ਮੱਚ ਟਰਾਈ ਲਿਟਲ ਵਾਲ..

-ਪੋਰਿੰਦਰ ਸਿੰਗਲਾ ਢਪਾਲੀ
ਗੱਲ ਕੋਈ ਪੰਝੀ ਸਾਲ ਪਹਿਲਾਂ ਦੀ ਹੋਵੇਗੀ। ਇਕ ਦਿਨ ਆਪਣੀ ਪਛਾਣ ਵਾਲੇ ਘਰ ਗਿਆ ਤਾਂ ਘਰੇਲੂ ਸੁਆਣੀ ਸਕੂਲ ਪੜ੍ਹਦੀ ਆਪਣੀ ਧੀ ਨੂੰ ਅਗਲੇ ਦਿਨ ਹੋਣ ਵਾਲੇ ਟੈਸਟ ਦੀ ਤਿਆਰੀ ਕਰਵਾ ਰਹੀ ਸੀ। ਸ਼ਾਇਦ ਅੰਗਰੇਜ਼ੀ ਦਾ ਟੈਸਟ ਸੀ ਅਤੇ ਸਕੂਲ ਵੱਲੋਂ ਤਿਆਰੀ ਲਈ ਦਿੱਤੇ ਗੈਸ ਪੇਪਰ ਤੋਂ ਵਾਰ-ਵਾਰ ਪੜ੍ਹ ਕੇ ਉਹ ਆਪਣੀ ਬੇਟੀ ਨੂੰ ਰੱਟੇ ਲਗਵਾ ਰਹੀ ਸੀ: ਮੱਚ ਟਰਾਈ ਲਿਟਲ ਵਾਲ, ਮੱਚ ਟਰਾਈ ਲਿਟਲ ਵਾਲ। ਹੋਰ ਵੀ ਕਈ ਅਜਿਹੇ ਵਾਕ ਸੁਣਾਈ ਦੇ ਰਹੇ ਸਨ, ਜਿਨ੍ਹਾਂ ਦਾ ਕੋਈ ਮਤਲਬ ਨਹੀਂ ਸੀ ਨਿਕਲਦਾ। ਪਹਿਲਾਂ ਸਕੂਲ ਸਟਾਫ ਵੱਲੋਂ ਬਿਨਾਂ ਚੈਕ ਕੀਤਿਆਂ ਗੈਸ ਪੇਪਰ ਬੱਚਿਆਂ ਨੂੰ ਵੰਡ ਕੇ ਆਪਣੀ ‘ਜ਼ਿੰਮੇਵਾਰੀ’ ਨਿਭਾਈ ਗਈ ਸੀ ਤੇ ਹੁਣ ਮਾਪੇ ਆਪਣੀ ਡਿਊਟੀ ਨਿਭਾਅ ਰਹੇ ਸਨ।
‘ਮੱਚ ਟਰਾਈ ਲਿਟਲ ਵਾਲ’ ਸੁਣ ਕੇ ਮੈਥੋਂ ਰਹਿ ਨਾ ਹੋਇਆ, ‘ਭਰਜਾਈ, ਇਹ ਕੀ ਪੜ੍ਹਾ ਰਹੇ ਓ ਕੁੜੀ ਨੂੰ?’
‘ਕੱਲ੍ਹ ਟੈਸਟ ਹੈ ਇਹਦਾ, ਉਸੇ ਦੀ ਤਿਆਰੀ ਕਰਵਾ ਰਹੀ ਸੀ।’ ਉਸ ਨੇ ਬੜੇ ਮਾਣ ਨਾਲ ਦੱਸਿਆ।
‘…ਪਰ ਇਸ ਦਾ ਮਤਲਬ ਕੀ ਹੋਇਆ ਭਲਾ?’
‘ਇਹਦਾ ਸਾਨੂੰ ਕੀ ਪਤਾ, ਇਹੀ ਪੇਪਰ ਸਕੂਲੋਂ ਤਿਆਰੀ ਲਈ ਦਿੱਤਾ ਗਿਆ ਏ, ਮੈਂ ਤਿਆਰੀ ਕਰਵਾ ਰਹੀ ਹਾਂ।’ ਉਹਨੇ ਥੋੜ੍ਹਾ ਹੱਸ ਕੇ ਜਵਾਬ ਦਿੱਤਾ।
ਮੈਂ ਬੱਚੀ ਨੂੰ ਇਸ ਬਾਰੇ ਪੁੱਛਿਆ ਤਾਂ ਉਹ ਚੁੱਪ ਕਰ ਗਈ। ‘ਪਹਿਲਾਂ ਕਦੇ ਕਲਾਸ ਵਿੱਚ ਯਾਦ ਕਰਾਇਆ ਹੈ?’
ਉਸ ਆਖਿਆ, ‘ਕਾਪੀ ਵਿੱਚ ਵੀ ਲਿਖਿਆ ਹੈ।’
ਕਾਪੀ ਦੇਖੀ ਤਾਂ ਉਸ ਵਿੱਚ ਵੀ ਉਹੀ ਕੁਝ ਨਕਲ ਮਾਰ ਕੇ ਲਿਖਿਆ ਹੋਇਆ ਸੀ, ਜੋ ਸਕੂਲ ਟੀਚਰ ਵੱਲੋਂ ਚੈਕ ਕਰਕੇ ਸਹੀ ਤਸਦੀਕ ਕੀਤਾ ਹੋਇਆ ਸੀ।
“…ਪਰ ਇਹ ਤਾਂ ਬਿਲਕੁਲ ਗਲਤ ਹੈ ਭਰਜਾਈ ਜੀ। ਅਸਲ ਵਾਕ ਤਾਂ ‘ਮੱਚ ਟਰਾਲੀ ਲਿਟਲ ਗੋਲ’ ਹੁੰਦਾ ਹੈ ਜਾਂ ‘ਮੱਚ ਕਰਾਈ ਲਿਟਲ ਵੂਲ’ ਜਿਸ ਦਾ ਮਤਲਬ ਪੰਜਾਬੀ ਵਿੱਚ ਹੈ, ‘ਉਚੀ ਦੁਕਾਨ, ਫਿੱਕਾ ਪਕਵਾਨ।’ ਆਪਣੇ ਗਿਆਨ ਦੇ ਆਧਾਰ ਉੱਤੇ ਮੈਂ ਕਿਹਾ ਤਾਂ ਉਹ ਥੋੜ੍ਹੀ ਬੇਚੈਨ ਹੋ ਗਈ ਅਤੇ ਅਗਲੇ ਦਿਨ ਬੇਟੀ ਨਾਲ ਸਕੂਲ ਟੀਚਰ ਕੋਲ ਜਾ ਕੇ ਗੱਲ ਕੀਤੀ। ਮੈਡਮ ਦਾ ਜਵਾਬ ਵੀ ਘੱਟ ਸੁਆਦਲਾ ਨਹੀਂ ਸੀ। ਉਸ ਕਿਹਾ ਸੀ ਕਿ ਉਸ ਨੇ ਤਾਂ ਕਦੇ ਪੜ੍ਹਿਆ ਜਾਂ ਸੁਣਿਆ ਨਹੀਂ, ਜੋ ਸਿਲੇਬਸ ਸਾਨੂੰ ਸਕੂਲ ਵਾਲੇ ਦਿੰਦੇ ਨੇ, ਅਸੀਂ ਪੜ੍ਹਾ ਛੱਡਦੇ ਆਂ। ਇਸ ਤੋਂ ਵਧੇਰੇ ਬੇਚੈਨ ਉਹ ਉਦੋਂ ਹੋਈ ਜਦੋਂ ਸਕੂਲ ਪ੍ਰਿੰਸੀਪਲ ਕੋਲ ਪੁੱਜੀ। ਪ੍ਰਿੰਸੀਪਲ ਜੀ ਕੁਝ ਕੁ ਖਿਝ ਵੀ ਗਏ, ‘ਸਿਲੇਬਸ ਪ੍ਰਾਈਵੇਟ ਪਬਲਿਸ਼ਰ ਛਾਪਦੇ ਨੇ, ਕਈ ਵਾਰ ਗਲਤ ਪ੍ਰਿੰਟ ਛਪ ਜਾਂਦਾ ਹੁੰਦਾ ਹੈ। ਇਹ ਸਿਲੇਬਸ ਸਕੂਲ ਦੀ ਮੈਨੇਜਮੈਟ ਵੱਲੋਂ ਨਿਆਣਿਆਂ ਨੂੰ ਪੜ੍ਹਨ ਲਈ ਸਿਫਾਰਸ਼ ਕੀਤਾ ਗਿਆ ਹੈ। ਤੁਸੀਂ ਫਿਕਰ ਨਾ ਕਰੋ, ਮੈਂ ਖੁਦ ਗਲਤੀਆਂ ਚੈਕ ਕਰਕੇ ਠੀਕ ਕਰਾਂਗਾ।’
ਅਗਲੇ ਦਿਨ ਇਹ ਕਹਾਣੀ ਸੁਣੀ ਤਾਂ ਮੇਰੇ ਕੋਲ ਵੀ ਇਸ ਸਮੱਸਿਆ ਦਾ ਵਾਜਬ ਜਵਾਬ ਨਹੀਂ ਸੀ। ਮੈਂ ਸੋਚਦਾ ਹੀ ਰਹਿ ਗਿਆ ਕਿ ਅਜੋਕੇ ਭਾਰਤ ਵਿੱਚ ਆਮ ਮੱਧ ਵਰਗੀ ਬੰਦਾ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਦੀ ਉਮੀਦ ਵਿੱਚ ਮਾਡਲ ਸਕੂਲਾਂ ਵਿੱਚ ਵਿਤੋਂ ਬਾਹਰ ਹੋ ਕੇ ਪੜ੍ਹਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਤਰ੍ਹਾਂ-ਤਰ੍ਹਾਂ ਦੇ ਲਾਲਚ ਹੋਣ ਕਾਰਨ ਕੁਝ ਸਵਾਰਥੀ ਲੋਕ ਇਨ੍ਹਾਂ ਭੋਲੇ ਭਾਲੇ ਲੋਕਾਂ ਦੀ ਮਜ਼ਬੂਰੀ ਤੇ ਮਾਨਸਿਕਤਾ ਦਾ ਨਾਜਾਇਜ਼ ਲਾਭ ਉਠਾਉਂਦੇ ਹਨ। ਗਲੀ ਮੁਹੱਲੇ ਤੇ ਖੇਤਾਂ ਵਿੱਚ ਧੜਾਧੜ ਖੁੱਲ੍ਹ ਰਹੇ ਪ੍ਰਾਈਵੇਟ ਸਕੂਲ, ਕਾਲਜ ਅਤੇ ਹੋਰ ਪੇਸ਼ੇਵਰ ਵਿੱਦਿਅਕ ਅਦਾਰੇ ਜਿਨ੍ਹਾਂ ਵਿੱਚੋਂ ਬਹੁਤਿਆਂ ਦਾ ਕੋਈ ਜ਼ਿਕਰ ਯੋਗ ਮਿਆਰ ਨਹੀਂ, ਸਰਕਾਰ ਦੀ ਘੋਰ ਲਾਪਰਵਾਹੀ ਦਾ ਲਾਭ ਉਠਾ ਕੇ ਦੇਸ਼ ਦੀ ਆਉਣ ਵਾਲੀ ਪੀੜ੍ਹੀ ਦਾ ਘਾਣ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਇਨ੍ਹਾਂ ਸਕੂਲਾਂ ਵਿੱਚ ਪੜ੍ਹੇ ਬੱਚੇ, ਕੱਲ੍ਹ ਨੂੰ ਅਧਿਆਪਕ ਬਣ ਕੇ ਅਗਲੀ ਪੀੜ੍ਹੀ ਨੂੰ ‘ਮੱਚ ਟਰਾਈ ਲਿਟਲ ਵਾਲ’ ਹੀ ਪੜ੍ਹਾਉਣਗੇ।
ਅਗਲੀ ਵਾਰ ਉਸੇ ਘਰ ਗਿਆ ਤਾਂ ਮਾਂ ਧੀ ਦੇ ਨੈਣਾਂ ਵਿਚਲੀ ਉਤਸੁਕਤਾ ਤੱਕ ਕੇ ਮੇਰੇ ਆਪਣੇ ਨੈਣ ਛਲਕਣ-ਛਲਕਣ ਕਰਨ ਲੱਗੇ!