ਯਾਨਿਕ ਨਿੱਕੀ ਕਤਲ ਕੇਸ ਵਿੱਚ ਜਸਕਰਨ ਸਿੰਘ ਉਰਫ ਜੱਸਾ ਬਰੀ


ਜਲੰਧਰ, 31 ਜਨਵਰੀ (ਪੋਸਟ ਬਿਊਰੋ)- ਵਧੀਕ ਜ਼ਿਲਾ ਤੇ ਸੈਸ਼ਨ ਜੱਜ ਗੁਰਮੋਹਨ ਸਿੰਘ ਦੀ ਅਦਾਲਤ ਨੇ ਅਫਰੀਕਾ ਦੇ ਬਰੁੰਡੀ ‘ਚ ਵਸਨੀਕ ਵਿਦਿਆਰਥੀ ਯਾਨਿਕ ਨਿੱਕੀ ਉੱਤੇ 21 ਅਪ੍ਰੈਲ 2012 ਨੂੰ ਹੋਏ ਜਾਨਲੇਵਾ ਹਮਲੇ ਅਤੇ ਫਿਰ ਉਸ ਦੀ ਮੌਤ ਦੇ ਕੇਸ ਵਿੱਚ ਜਸਕਰਨ ਸਿੰਘ ਉਰਫ ਜੱਸਾ ਵਾਸੀ ਇਸ਼ਰਪੁਰੀ ਕਾਲੋਨੀ, ਜਲੰਧਰ ਨੂੰ ਦੋਸ਼ ਸਾਬਤ ਨਾ ਹੋਣ ‘ਤੇ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ।
ਜੱਸਾ ਦੇ ਵਕੀਲ ਦਰਸ਼ਨ ਸਿੰਘ ਦਿਆਲ ਨੇ ਦੱਸਿਆ ਕਿ ਜੱਸਾ ਸਮੇਤ 9 ਜਣਿਆਂ ਖਿਲਾਫ ਦੋਸ਼ ਲੱਗਾ ਸੀ ਕਿ ਉਸ ਨੇ ਯਾਨਿਕ ਨਿੱਕੀ ਉੱਤੇ ਉਸ ਦੇ ਇਕ ਦੋਸਤ ਦੇ ਜਨਮ ਦਿਨ ਦੀ ਪਾਰਟੀ, ਜੋ ਡਿਫੈਂਸ ਕਾਲੋਨੀ ਇਲਾਕੇ ‘ਚ ਚੱਲਦੀ ਸੀ, ਦੌਰਾਨ ਜਾਨਲੇਵਾ ਹਮਲਾ ਕੀਤਾ ਸੀ। ਇਸ ਕੇਸ ‘ਚ ਪੁਲਸ ਅਧਿਕਾਰੀ ਦਾ ਲੜਕਾ ਰੌਮੀ ਉਪਲ ਅਜੇ ਤੱਕ ਫਰਾਰ ਹੈ ਤੇ ਬਾਕੀ ਸੱਤ ਦੋਸ਼ੀ, ਜਿਨ੍ਹਾਂ ਨੂੰ ਅਦਾਲਤ ਨੇ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ, ਹੁਣ ਜ਼ਮਾਨਤ ‘ਤੇ ਹਨ ਤੇ ਇਕ ਹੋਰ ਦੋਸ਼ੀ ਰਨਤਾਜ ਸਿੰਘ ਭਗੌੜਾ ਚੱਲ ਰਿਹਾ ਹੈ। ਦਰਸ਼ਨ ਸਿੰਘ ਦਿਆਲ ਨੇ ਦੱਸਿਆ ਕਿ ਜਸਕਰਨ ਸਿੰਘ ਇਸ ਘਟਨਾ ਤੋਂ ਅਗਲੇ ਦਿਨ ਆਸਟਰੇਲੀਆ ਚਲਾ ਗਿਆ ਸੀ, ਬਾਅਦ ‘ਚ ਸੱਤ ਮਈ 2014 ਨੂੰ ਪੁਲਸ ਨੇ ਉਸ ਨੂੰ ਆਸਟਰੇਲੀਆ ਤੋਂ ਹੀ ਗ੍ਰਿਫਤਾਰ ਕੀਤਾ ਤੇ 16 ਸਤੰਬਰ 2014 ਨੂੰ ਪੁਲਸ ਉਸ ਨੂੰ ਗ੍ਰਿਫਤਾਰ ਕਰਕੇ ਭਾਰਤ ਲਿਆਈ ਸੀ। ਇਸ ਤੋਂ ਬਾਅਦ ਕੇਸ ਜਾਰੀ ਰਿਹਾ ਤੇ ਇਸ ਦੇ ਚਸ਼ਮਦੀਦ ਗਵਾਹ ਨੇ ਜਸਕਰਨ ਦੀ ਪਛਾਣ ਤੋਂ ਮਨਾ ਕਰ ਦਿੱਤਾ ਤੇ ਨਾਲ ਮੋਬਾਈਲ ਦੀ ਲੋਕੇਸ਼ਨਾਂ ਤੋਂ ਇਹ ਗੱਲ ਸਾਬਤ ਹੋ ਗਈ ਕਿ ਉਹ ਇਸ ਦੌਰਾਨ ਜਲੰਧਰ ‘ਚ ਨਹੀਂ ਸੀ, ਬਾਹਰ ਚਲਾ ਗਿਆ ਸੀ। ਇਹ ਵੀ ਗੱਲ ਸਾਬਤ ਕਰਦੀ ਸੀ ਕਿ ਉਹ ਕਿਸੇ ਕੇਸ ਦਾ ਦੋਸ਼ੀ ਨਹੀਂ ਹੈ ਤੇ ਵਕੀਲ ਦਰਸ਼ਨ ਸਿੰਘ ਦਿਆਲ ਦੀਆਂ ਇਸੇ ਦਲੀਲਾਂ ਨਾਲ ਸਹਿਮਤੀ ਵਿਖਾਉਂਦੇ ਹੋਏ ਅਦਾਲਤ ਨੇ ਉਕਤ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ।
ਵਰਨਣ ਯੋਗ ਹੈ ਕਿ ਇਨ੍ਹਾਂ ਸਾਰਿਆਂ ਦੇ ਖਿਲਾਫ 21 ਅਪ੍ਰੈਲ 2012 ਨੂੰ ਥਾਣਾ ਸੱਤ ਵਿਖੇ ਯਾਨਿਕ ਨਿੱਕੀ ‘ਤੇ ਜਾਨਲੇਵਾ ਹਮਲਾ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ, ਇਸ ਕੇਸ ‘ਚ ਯਾਨਿਕ ਨਿੱਕੀ ਪਹਿਲਾਂ ਕਾਫੀ ਸਮਾਂ ਕੋਮਾ ‘ਚ ਰਿਹਾ ਸੀ ਤੇ ਬਾਅਦ ‘ਚ ਉਸ ਦੇ ਪਰਵਾਰ ਵਾਲੇ ਉਸ ਨੂੰ ਵਾਪਸ ਲੈ ਗਏ ਸੀ ਤੇ ਇਸ ਸਬੰਧੀ ਉਸ ਦੇ ਇਲਾਜ ਦਾ ਖਰਚਾ ਵੀ ਸਰਕਾਰ ਵੱਲੋਂ ਚੁੱਕਿਆ ਗਿਆ ਸੀ, ਪਰ ਬਾਅਦ ‘ਚ ਉਸ ਦੀ ਅਫਰੀਕਾ ਜਾ ਕੇ ਮੌਤ ਹੋ ਗਈ ਸੀ ਤੇ ਇਨ੍ਹਾਂ ਸਾਰਿਆਂ ਖਿਲਾਫ ਕਤਲ ਦਾ ਟਰਾਇਲ ਚਲਣਾ ਸੀ ਜਿਸ ‘ਤੇ ਫਿਲਹਾਲ ਸੁਪਰੀਮ ਕੋਰਟ ਵੱਲੋਂ ਸਟੇਅ ਦਿੱਤੀ ਗਈ ਹੈ।