ਯੂਕੇ ਦੇ ਨੀਤੀ ਘਾੜਿਆਂ ਵੱਲੋਂ ਜਲਦ ਚੋਣਾਂ ਕਰਵਾਉਣ ਦੇ ਫੈਸਲੇ ਦਾ ਸਵਾਗਤ

backਲੰਡਨ, 19 ਅਪਰੈਲ (ਪੋਸਟ ਬਿਊਰੋ) : 2015 ਤੋਂ ਲੈ ਕੇ ਹੁਣ ਤੱਕ ਬ੍ਰਿਟਿਸ਼ ਵੋਟਰਜ਼ ਨੂੰ ਤੀਜੀ ਵਾਰੀ ਵੋਟਾਂ ਪਾਉਣੀਆਂ ਹੋਣਗੀਆਂ। ਅਜਿਹਾ ਇਸ ਲਈ ਕਿਉਂਕਿ ਨਿਰਧਾਰਤ ਸਮੇਂ ਤੋਂ ਤਿੰਨ ਸਾਲ ਪਹਿਲਾਂ 8 ਜੂਨ ਨੂੰ ਜਲਦ ਚੋਣਾਂ ਕਰਵਾਉਣ ਦੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਫੈਸਲੇ ਦਾ ਕਾਨੂੰਨ ਘਾੜਿਆਂ ਵੱਲੋਂ ਪੂਰਾ ਸਮਰਥਨ ਕੀਤਾ ਗਿਆ।

ਬ੍ਰਿਟੇਨ ਵੱਲੋਂ ਯੂਰਪੀਅਨ ਯੂਨੀਅਨ ਦਾ ਸਾਥ ਛੱਡਣ ਤੋਂ ਇੱਕ ਸਾਲ ਤੋਂ ਵੀ ਘੱਟ ਅਰਸੇ ਵਿੱਚ ਇਹ ਪਾਰਲੀਮੈਂਟਰੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਬ੍ਰੈਗਜਿ਼ਟ ਕਾਰਨ ਸਿਆਸੀ ਤੇ ਆਰਥਿਕ ਮੁੱਦੇ ਹਾਵੀ ਰਹਿਣ ਦੀ ਸੰਭਾਵਨਾ ਹੈ। ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ਪ ਦੌੜ ਤੋਂ ਬਾਅਦ ਜੁਲਾਈ ਵਿੱਚ ਸੱਤਾ ਸਾਂਭਣ ਵਾਲੀ ਮੇਅ ਇਨ੍ਹਾਂ ਚੋਣਾਂ ਨੂੰ ਸੰਸਦ ਵਿੱਚ ਆਪਣਾ ਬਹੁਮਤ ਹੋਰ ਵਧਾਉਣ ਲਈ ਵਰਤਣਾ ਚਾਹੁੰਦੀ ਹੈ ਤੇ ਇਸ ਤਰ੍ਹਾਂ ਆਪਣੀ ਤਾਕਤ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ। ਉਸ ਨੂੰ ਆਪਣੀ ਹੀ ਪਾਰਟੀ ਵਿੱਚ ਈਯੂ ਪੱਖੀ ਵਿਰੋਧੀ ਸਿਆਸਤਦਾਨਾਂ ਤੇ ਬ੍ਰੈਗਜਿ਼ਟ ਸਮਰਥਕਾਂ ਦਾ ਸਾਹਮਣਾ ਕਰਨਾ ਹੋਵੇਗਾ।
ਨੀਤੀਘਾੜਿਆਂ ਨੇ ਬੁੱਧਵਾਰ ਨੂੰ ਮੇਅ ਵੱਲੋਂ ਜਲਦ ਚੋਣਾਂ ਕਰਵਾਉਣ ਦੇ ਸੱਦੇ ਨੂੰ 13 ਦੇ ਮੁਕਾਬਲੇ 522 ਵੋਟਾਂ ਪਾ ਕੇ ਸਮਰਥਨ ਦਿੱਤਾ। ਇਸ ਤਰ੍ਹਾਂ ਇਹ ਮਤਾ 650 ਸੀਟਾਂ ਵਾਲੇ ਹਾਊਸ ਆਫ ਕਾਮਨਜ਼ ਵਿੱਚ ਇਹ ਦੋ ਤਿਹਾਈ ਵੋਟਾਂ ਦੀ ਸ਼ਰਤ ਪੂਰੀ ਕਰ ਚੁੱਕਿਆ ਹੈ। ਮੇਅ ਨੇ ਸੰਸਦ ਵਿੱਚ ਜਲਦ ਚੋਣਾਂ ਕਰਵਾਉਣ ਦੇ ਮੁੱਦੇ ਉੱਤੇ ਵੋਟਿੰਗ ਕਰਵਾਉਣ ਤੋਂ ਤੁਰੰਤ ਬਾਅਦ ਹੀ ਬਿਨਾ ਸਮਾਂ ਗੰਵਾਇਆਂ ਆਪਣਾ ਚੋਣ ਪ੍ਰਚਾਰ ਸੁ਼ਰੂ ਵੀ ਕਰ ਦਿੱਤਾ।
ਉੱਤਰਪੱਛਮੀ ਇੰਗਲੈਂਡ ਦੇ ਆਪਣੇ ਸਮਰਥਕਾਂ ਸਾਹਮਣੇ ਭਾਸ਼ਣ ਦਿੰਦਿਆਂ ਉਨ੍ਹਾਂ ਆਖਿਆ ਕਿ ਬ੍ਰੈਗਜਿ਼ਟ ਤੇ ਉਸ ਤੋਂ ਬਾਅਦ ਕੰਜ਼ਰਵੇਟਿਵ ਹੀ ਮਜ਼ਬੂਤ ਤੇ ਸਥਿਰ ਲੀਡਰਸਿ਼ਪ ਮੁਹੱਈਆ ਕਰਵਾ ਸਕਦੇ ਹਨ। ਇਸ ਤੋਂ ਪਹਿਲਾਂ ਮੇਅ ਨੇ ਆਖਿਆ ਕਿ 2020 ਵਿੱਚ ਚੋਣਾਂ ਕਰਵਾਉਣ ਦੀ ਥਾਂ ਜੂਨ ਵਿੱਚ ਚੋਣਾਂ ਕਰਵਾਉਣ ਨਾਲ ਦੇਸ਼ ਦਾ ਭਵਿੱਖ ਹੋਰ ਸੁਰੱਖਿਅਤ ਹੋਵੇਗਾ। ਹੁਣ ਜਦੋਂ ਨੀਤੀਘਾੜਿਆਂ ਵੱਲੋਂ ਚੋਣਾਂ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਤਾਂ ਸੰਸਦ ਚੋਣਾਂ ਵਾਲੇ ਦਿਨ ਤੋਂ 25 ਦਿਨ ਪਹਿਲਾਂ 2 ਮਈ ਨੂੰ ਭੰਗ ਕਰ ਦਿੱਤੀ ਜਾਵੇਗੀ।
ਵਿਰੋਧੀ ਲਿਬਰਲ ਪਾਰਟੀ ਤੇ ਲਿਬਰਲ ਡੈਮੋਕ੍ਰੈਟਸ ਨੇ ਆਪਣੀਆਂ ਨੀਤੀਆਂ ਵੋਟਰਾਂ ਤੱਕ ਪਹੁੰਚਾਉਣ ਲਈ ਇਸ ਤਬਦੀਲੀ ਦਾ ਸਵਾਗਤ ਕੀਤਾ ਹੈ। ਸਕੌਟਿਸ਼ ਨੈਸ਼ਨਲ ਪਾਰਟੀ ਨੇ ਚੋਣਾਂ ਨੂੰ ਸਨਕੀ ਸਿਆਸੀ ਚਾਲ ਦੱਸਿਆ ਹੈ। ਇਸ ਪਾਰਟੀ ਦੇ ਮੈਂਬਰਾਂ ਨੇ ਵੋਟ ਦੌਰਾਨ ਪਾਸਾ ਹੀ ਵੱਟਿਆ।