹਰੀ ਸਾਹਮਣੇ ਉਠਾਉਣਗੇ। ਇਸ ਦੌਰਾਨ ਰਾਜ ਸਰਕਾਰ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੰਦਿਆਂ ਜ਼ਿਲਾ ਸਿੱਖਿਆ ਅਧਿਕਾਰੀ ਤੋਂ ਰਿਪੋਰਟ ਮੰਗੀ ਹੈ। ਲੜਕੀ ਦੇ ਪਿਤਾ ਨੇ ਦੱਸਿਆ ਕਿ ਸ਼ਨਿਚਰਵਾਰ ਪੀ ਟੀ ਈ (ਫਿਜ਼ੀਕਲ ਟ੍ਰੇਨਿੰਗ ਐਜੂਕੇਸ਼ਨ) ਦੀ ਅਧਿਆਪਕਾ ਨੇ ਉਨ੍ਹਾਂ ਦੀ ਬੇਟੀ ਤੋਂ ਸਕੂਲ ਵਿੱਚ ਯੂਨੀਫਾਰਮ ਨਾ ਪਾਉਣ ਦਾ ਕਾਰਨ ਪੁੱਛਿਆ। ਬੱਚੀ ਦਾ ਸਪੱਸ਼ਟੀਕਰਨ ਸੁਣੇ ਬਿਨਾਂ ਟੀਚਰ ਉਸ ਨੂੰ ਘੜੀਸ ਕੇ ਲੈ ਗਈ ਅਤੇ ਸਜ਼ਾ ਦੇ ਤੌਰ ਉੱਤੇ ਪੰਜ ਮਿੰਟ ਤੱਕ ਲੜਕਿਆਂ ਦੇ ਵਾਸ਼ਰੂਮ ਵਿੱਚ ਖੜੇ ਰਹਿਣ ਨੂੰ ਕਹਿ ਦਿੱਤਾ। ਪਿਤਾ ਨੇ ਕਿਹਾ, ‘ਅਸੀਂ ਸਕੂਲ ਡਾਇਰੀ ਵਿੱਚ ਨੋਟ ਲਿਖ ਕੇ ਬੱਚੀ ਨੂੰ ਸਿਰਫ ਇਕ ਦਿਨ ਲਈ ਬਿਨਾਂ ਯੂਨੀਫਾਰਮ ਦੇ ਰਹਿਣ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਸੀ। ਇਸ ਘਟਨਾ ਨਾਲ ਮੇਰੀ ਬੇਟੀ ਨੂੰ ਬਹੁਤ ਸੱਟ ਵੱਜੀ ਹੈ ਅਤੇ ਉਹ ਕਿਸੇ ਦਾ ਵੀ ਸਾਹਮਣਾ ਕਰਨ ਤੋਂ ਘਬਰਾ ਰਹੀ ਹੈ।’ ਅਧਿਆਪਕਾ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਸੀ, ਪਰ ਸਰਕਾਰ ਨੇ ਖੜੇ ਪੈਰ ਉਸ ਟੀਚਰ ਨੂੰ ਹਾਲ ਦੀ ਘੜੀ ਸਸਪੈਂਡ ਕਰ ਦਿੱਤਾ ਹੈ।