ਮੱਕਾ ਮਸਜਿਦ ਕੇਸ ਵਿੱਚ ਅਸੀਮਾਨੰਦ ਸਣੇ ਪੰਜ ਜਣੇ ਬਰੀ


* ਫੈਸਲਾ ਦੇਂਦੇ ਸਾਰ ਜੱਜ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ
ਹੈਦਰਾਬਾਦ, 16 ਅਪਰੈਲ, (ਪੋਸਟ ਬਿਊਰੋ)- ਅੱਜ ਏਥੇ ਦਹਿਸ਼ਤਗਰਦੀ-ਵਿਰੁੱਧ ਅਦਾਲਤ ਦੇ ਜੱਜ ਕੇ. ਰਵਿੰਦਰ ਰੈਡੀ ਨੇ ਗਿਆਰਾਂ ਸਾਲ ਪੁਰਾਣੇ ਮੱਕਾ ਮਸਜਿਦ ਬੰਬ ਕੇਸ ਵਿੱਚੋਂ ਆਰ ਐਸ ਐਸ ਦੇ ਇੱਕ ਪ੍ਰਚਾਰਕ ਅਸੀਮਾਨੰਦ ਤੇ ਚਾਰ ਹੋਰ ਦੋਸ਼ੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ, ਪਰ ਇਹ ਫੈਸਲਾ ਸੁਣਾਉਣ ਦੇ ਫੌਰਨ ਬਾਅਦ ਨਾਟਕੀ ਢੰਗ ਨਾਲ ਖ਼ੁਦ ਵੀ ਜੱਜ ਦੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਫ਼ੈਸਲਾ ਸੁਣਾਉਣ ਤੋਂ ਕੁਝ ਘੰਟੇ ਬਾਅਦ ਹੀ ‘ਨਿਜੀ’ ਕਾਰਨਾਂ ਦੇ ਹਵਾਲੇ ਨਾਲ ਇਹ ਨੌਕਰੀ ਛੱਡਣ ਦਾ ਐਲਾਨ ਕਰ ਦਿੱਤਾ।
ਸਾਲ 2007 ਵਿੱਚ ਹੋਏ ਮੱਕਾ ਮਸਜਿਦ ਬੰਬ ਧਮਾਕਾ ਕਾਂਡ ਵਿੱਚ ਅੱਜ ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਕੇਸ ਚਲਾਉਣ ਵਾਲੀ ਏਜੰਸੀ ਇਸ ਕੇਸ ਦੇ ਦੋਸ਼ੀਆਂ ਦੇ ਖ਼ਿਲਾਫ਼ ਇਕ ਵੀ ਦੋਸ਼ ਸਾਬਤ ਕਰਨ ਵਿੱਚ ਨਾਕਾਮ ਰਹੀ ਹੈ। ਵਰਨਣ ਯੋਗ ਹੈ ਕਿ ਇਥੇ ਚਾਰ ਸਦੀਆਂ ਪੁਰਾਣੀ ਮੱਕਾ ਮਸਜਿਦ ਵਿੱਚ 18 ਮਈ 2007 ਨੂੰ ਜੁੰਮੇ ਦੀ ਨਮਾਜ਼ ਦੇ ਦੌਰਾਨ ਜ਼ੋਰਦਾਰ ਧਮਾਕਾ ਹੋਇਆ ਸੀ, ਜਿਸ ਵਿੱਚ ਨੌਂ ਵਿਅਕਤੀ ਮਾਰੇ ਗਏ ਤੇ 58 ਜ਼ਖ਼ਮੀ ਹੋਏ ਸਨ। ਇਸ ਧਮਾਕੇ ਤੋਂ ਬਾਅਦ ਦੰਗਾ ਭੜਕਣ ਨਾਲ ਪੁਲੀਸ ਕਾਰਵਾਈ ਵਿੱਚ ਪੰਜ ਹੋਰ ਮੌਤਾਂ ਹੋ ਗਈਆਂ ਸਨ। ਇਸ ਕੇਸ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨ ਆਈ ਏ) ਕਰ ਰਹੀ ਸੀ। ਅੱਜ ਦੇ ਫ਼ੈਸਲੇ ਤੋਂ ਬਾਅਦ ਸ਼ਹਿਰ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।
ਸਖ਼ਤ ਸੁਰੱਖਿਆ ਪ੍ਰਬੰਧਾਂ ਦੌਰਾਨ ਅੱਜ ਵਿਸ਼ੇਸ਼ ਜੱਜ ਕੇ. ਰਵਿੰਦਰ ਰੈਡੀ ਨੇ ਫ਼ੈਸਲਾ ਸੁਣਾਇਆ ਅਤੇ ਕਿਹਾ, ‘ਕੇਸ ਚਲਾਉਣ ਵਾਲੀ ਧਿਰ (ਐਨ ਆਈ ਏ) ਕਿਸੇ ਵੀ ਦੋਸ਼ੀ ਖ਼ਿਲਾਫ਼ ਇਕ ਵੀ ਦੋਸ਼ ਸਾਬਤ ਨਹੀਂ ਕਰ ਸਕੀ ਤੇ ਸਾਰੇ ਦੋਸ਼ੀਆਂ ਨੂੰ ਬਰੀ ਕੀਤਾ ਜਾਂਦਾ ਹੈ।’ ਬਰੀ ਹੋਏ ਦੋਸ਼ੀ ਅਸੀਮਾਨੰਦ ਦੇ ਵਕੀਲ ਜੇ ਪੀ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ ਹੈ।
ਵਰਨਣ ਯੋਗ ਹੈ ਕਿ ਅਸੀਮਾਨੰਦ ਨੂੰ ਇਸ ਤੋਂ ਪਹਿਲਾਂ 2007 ਦੇ ਅਜਮੇਰ ਦਰਗਾਹ ਧਮਾਕਾ ਕੇਸ ਤੋਂ ਬੀਤੇ ਸਾਲ ਬਰੀ ਕਰ ਦਿੱਤਾ ਗਿਆ ਸੀ। ਉਹ ਉਸੇ ਸਾਲ ਦੇ ਸਮਝੌਤਾ ਐਕਸਪ੍ਰੈੱਸ ਧਮਾਕਾ ਕੇਸ ਦਾ ਵੀ ਦੋਸ਼ੀ ਹੈ। ਅੱਜ ਅਦਾਲਤ ਨੇ ਦੇਵੇਂਦਰ ਗੁਪਤਾ, ਲੋਕੇਸ਼ ਸ਼ਰਮਾ, ਭਾਰਤ ਮੋਹਨਲਾਲ ਰਤੇਸ਼ਵਰ ਉਰਫ਼ ਭਾਰਤ ਭਾਈ ਤੇ ਰਾਜੇਂਦਰ ਚੌਧਰੀ ਨੂੰ ਵੀ ਬਰੀ ਕਰ ਦਿੱਤਾ ਹੈ। ‘ਹਿੰਦੂ ਅਤਿਵਾਦ’ ਵਜੋਂ ਪੇਸ਼ ਕੀਤੇ ਗਏ ਇਸ ਕੇਸ ਦਾ ਫ਼ੈਸਲਾ ਹੋਣ ਸਮੇਂ ਮੀਡੀਆ ਨੂੰ ਅਦਾਲਤ ਵਿੱਚ ਜਾਣ ਦੀ ਆਗਿਆ ਨਹੀਂ ਸੀ ਦਿੱਤੀ ਗਈ।
ਮੱਕਾ ਮਸਜਿਦ ਬੰਬ ਕਾਂਡ ਦੇ ਦੋਸ਼ੀਆਂ ਦੇ ਬਰੀ ਹੋਣ ਉੱਤੇ ਟਿੱਪਣੀ ਕਰਦੇ ਹੋਏ ਕਾਂਗਰਸ ਪਾਰਟੀ ਦੇ ਬੁਲਾਰੇ ਨੇ ਮੋਦੀ ਸਰਕਾਰ ਦੇ ਹੇਠ ਕੌਮੀ ਜਾਂਚ ਏਜੰਸੀ (ਐਨ ਆਈ ਏ) ਦੇ ਕੰਮ ਢੰਗ ਉਤੇ ਸਵਾਲ ਚੁੱਕੇ ਹਨ। ਪਾਰਟੀ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਬਣਨ ਪਿੱਛੋਂ ਅਜਿਹੇ ਕੇਸਾਂ ਦੇ ਮੁਲਜ਼ਮ ਲਗਾਤਾਰ ਬਰੀ ਹੁੰਦੇ ਜਾਣ ਕਾਰਨ ਲੋਕਾਂ ਦਾ ਜਾਂਚ ਏਜੰਸੀਆਂ ਤੋਂ ਭਰੋਸਾ ਉਠ ਰਿਹਾ ਹੈ। ਦੂਸਰੇ ਪਾਸੇ ਭਾਜਪਾ ਨੇ ਕਾਂਗਰਸ ਉੱਤੇ ਦੋਸ਼ ਲਾਇਆ ਕਿ ਇਸ ਦੀ ਹਿੰਦੂਆਂ ਨੂੰ ਬਦਨਾਮ ਕਰਨ ਵਾਲੀ ਤੁਸ਼ਟੀਕਰਨ ਸਿਆਸਤ ਦਾ ਪਰਦਾ ਫ਼ਾਸ਼ ਹੋ ਗਿਆ ਹੈ। ਪਾਰਟੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਇਸ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਮੁਆਫ਼ੀ ਮੰਗਣ। ਹੈਦਰਾਬਾਦ ਤੋਂ ਪਾਰਲੀਮੈਂਟ ਮੈਂਬਰ ਅਤੇ ਆਲ ਇੰਡੀਆ ਮਜਲਸੇ ਇਤਹਾਦੁਲ ਮੁਸਲਮੀਨ ਦੇ ਮੁਖੀ ਅਸਦੂਦੀਨ ਓਵੈਸੀ ਨੇ ਇੱਕ ਟਵੀਟ ਰਾਹੀਂ ਪੂਰੇ ਕੇਸ ਵਿੱਚ ਸਾਜ਼ਿਸ਼ ਦਾ ਸ਼ੱਕ ਜ਼ਾਹਰ ਕੀਤਾ ਹੈ।