ਮੰਦਭਾਗਾ ਹੈ ਟਰੰਪ ਦਾ ਖੜਾ ਕੀਤਾ ਵਿਵਾਦ

ਬੀਤੇ ਵੀਕਐਡ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸ਼ਨ ਵੱਲੋਂ ਕਿਉਬਿੱਕ ਵਿੱਚ ਹੋਈ ਜੀ-7 ਸਿਖ਼ਰ ਵਾਰਤਾਲਾਪ ਦੇ ਸਮਾਪਤੀ ਬਿਆਨ ਉੱਤੇ ਦਸਤਖ਼ਤ ਨਾ ਕਰਨਾ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਲਈ ਜੁੰਮੇਵਾਰ ਠਹਿਰਾਉਣਾ ਇੱਕ ਅਜਿਹੀ ਘਟਨਾ ਹੈ ਜਿਸਦੇ ਸਿੱਟੇ ਦੁਰਰਸ ਅਤੇ ਬਹੁਤ ਗੰਭੀਰ ਹੋ ਸਕਦੇ ਹਨ। ਟਰੰਪ ਵੱਲੋਂ ਪ੍ਰਧਾਨ ਮੰਤਰੀ ਟਰੂਡੋ ਨੂੰ ‘ਬਹੁਤ ਬੇਈਮਾਨ ਅਤੇ ਕਮਜ਼ੋਰ’ ਆਖਣਾ ਉਸਦੇ ਹਊਮੇ ਅਤੇ ਹੰਕਾਰ ਦੇ ਪ੍ਰਗਟਾਵੇ ਤੋਂ ਵੱਧ ਕੁੱਝ ਵੀ ਨਹੀਂ ਹੈ। ਕੈਨੇਡਾ ਸਮੇਤ ਵਿਸ਼ਵ ਦੇ ਹਰ ਸੁਤੰਤਰ ਮੁਲਕ ਦਾ ਹੱਕ ਬਣਦਾ ਹੈ ਕਿ ਉਹ ਆਪਣੇ ਟਰੇਡ ਅਤੇ ਹੋਰ ਹੱਕਾਂ ਦੀ ਰਾਖੀ ਲਈ ਬਣਦੇ ਕਦਮ ਚੁੱਕਣ ਦੀ ਅਜ਼ਾਦੀ ਨੂੰ ਬਰਕਰਾਰ ਰੱਖੇ। ਢੋਨਾਲਡ ਟਰੰਪ ਦਾ ਕੈਨੇਡਾ ਨੂੰ ਇੱਕ ਕਮਜ਼ੋਰ ਅਤੇ ਅਮਰੀਕਾ ਉੱਤੇ ਨਿਰਭਰ ਮੁਲਕ ਖਿਆਲ ਕਰਨਾ ਗਲਤ ਹੀ ਨਹੀਂ ਸਗੋਂ ਮੰਦਭਾਗਾ ਵੀ ਹੈ।

ਸੁਭਾਵਿਕ ਹੈ ਕਿ ਜੀ 7 ਦੇ ਬਾਕੀ ਮੈਂਬਰ ਮੁਲਕਾਂ ਖਾਸਕਰਕੇ ਫਰਾਂਸ ਅਤੇ ਜਰਮਨੀ ਨੇ ਅਮਰੀਕੀ ਵਤੀਰੇ ਦੀ ਨਿਖੇਧੀ ਕੀਤੀ ਹੈ। ਇਹ ਉਹ ਮੁਲਕ ਹਨ ਜਿਹੜੇ ਇਤਿਹਾਸਕ ਰੂਪ ਵਿੱਚ ਅਮਰੀਕਾ ਦੇ ਸੱਭ ਤੋਂ ਵੱਧ ਸ਼ਕਤੀਸ਼ਾਲੀ ਸਮਰੱਥਕ ਰਹੇ ਹਨ। ਇਹ ਆਖਣਾ ਮੁਸ਼ਕਲ ਹੋਵੇਗਾ ਕਿ ਟਰੰਪ ਵੱਲੋਂ ਕੈਨੇਡਾ ਨੂੰ ਲੈ ਕੇ ਕੀਤੀ ਬੇਵਕੂਫੀ ਨਾਲ ਅਮਰੀਕਾ ਨਾਲ ਬਾਕੀ ਮੁਲਕਾਂ ਦੇ ਸਬੰਧ ਯਕਦਮ ਖਰਾਬ ਹੋ ਜਾਣਗੇ ਪਰ ਟਰੰਪ ਨੂੰ ਚੇਤੇ ਰੱਖਣਾ ਹੋਵੇਗਾ ਕਿ ਹੁਣ ਉਹ ਸਮਾਂ ਵਿਹਾ ਚੁੱਕਾ ਹੈ ਜਦੋਂ ਹੋਰ ਮੁਲਕ ਅਮਰੀਕਾ ਦੀ ਹਰ ਗੱਲ ਨੂੰ ਮੰਨਣ ਲਈ ਤਿਆਰ ਬਰ ਤਿਆਰ ਰਹਿਣਗੇ।

ਹਾਲਾਂਕਿ ਡੌਨਾਲਡ ਟਰੰਪ ਦੇ ਟਰੇਡ ਸਲਾਹਕਾਰ ਪੀਟਰ ਨਵਾਰੋ ਨੇ ਜੀ 7 ਸਿਖ਼ਰ ਸੰਮੇਲਨ ਤੋਂ ਬਾਅਦ ਇੱਕ ਬਿਆਨ ਦਿੱਤਾ ਹੈ ਜੋ ਅਮਰੀਕੀ ਰਾਸ਼ਟਰਪਤੀ ਦੀ ਝੂਠੀ ਹਊਮੇ ਨੂੰ ਪੱਠੇ ਪਾਉਣ ਤੋਂ ਵੱਧ ਕੁੱਝ ਨਹੀਂ। ਉਸਨੇ ਆਖਿਆ ਹੈ ਕਿ ਜਿਹੜੇ ਵਿਦੇਸ਼ੀ ਆਗੂ ਰਾਸ਼ਟਰਪਤੀ ਟਰੰਪ ਨਾਲ ਗਲਤ ਡਿਪਲੋਮੇਸੀ ਕਰਨ ਦਾ ਹੀਆ ਕਰਦੇ ਹਨ, ਉਹਨਾਂ ਨੇਤਾਵਾਂ ਲਈ ਨਰਕ ਵਿੱਚ ਵਿਸ਼ੇਸ਼ ਸਥਾਨ ਹੁੰਦਾ ਹੈ। ਟਰੰਪ ਅਤੇ ਉਸਦੇ ਸਲਾਹਕਾਰਾਂ ਨੂੰ ਸ਼ਾਇਦ ਭੁੱਲ ਚੁੱਕਾ ਹੈ ਕਿ ‘ਟਰੰਪ ਅਮਰੀਕਾ ਨਹੀਂ ਅਤੇ ਅਮਰੀਕਾ ਟਰੰਪ’ ਨਹੀਂ ਹੈ। ਟਰੰਪ ਮਹਿਜ਼ ਚਾਰ ਸਾਲ ਲਈ ਚੁਣਿਆ ਗਿਆ ਨੁਮਾਇੰਦਾ ਹੈ। ਬੇਸ਼ੱਕ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਟਰੇਡ ਤੋਂ ਲੈ ਕੇ ਵਿਸ਼ਵ ਸ਼ਾਂਤੀ ਲਈ ਅੱਛਾ ਖਾਸਾ ਖਤਰਾ ਬਣ ਸਕਦਾ ਹੈ ਪਰ ਤਾਂ ਵੀ ਮੁਲਕਾਂ ਦੇ ਮੁੱਕਦਰ ਚੰਦ ਕੁ ਸਾਲਾਂ ਨਾਲ ਜੁੜੇ ਨਹੀਂ ਹੁੰਦੇ।

ਟਰੂਡੋ ਅਤੇ ਟਰੰਪ ਕਦੇ ਵੀ ਚੰਗੇ ਮਿੱਤਰ ਨਹੀਂ ਰਹੇ ਅਤੇ ਟਰੰਪ ਦੇ ਕਾਰਜਕਾਲ ਦੇ ਆਰੰਭ ਤੋਂ ਹੀ ਦੋਵਾਂ ਦਰਮਿਆਨ ਰਿਸ਼ਤਾ ਠੰਡਾ ਰਿਹਾ ਹੈ। ਟਰੂਡੋ ਦੀ ਇਹ ਗਲਤੀ ਰਹੀ ਹੈ ਕਿ ਉਸਨੇ ਕੁੱਝ ਮੌਕਿਆਂ ਉੱਤੇ ਅਮਰੀਕਾ ਜਾ ਕੇ ਟਰੰਪ ਦੇ ਵਤੀਰੇ ਦਾ ਵਿਰੋਧਤਾ ਕੀਤੀ। ਅਮਰੀਕਾ ਅਤੇ ਕੈਨੇਡਾ ਦੋਵਾਂ ਨੂੰ ਭਲੀ ਭਾਂਤ ਪਤਾ ਹੈ ਕਿ ਦੋਵਾਂ ਮੁਲਕਾਂ ਦਰਮਿਆਨ ਹੋ ਰਿਹਾ 628 ਬਿਲੀਅਨ ਡਾਲਰ ਦਾ ਦੁੱਵਲਾ ਵਿਉਪਾਰ ਕਿੰਨੀ ਮਹੱਤਤਾ ਰੱਖਦਾ ਹੈ। ਜਿੱਥੇ ਕੈਨੇਡਾ ਦੀ ਆਰਥਕਤਾ ਅਮਰੀਕਾ ਨਾਲ ਟਰੇਡ ਉੱਤੇ ਟਿਕੀ ਹੋਈ ਹੈ, ਉੱਥੇ ਅਨੇਕਾਂ ਵੱਡੀਆਂ ਅਮਰੀਕਨ ਕੰਪਨੀਆਂ ਦਾ ਦਾਰੋਮਦਾਰ ਕੈਨੇਡੀਅਨ ਮਾਰਕੀਟ ਉੱਤੇ ਟਿਕਿਆ ਹੈ। ਸੱਤਾ ਵਿੱਚ ਆਉਣ ਤੋਂ ਬਾਅਦ ਟਰੰਪ ਦਾ ਇੱਕ ਗਿਲਾ ਰਿਹਾ ਹੈ ਕਿ ਉਸਦੇ ਬਿਜਸਨ ਪਾਰਟਨਰ ਮੁਲਕ (ਮੈਕਸੀਕੋ, ਚੀਨ ਆਦਿ) ਨਾਲ ਉਸਦਾ ਘਾਟੇ ਵਾਲਾ ਟਰੇਡ ਸਬੰਧ ਹੈ ਭਾਵ ਅਮਰੀਕੀ ਐਕਸਪੋਰਟ ਨਾਲੋਂ ਇੰਪੋਰਟ ਵੱਧ ਹੈ। ਇਸ ਪਰੀਪੇਖ ਵਿੱਚ ਇੱਕਲਾ ਕੈਨੇਡਾ ਹੀ ਹੈ ਜਿਸ ਨਾਲ ਅਮਰੀਕਾ ਦਾ ਸਰਪੱਲਸ ਟਰੇਡ ਹੈ। ਇਸ ਤੱਥ ਦੇ ਬਾਵਜੂਦ ਟਰੰਪ ਦਾ ਕੈਨੇਡਾ ਨਾਲ ਵਿਉਪਾਰਕ ਸਬੰਧ ਨੂੰ ‘ਫੇਅਰ ਟਰੇਡ’ ਦੀ ਥਾਂ ‘ਫੂਲ ਟਰੇਡ  (Fool trade) ਆਖਣਾ ਉਸਦੇ ਤੰਗ ਨਜ਼ਰੀਏ ਨੂੰ ਪ੍ਰਗਟ ਕਰਦਾ ਹੈ।

ਜਿਸ ਵੇਲੇ ਵਿਸ਼ਵ ਨੇਤਾਵਾਂ ਦੇ ਨਜ਼ਰੀਏ ਤੰਗ ਹੋਣ ਤਾਂ ਵਿਸ਼ਵ ਹਾਲਾਤ ਖਰਾਬ ਹੋ ਜਾਂਦੇ ਹਨ। ਹਊਮੇ ਅਤੇ ਤੰਗ ਨਜ਼ਰੀਏ ਤੋਂ ਪੀੜਤ ਡੋਨਾਲਡ ਟਰੰਪ ਦਾ ਸਮੁੱਚਾ ਵਰਤਾਰਾ ਮੰਦਭਾਗਾ ਹੈ। ਬੇਸ਼ੱਕ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਮੋੜਵੀਂਆਂ ਸ਼ਰਤਾਂ ਰੱਖ ਕੇ ਟਰੇਡ ਗੱਲਬਾਤ ਕਰਨ ਲਈ ਤਿਆਰ ਰਹੇਗਾ, ਪਰ ਬੀਤੇ ਦਿਨੀਂ ਟਰੰਪ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫੋਨ ਕਾਲ ਵੀ ਸਵੀਕਾਰ ਨਾ ਕਰਨਾ ਦੱਸਦਾ ਹੈ ਕਿ ਇਹ ਵਿਅਕਤੀ ਆਪਣੀ ਜਿੱਦ ਪੁਗਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।