ਮੱਧ ਪ੍ਰਦੇਸ਼ ਵਿੱਚੋਂ ਪੰਜ ਖਾਲਿਸਤਾਨੀ ਖਾੜਕੂ ਗ੍ਰਿਫਤਾਰ

khalistani terrorists
ਅੰਮ੍ਰਿਤਸਰ, 10 ਅਗੱਸਤ, (ਪੋਸਟ ਬਿਊਰੋ)- ਪੰਜਾਬ ਪੁਲਿਸ ਅਤੇ ਮੱਧ ਪ੍ਰਦੇਸ਼ ਦੀ ਏ ਟੀ ਐਸ ਟੀਮ ਵੱਲੋਂ ਬੀਤੀ ਰਾਤ ਸਾਂਝੀ ਕਾਰਵਾਈ ਵਿੱਚ ਪੰਜਾਬ ਨਾਲ ਜੁੜੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ 3 ਖਾੜਕੂਆਂ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਗਵਾਲੀਅਰ ਜ਼ਿਲ੍ਹੇ ਦੇ ਡਬਰਾ ਤੇ ਚੀਨੌਰ ਥਾਣੇ ਦੇ ਇਲਾਕਿਆਂ ਤੋਂ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਤਿੰਨ ਜਣਿਆਂ ਦੀ ਪੰਜਾਬ ਪੁਲਿਸ ਨੂੰ ਕਾਫ਼ੀ ਸਮੇਂ ਤੋਂ ਦੀ ਤਲਾਸ਼ ਸੀ। ਇਹ ਤਿੰਨੇ ਖਾੜਕੂ ਅੱਤਵਾਦੀ ਸੰਗਠਨਾਂ ਨੂੰ ਹਥਿਆਰਾਂ ਦੀ ਖੇਪ ਭੇਜਣ ਅਤੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਲਈ ਜਸੂਸੀ ਕਰਨ ਦਾ ਕੰਮ ਕਰਦੇ ਸਨ। ਪੰਜਾਬ ਪੁਲਿਸ ਨੇ ਗਵਾਲੀਅਰ ਏ ਟੀ ਐਸ ਦੀ ਮਦਦ ਨਾਲ ਇਨ੍ਹਾਂ ਖਾੜਕੂਆਂ ਨੂੰ ਫ਼ੜਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਖਾੜਕੂਆਂ ਦੀ ਪਛਾਣ ਬਲਕਾਰ ਸਿੰਘ (45), ਸਤਿੰਦਰ ਸਿੰਘ ਉਰਫ਼ ਛੋਟੂ ਰਾਵਤ (26) ਅਤੇ ਬਲਵਿੰਦਰ ਸਿੰਘ (22) ਵਜੋਂ ਹੋਈ ਹੈ। ਪੁਲਿਸ ਨੇ ਬਲਕਾਰ ਸਿੰਘ ਨੂੰ ਚੀਨੌਰ ਥਾਣੇ ਦੇ ਪਿੰਡ ਰਰੂਆ ਅਤੇ ਬਲਵਿੰਦਰ ਸਿੰਘ ਨੂੰ ਡਬਰਾ ਥਾਣੇ ਦੇ ਪਿੰਡ ਸਾਲਵਈ ਤੋਂ ਗ੍ਰਿਫਤਾਰ ਕੀਤਾ, ਜਦ ਕਿ ਸਤਿੰਦਰ ਸਿੰਘ ਨੂੰ ਥਾਟੀਪੁਰ ਥਾਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਖਾੜਕੂਆਂ ਨੂੰ ਲਿਆ ਕੇ ਪੁਲਸ ਨੇ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਤਾਂ ਅਦਾਲਤ ਨੇ 16 ਅਗਸਤ ਤੱਕ ਪੁਲਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਵਰਨਣ ਯੋਗ ਹੈ ਕਿ ਇਨ੍ਹਾਂ ਤਿੰਨਾਂ ਉੱਤੇ ਥਾਣਾ ਰਮਦਾਸ (ਅੰਮ੍ਰਿਤਸਰ) ਵਿੱਚ ਕੁਝ ਖਾੜਕੂ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦਾ ਮੁਕੱਦਮਾ ਦਰਜ ਹੋਇਆ ਹੈ।