ਮੱਧ ਪ੍ਰਦੇਸ਼ ਸਰਕਾਰ ਨੇ ਸੰਤਾਂ ਨੂੰ ਮੰਤਰੀ ਦੇ ਦਰਜ਼ੇ ਦਿੱਤੇ, ਕਾਂਗਰਸ ਵੱਲੋਂ ਵਿਰੋਧ


ਭੋਪਾਲ, 4 ਅਪ੍ਰੈਲ (ਪੋਸਟ ਬਿਊਰੋ)- ਕਾਂਗਰਸ ਦੀ ਮੱਧ ਪ੍ਰਦੇਸ਼ ਇਕਾਈ ਦੇ ਮੁੱਖ ਬੁਲਾਰੇ ਕੇ ਕੇ ਮਿਸ਼ਰਾ ਨੇ ਅੱਜ ਦੋਸ਼ ਲਾਉਂਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰ ਮੋਰਚੇ ਉੱਤੇ ਅਸਫ਼ਲ ਹੋ ਜਾਣ ਪਿੱਛੋਂ ਧਰਮ ਦੇ ਘੋੜੇ ਉੱਤੇ ਸਵਾਰ ਹੋ ਕੇ ਆਪਣੀ ਚੋਣ ਕਿਸ਼ਤੀ ਪਾਰ ਕਰਨਾ ਚਾਹੁੰਦੀ ਹੈ।
ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਵੱਲੋਂ ਮੰਗਲਵਾਰ ਨੂੰ ਨਰਮਦਾ ਨਦੀ ਸੁਰੱਖਿਆ ਦੇ ਸਿਲਸਿਲੇ ਵਿੱਚ ਬਣਾਈ ਵਿਸ਼ੇਸ਼ ਕਮੇਟੀ ਵਿੱਚ 5 ਸੰਤਾਂ ਨੂੰ ਰਾਜ ਮੰਤਰੀ ਦਾ ਦਰਜਾ ਦੇਣ ਦੇ ਸੰਬੰਧ ਵਿੱਚ ਮਿਸ਼ਰਾ ਨੇ ਦੋਸ਼ ਲਾਇਆ ਅਤੇ ਕਿਹਾ ਕਿ ਕੰਪਿਊਟਰ ਬਾਬਾ ਨਾਂ ਦੇ ਸੰਤ ਨੇ ਹਾਲ ਹੀ ਵਿੱਚ ਰਾਜ ਸਰਕਾਰ ਵੱਲੋਂ ਕੱਢੀ ਗਈ ਨਰਮਦਾ ਸੇਵਾ ਯਾਤਰਾ ਵੇਲੇ ਹੋਏ ਭ੍ਰਿਸ਼ਟਾਚਾਰ ਨੂੰ ਜ਼ਾਹਰ ਕਰਨ ਦੀ ਚਿਤਾਵਨੀ ਦਿੰਦੇ ਹੋਏ ‘ਨਰਮਦਾ ਘੁਟਾਲਾ ਰੱਥ ਯਾਤਰਾ’ ਕੱਢਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਸਰਕਾਰ ਨੇ ਲਾਲਚ ਦਿੰਦੇ ਹੋਏ ਕੰਪਿਊਟਰ ਬਾਬਾ ਸਮੇਤ 5 ਸੰਤਾਂ ਨੂੰ ਰਾਜ ਮੰਤਰੀ ਦਾ ਦਰਜਾ ਦੇ ਦਿੱਤਾ। ਮਿਸ਼ਰਾ ਨੇ ਕਿਹਾ ਕਿ ਸਰਕਾਰ ਨੇ ਸੰਤਾਂ ਨੂੰ ਲਾਲਚ ਦਿੱਤਾ ਤਾਂ ਸੰਤਾਂ ਨੂੰ ਲਾਲਚ ਨੂੰ ਠੁਕਰਾ ਦੇਣਾ ਚਾਹੀਦਾ ਸੀ। ਅਜਿਹਾ ਨਾ ਕਰਨ ਉੱਤੇ ਆਮ ਲੋਕਾਂ ਵਿੱਚ ਸੰਤਾਂ ਦੇ ਪ੍ਰਤੀ ਸਨਮਾਨ ਯਕੀਨੀ ਤੌਰ ਉੱਤੇ ਘੱਟ ਹੋਵੇਗਾ।
ਵਰਨਣ ਯੋਗ ਹੈ ਕਿ ਰਾਜ ਸਰਕਾਰ ਨੇ ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੀ ਜੀਵਨ ਰੇਖਾ ਮੰਨੇ ਜਾਣ ਵਾਲੇ ਨਮਰਦਾ ਨਦੀ ਦੇ ਤੱਟੀ ਖੇਤਰਾਂ ਵਿੱਚ ਰੁੱਖ ਲਾਉਣ ਅਤੇ ਜਲ ਸੁਰੱਖਿਆ ਦੇ ਕੰਮਾਂ ਲਈ ਇਕ ਵਿਸ਼ੇਸ਼ ਕਮੇਟੀ ਬਣਾਈ ਹੈ। ਇਸ ਦੇ ਮੈਂਬਰ ਨਰਮਦਾਨੰਦਜੀ, ਹਰਿਹਰਾਨੰਦਜੀ, ਕੰਪਿਊਟਰ ਬਾਬਾ, ਭਯੂ ਮਹਾਰਾਜ ਅਤੇ ਯੋਗੇਂਦਰ ਮਹੰਤ ਨੂੰ ਰਾਜ ਮੰਤਰੀ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ। ਕੁਝ ਸੰਤਾਂ ਨੇ ਐਲਾਨ ਕੀਤਾ ਸੀ ਕਿ ਅਪ੍ਰੈਲ ਦੇ ਪਹਿਲੇ ਪੰਦਰਵਾੜੇ ਵਿੱਚ ਨਰਮਦਾ ਘੁਟਾਲਾ ਰੱਥ ਯਾਤਰਾ ਕੱਢੀ ਜਾਵੇਗੀ, ਜਿਸ ਦੀ ਅਗਵਾਈ ਕੰਪਿਊਟਰ ਬਾਬਾ ਕਰਨਗੇ। ਇਸ ਯਾਤਰਾ ਦੌਰਾਨ ਨਰਮਦਾ ਨਦੀ ਦੀ ਸੁਰੱਖਿਆ ਦੇ ਨਾਂ ਉੱਤੇ ਹੋਏ ਘੁਟਾਲੇ ਨੂੰ ਜ਼ਾਹਰ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ। ਇਸ ਪਿੱਛੋਂ ਇਹ ਸੰਤ ਹਾਲ ਹੀ ਵਿੱਚ ਇੱਥੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਮਿਲੇ ਸਨ।
ਦੂਸਰੇ ਪਾਸੇ ਭਾਜਪਾ ਦੇ ਪ੍ਰਦੇਸ਼ ਬੁਲਾਰੇ ਰਜਨੀਸ਼ ਅਗਰਵਾਲ ਨੇ ਇਕ ਬਿਆਨ ਵਿੱਚ ਕਿਹਾ ਕਿ ਕਾਂਗਰਸ ਨੂੰ ਸੰਤਾਂ ਦੇ ਨਾਂ ਉੱਤੇ ਨਾਰਾਜ਼ਗੀ ਜ਼ਾਹਰ ਕਰਨ ਦੀ ਥਾਂ ਸਕਾਰਾਤਮਕ ਅਤੇ ਰਚਨਾਤਮਕ ਪੱਖ ਰੱਖਣਾ ਚਾਹੀਦਾ ਹੈ। ਦਰੱਖਤ ਲਾਉਣ, ਜਲ ਸੁਰੱਖਿਆ ਤੇ ਸਵੱਛਤਾ ਵਰਗੇ ਸਮਾਜਿਕ ਤੇ ਵਾਤਾਵਰਣ ਸਰੋਕਾਰਾਂ ਨਾਲ ਜੁੜੇ ਮੁੱਦਿਆਂ ਬਾਰੇ ਸੰਤਾਂ ਦੀ ਅਹਿਮ ਭੂਮਿਕਾ ਕਾਰਨ ਰਾਜ ਸਰਕਾਰ ਦੀ ਕੋਸ਼ਿਸ਼ ਸੁਆਗਤ ਯੋਗ ਹੈ। ਸਮਾਜ ਵਿੱਚ ਸੰਤ ਪ੍ਰੇਰਨਾ ਅਤੇ ਚੇਤਨਾ ਪੈਦਾ ਕਰਦੇ ਹਨ, ਇਸ ਲਈ ਜਲ ਸੁਰੱਖਿਆ ਤੇ ਦਰੱਖਤ ਲਾਉਣ ਦੀ ਕੋਸ਼ਿਸ਼ ਉਨ੍ਹਾਂ ਰਾਹੀਂ ਤੇਜ਼ੀ ਨਾਲ ਹੋਵੇਗੀ।
ਪੰਡਤ ਯੋਗੇਂਦਰ ਮਹੰਤ ਨੇ ਕਿਹਾ, ‘ਸਾਨੂੰ ਰਾਜ ਮੰਤਰੀ ਦੇ ਅਹੁਦੇ ਨਾਲ ਸਭ ਸਹੂਲਤਾਂ ਵੀ ਮਿਲਣਗੀਆਂ।’ ਉੱਥੇ ਇਸ ਨੂੰ ਸਰਕਾਰ ਵੱਲੋਂ ਸਾਧੂ-ਸੰਤ ਸਮਾਜ ਨੂੰ ਲਾਲਚ ਦੇਣ ਦੀ ਕੋਸ਼ਿਸ਼ ਉੱਤੇ ਪੰਡਤ ਯੋਗੇਂਦਰ ਨੇ ਕਿਹਾ, ‘ਸਰਕਾਰ ਸਾਰੇ ਵਰਗਾਂ ਲਈ ਕੰਮ ਕਰਦੀ ਹੈ। ਵਾਤਾਵਾਰਣ ਲਈ, ਨਦੀਆਂ ਦੀ ਸੁਰੱਖਿਆ ਅਤੇ ਨਦੀ ਕਿਨਾਰੇ ਰੁੱਖ ਲਾਉਣ ਲਈ ਸਰਕਾਰ ਜਨਤਾ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਸੰਤਾਂ ਨੂੰ ਨਿਯੁਕਤ ਕੀਤਾ ਗਿਆ ਹੈ।’