ਯੂਕੀ ਭਾਂਬਰੀ ਫਿਰ ਬਣਿਆ ਭਾਰਤ ਦਾ ਨੰਬਰ ਇੱਕ ਖਿਡਾਰੀ

bhambari

ਨਵੀਂ ਦਿੱਲੀ, 26 ਜੂਨ  (ਪੋਸਟ ਬਿਊਰੋ)- ਯੂਕੀ ਭਾਂਬਰੀ ਏਟੀਪੀ ਦੀ ਤਾਜ਼ਾ ਆਲਮੀ ਦਰਜਾਬੰਦੀ ਵਿੱਚ ਸੱਤ ਸਥਾਨ ਅੱਗੇ ਵਧ ਕੇ 219 ਸਥਾਨ ਉੱਤੇ ਪੁੱਜ ਗਿਆ ਹੈ। ਇਸ ਤਰ੍ਹਾਂ ਉਹ ਭਾਰਤ ਦਾ ਸਿੰਗਲਜ਼ ਸ਼੍ਰੇਣੀ ਵਿੱਚ ਨੰਬਰ ਇੱਕ ਖਿਡਾਰੀ ਵੀ ਬਣ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਦਾ ਰਾਮਕੁਮਾਰ ਰਾਮਾਨਾਥਨ ਸਿੰਗਲਜ਼ ਵਿੱਚ ਨੰਬਰ ਇੱਕ ਖਿਡਾਰੀ ਸੀ। ਹੁਣ ਉਹ ਇੱਕ ਸਥਾਨ ਖਿਸਕ ਕੇ ਆਲਮੀ ਦਰਜਾਬੰਦੀ ਵਿੱਚ 222ਵੇਂ ਸਥਾਨ ਉੱਤੇ ਪੁੱਜ ਗਿਆ ਹੈ। ਪਿਛਲੇ ਹਫ਼ਤੇ ਇੰਗਲੈਂਡ ਵਿੱਚ ਏਗੋਨ ਏਟੀਪੀ ਟੂਰਨਾਮੈਂਟ ਵਿੱਚ ਆਪਣੇ ਤੋਂ ਵੱਧ ਦਰਜੇ ਦੇ ਏਟੀਪੀ ਖਿਡਾਰੀ ਪੀਟਰ ਪੋਲਸਕੀ ਨੂੰ ਹਰਾ ਕੇ ਪ੍ਰੀ ਕੁਆਰਟਰ ਫਾਈਨਲ ਵਿੱਚ ਪੁੱਜਣ ਵਾਲੇ ਯੂਕੀ ਸੱਤ ਸਥਾਨ ਅੱਗੇ ਵਧ ਕੇ ਰਾਮ ਕੁਮਾਰ ਰਾਮਾਨਾਥਨ ਨੂੰ ਪਿੱਛੇ ਛੱਡਣ ਵਿੱਚ ਕਾਮਯਾਬ ਰਿਹਾ ਹੈ।
ਯੂਕੀ 2016 ਵਿੱਚ ਦੁਨੀਆਂ ਦੇ ਸਿਖ਼ਰਲੇ ਸੌ ਖਿਡਾਰੀਆਂ ਵਿੱਚ ਸ਼ਾਮਲ ਸੀ ਪਰ ਸੱਟਾਂ ਦੇ ਕਾਰਨ ਉਹ ਬਹੁਤਾ ਖੇਡ ਨਹੀਂ ਸਕਿਆ। ਅਕਤੂਬਰ 2016 ਵਿੱਚ ਉਹ 552ਵੇਂ ਸਥਾਨ ਉੱਤੇ ਖਿਸਕ ਗਿਆ ਸੀ ਪਰ ਵਾਪਸੀ ਤੋਂ ਬਾਅਦ ਉਸਨੇ ਦਰਜਾਬੰਦੀ ਵਿੱਚ ਨਿਰੰਤਰ ਸੁਧਾਰ ਕੀਤਾ। ਇਸ ਤੋਂ ਇਲਾਵਾ ਹੋਰ ਭਾਰਤੀ ਖਿਡਾਰੀਆਂ ਵਿੱਚੋਂ ਪ੍ਰਜਨੇਸ਼ ਗੁਣੇਸ਼ਵਰਨ ਨੂੰ ਵੀ ਉਜ਼ਬੇਕਸਿਤਾਨ ਦੇ ਫਰਜ਼ਾਨਾ ਚੈਲੰਜਰਜ਼ ਵਿੱਚ ਕੁਆਰਟਰ ਫਾਈਨਲ ਵਿੱਚ ਪੁੱਜਣ ਦਾ ਫਾ਼ਇਦਾ ਮਿਲਿਆ ਹੈ। ਡਬਲਜ਼ ਦਰਜਾਬੰਦੀ ਵਿੱਚ ਰੋਹਨ ਬੋਪੰਨਾ ਅਜੇ ਵੀ ਭਾਰਤ ਦੇ ਨੰਬਰ ਇੱਕ ਖਿਡਾਰੀ ਬਣੇ ਹੋਏ ਹਨ। ਉਹ ਦੋ ਸਥਾਨ ਅੱਗੇ ਵਧ ਕੇ 21 ਵੇਂ ਸਥਾਨ ਉੱਤੇ ਪੁੱਜ ਗਿਆ  ਹੈ।