ਮੱਧ ਪੂਰਬ ਵਿੱਚ ਸੰਭਾਵੀ ਮੁਜ਼ਾਹਰਿਆਂ ਦੇ ਮੱਦੇਨਜ਼ਰ ਕੈਨੇਡੀਅਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ


ਓਟਵਾ, 6 ਦਸੰਬਰ (ਪੋਸਟ ਬਿਊਰੋ) : ਯੇਰੂਸ਼ਲੇਮ ਨੂੰ ਇਜ਼ਰਾਈਲ ਦੀ ਰਾਜਧਾਨੀ ਕਰਾਰ ਦੇਣ ਲਈ ਬਜਿ਼ੱਦ ਟਰੰਪ ਪ੍ਰਸ਼ਾਸਨ ਕਾਰਨ ਮੱਧ ਪੂਰਬ ਵਿੱਚ ਹੋਣ ਵਾਲੇ ਮੁਜ਼ਾਹਰਿਆਂ ਦੇ ਮੱਦੇਨਜ਼ਰ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਹੋਰਨਾਂ ਵਿਸ਼ਵ ਆਗੂਆਂ ਵਾਂਗ ਕੈਨੇਡੀਅਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਇਸ ਖਿੱਤੇ ਵਿੱਚ ਮੌਜੂਦ ਕੈਨੇਡੀਅਨਾਂ ਨੂੰ ਅਹਿਤਿਆਤ ਵਰਤਣ ਲਈ ਆਖਿਆ ਗਿਆ ਹੈ। ਜਿ਼ਕਰਯੋਗ ਹੈ ਕਿ ਅਮਰੀਕਾ ਨੇ ਆਪਣੀ ਅੰਬੈਸੀ ਤਲ ਅਵੀਵ ਤੋਂ ਬਦਲ ਕੇ ਯੇਰੂਸ਼ਲੇਮ ਕਰਨ ਦਾ ਮਨ ਵੀ ਬਣਾ ਲਿਆ ਹੈ। ਅਜਿਹਾ ਕਰਕੇ ਟਰੰਪ ਪ੍ਰਸ਼ਾਸਨ ਚਿਰਾਂ ਤੋਂ ਚੱਲੀ ਆ ਰਹੀ ਅਮਰੀਕੀ ਨੀਤੀ ਨੂੰ ਵੀ ਖ਼ਤਮ ਕਰਨ ਜਾ ਰਿਹਾ ਹੈ। ਇਸ ਤਰ੍ਹਾਂ ਦੇ ਹਾਲਾਤ ਦੇ ਚੱਲਦਿਆਂ ਇੱਥੇ ਮੁਜ਼ਾਹਰੇ ਤੇ ਰੋਸ ਪ੍ਰਦਰਸ਼ਨ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਹੈ।
ਇਜ਼ਰਾਈਲ ਵੱਲੋਂ ਯੇਰੂਸ਼ਲੇਮ ਉੱਤੇ ਕੀਤੇ ਜਾ ਰਹੇ ਦਾਅਵੇ ਨੂੰ ਮਾਨਤਾ ਦੇਣ ਕਾਰਨ ਟਰੰਪ ਨੂੰ ਫਲਸਤੀਨੀ ਇਜ਼ਰਾਈਲ ਦੇ ਪੱਖ ਉੱਤੇ ਭੁਗਤਣ ਵਾਲਾ ਆਗੂ ਮੰਨ ਰਹੇ ਹਨ। ਜਿ਼ਕਰਯੋਗ ਹੈ ਕਿ ਇਹ ਮਾਮਲਾ ਚਿਰਾਂ ਤੋਂ ਦੋਵਾਂ ਧਿਰਾਂ ਵਿਚਾਲੇ ਕਾਫੀ ਸੰਵੇਦਨਸ਼ੀਲ ਰਿਹਾ ਹੈ। ਫਲਸਤੀਨੀ ਪੂਰਬੀ ਯੇਰੂਸ਼ਲੇਮ ਉੱਤੇ ਆਪਣਾ ਹੱਕ ਚਾਹੁੰਦੇ ਹਨ ਜਿਸ ਨੂੰ 1967 ਵਿੱਚ ਆਪਣੀ ਰਾਜਧਾਨੀ ਬਣਾਉਣ ਲਈ ਇਜ਼ਰਾਈਲ ਨੇ ਆਪਣੇ ਕਬਜੇ ਵਿੱਚ ਲੈ ਲਿਆ ਸੀ।
ਪਰ ਟਰੰਪ ਨੇ ਇਹ ਐਲਾਨ ਵੀ ਕੀਤਾ ਹੈ ਕਿ ਕਈ ਦਹਾਕਿਆਂ ਤੱਕ ਅਸਫਲ ਰਹਿਣ ਤੋਂ ਬਾਅਦ ਮੱਧ ਪੂਰਬ ਵਿੱਚ ਸ਼ਾਂਤੀ ਦੀ ਇਹ ਨਵੀਂ ਪਹਿਲ ਹੋ ਸਕਦੀ ਹੈ। ਟਰੰਪ ਦਾ ਕਹਿਣਾ ਹੈ ਕਿ ਅਸੀਂ ਵਾਰੀ ਵਾਰੀ ਅਸਫਲ ਕੋਸਿ਼ਸ਼ਾਂ ਕਰਕੇ ਆਪਣੀਆਂ ਸਮੱਸਿਆਵਾਂ ਹੱਲ ਨਹੀਂ ਕਰ ਸਕਦੇ। ਇਸ ਲਈ ਜੋ ਸਪਸ਼ਟ ਹੈ ਉਸ ਨੂੰ ਸਾਨੂੰ ਮਾਨਤਾ ਦੇਣੀ ਹੀ ਚਾਹੀਦੀ ਹੈ। ਜਾਣਕਾਰ ਸੂਤਰਾਂ ਅਨੁਸਾਰ ਟਰੰਪ ਦੇ ਇਸ ਐਲਾਨ ਬਾਰੇ ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕੈਨੇਡਾ ਦੀ ਵਿਦੇਸ਼ ਮੰਤਰੀ ਫਰੀਲੈਂਡ ਨੂੰ ਫੋਨ ਉੱਤੇ ਸੰਖੇਪ ਜਾਣਕਾਰੀ ਦਿੱਤੀ।
ਇਹ ਦੋਵੇਂ ਆਗੂ ਬਰੱਸਲਜ਼ ਵਿੱਚ ਨਾਟੋ ਹੈੱਡਕੁਆਰਟਰ ਉੱਤੇ ਇੱਕਠੇ ਹਨ ਤੇ ਟਿਲਰਸਨ ਨੂੰ ਟਰੰਪ ਦੀ ਇਸ ਚਾਲ ਬਾਰੇ ਦੁਨੀਆ ਭਰ ਦੇ ਆਗੂਆਂ ਤੋਂ ਕਈ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈ ਰਹੀਆਂ ਹਨ। ਕੈਨੇਡਾ ਆਪਣੀ ਅੰਬੈਸੀ ਤਲ ਅਵੀਵ ਵਿੱਚ ਹੀ ਰੱਖੇਗਾ। ਯੇਰੂਸ਼ਲੇਮ ਬਾਰੇ ਕੈਨੇਡਾ ਸ਼ਾਂਤੀ ਵਾਰਤਾ ਰਾਹੀਂ ਹੱਲ ਖੋਜੇ ਜਾਣ ਦੇ ਪੱਖ ਵਿੱਚ ਹੈ ਤੇ ਇਸ ਨੀਤੀ ਵਿੱਚ ਵੀ ਕੋਈ ਤਬਦੀਲੀ ਕੈਨੇਡਾ ਵੱਲੋਂ ਨਹੀਂ ਕੀਤੀ ਜਾਵੇਗੀ। ਫਰੀਲੈਂਡ ਨੇ ਇੱਕ ਬਿਆਨ ਵਿੱਚ ਆਖਿਆ ਕਿ ਅਸੀਂ ਮੱਧ ਪੂਰਬ ਵਿੱਚ ਹਮੇਸ਼ਾਂ ਲਈ ਸ਼ਾਂਤੀ ਬਹਾਲੀ ਦੇ ਪੱਖ ਵਿੱਚ ਹਾਂ। ਅਸੀਂ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ ਤੇ ਦੋਵਾਂ ਧਿਰਾਂ ਨੂੰ ਮਿਲ ਬੈਠ ਕੇ ਇਸ ਸਮੱਸਿਆ ਦਾ ਕੋਈ ਹੱਲ ਕੱਢਣ ਦੀ ਅਰਜੋ਼ਈ ਕਰਦੇ ਹਾਂ। ਪੋਪ ਤੋਂ ਲੈ ਕੇ ਚੀਨ ਦੀ ਸਰਕਾਰ ਤੱਕ ਨੇ ਟਰੰਪ ਦੇ ਇਸ ਐਲਾਨ ਉੱਤੇ ਇਤਰਾਜ਼ ਪ੍ਰਗਟਾਇਆ ਹੈ ਤੇ ਸੱਭ ਦਾ ਮੰਨਣਾ ਹੈ ਕਿ ਇਸ ਨਾਲ ਇਸ ਖਿੱਤੇ ਵਿੱਚ ਤਣਾਅ ਹੋਰ ਵੱਧ ਜਾਵੇਗਾ ਤੇ ਚੱਲ ਰਹੀ ਸਾਂਤੀ ਪ੍ਰਕਿਰਿਆ ਵਿੱਚ ਵੀ ਵਿਘਨ ਪਵੇਗਾ।
ਇਸੇ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਾਯਾਹੂ ਨੇ ਆਖਿਆ ਕਿ ਟਰੰਪ ਦੇ ਇਸ ਐਲਾਨ ਨਾਲ ਉਨ੍ਹਾਂ ਦੇ ਦੇਸ਼ਵਾਸੀ ਕਾਫੀ ਖੁਸ਼ ਹਨ ਤੇ ਅਸੀਂ ਟਰੰਪ ਦੇ ਕਾਫੀ ਸ਼ੁਕਰਗੁਜ਼ਾਰ ਹਾਂ। ਉਨ੍ਹਾਂ ਇਹ ਵੀ ਆਖਿਆ ਕਿ ਇਹ ਸ਼ਾਂਤੀ ਵੱਲ ਚੁੱਕਿਆ ਜਾਣ ਵਾਲਾ ਅਹਿਮ ਕਦਮ ਹੈ।