ਮੰਦਭਾਗਾ ਹੈ ਗਵਰਨਰ ਜਨਰਲ ਵੱਲੋਂ ਰੱਬੀ ਹੁਕਮ ਦਾ ਮਜ਼ਾਕ ਕਰਨਾ

ਕੈਨੇਡਾ ਦੀ ਹਾਲ ਵਿੱਚ ਹੀ ਨਿਯੁਕਤ ਹੋਈ ਗਵਰਨਰ ਜਨਰਲ ਜੁਲੀ ਪੇ-ਐਟ (Julie Payette) ਪੜੀ ਲਿਖੀ ਸਾਇੰਸ ਨੂੰ ਅਰਪਿਤ ਇੱਕ ਪੁਲਾੜ ਯਾਤਰੀ ਹੈ। ਬੀਤੇ ਦਿਨੀਂ ਓਟਾਵਾ ਵਿਖੇ ਇੱਕ ਸਾਇੰਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ‘ਰੱਬ ਦੀ ਹੋਂਦ’ ਨੂੰ ਚੁਣੌਤੀ ਦੇਣ ਵਾਲਾ ਬਿਆਨ ਦੇ ਮਾਰਿਆ। ਬਕੌਲ ਗਵਰਨਰ ਜਨਰਲ ਦੇ ਸ਼ਬਦਾਂ ਵਿੱਚ, “ਅਸੀਂ ਹਾਲੇ ਤੱਕ ਬਹਿਸ ਕਰਨ ਅਤੇ ਸੁਆਲ ਕਰਨ ਵਿੱਚ ਉਲਝੇ ਹੋਏ ਹਾਂ ਕਿ ਜੀਵਨ ‘ਰੱਬੀ ਦਖ਼ਲਅੰਦਾਜ਼ੀ’ ਨਾਲ ਹੋਂਦ ਵਿੱਚ ਆਇਆ ਹੈ ਜਾਂ ਕਿਸੇ ਕੁਦਰਤੀ ਵਰਤਾਰੇ ਦੇ ਸਿੱਟੇ ਵਜੋਂ, ਨਾ ਕਿ ਕਿਸੇ ਬੇਤਰਤੀਬ ਪ੍ਰਕਿਰਿਆ ਵਿੱਚੋਂ’। ਇਸਦਾ ਅਰਥ ਇਹ ਲਿਆ ਜਾ ਸਕਦਾ ਹੈ ਕਿ ਰੱਬ ਵੱਲੋਂ ਬਣਾਈ ਗਈ ਕਾਇਨਾਤ ਦੇ ਵਰਤਾਰਾ ਵਿੱਚ ਯਕੀਨ ਕਰਨ ਵਾਲਿਆਂ ਦਾ ਵਿਸ਼ਵਾਸ਼ ਇੱਕ ਬੇ-ਤਰਤੀਬ ਵਰਤਾਰਾ ਹੈ। ਇਹੋ ਹੀ ਨਹੀਂ ਸਗੋਂ ਉਸਨੇ ਹੋਮੀਓਪੈਥੀ ਵੱਲ ਇਸ਼ਾਰਾ ਕਰਕੇ (ਸ਼ੱਕਰ ਦੀਆਂ ਗੋਲੀਆਂ ਨਾਲ ਇਲਾਜ ਕਰਨ ਨੂੰ ਮਨਘੜਤ ਕਰਾਰ ਦੇਣਾ) ਇੱਕ ਪੂਰੀ ਦੀ ਪੂਰੀ ਇਲਾਜ ਵਿਧੀ ਦੀ ਕਾਰਜਸ਼ੈਲੀ ਨੂੰ ਵੀ ਨੀਵਾਂ ਵਿਖਾਇਆ ਹੈ।

ਗਵਰਨਰ ਜਨਰਲ ਦੇ ਇਸ ਬਿਆਨ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਤਾਈਦ ਕੀਤਾ ਹੈ। ਸ਼ਾਇਦ ਤਾਈਦ ਕਰਨਾ ਟਰੂਡੋ ਹੋਰਾਂ ਦੀ ਮਜਬੂਰੀ ਵੀ ਸੀ ਕਿਉਂਕਿ ਸਾਡੇ ਸੰਵਿਧਾਨ ਮੁਤਾਬਕ ਗਵਰਨਰ ਜਨਰਲ ਆਪਣੇ ਵੱਲੋਂ ਦਿੱਤੇ ਕਿਸੇ ਬਿਆਨ ਜਾਂ ਕਾਰਵਾਈ ਨੂੰ ਖੁਦ ਤਾਈਦ ਨਹੀਂ ਕਰ ਸਕਦਾ। ਇਹ ਜੁੰਮੇਵਾਰੀ ਉਸ ਸਰਕਾਰ ਦੀ ਹੁੰਦੀ ਹੈ ਜਿਸਨੇ ਗਵਰਨਰ ਜਨਰਲ ਦੀ ਨਿਯੁਕੀਤੀ ਕੀਤੀ ਹੁੰਦੀ ਹੈ।

ਗਵਰਨਰ ਜਨਰਲ ਦੇ ਬਿਆਨ ਨੇ ਸਿੱਖ, ਹਿੰਦੂ, ਈਸਾਈ, ਇਸਲਾਮ ਅਤੇ ਹੋਰ ਧਰਮਾਂ ਵਿੱਚ ਯਕੀਨ ਕਰਨ ਵਾਲੇ ਲੋਕਾਂ ਦੇ ਵਿਸ਼ਵਾਸ਼ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਅਜਿਹਾ ਕਰਨਾ ਗਵਰਨਰ ਜਨਰਲ ਦਾ ਰੋਲ ਨਹੀਂ ਹੈ। ਸ਼ਾਇਦ ਉਹ ਇਸ ਗੱਲ ਨੂੰ ਹੀ ਭੁੱਲ ਗਈ ਕਿ ਉਹ ਹੁਣ ਮਹਿਜ਼ ਸਾਬਕਾ ਇੰਜਨੀਅਰ ਅਤੇ ਪੁਲਾੜ ਯਾਤਰੀ ਨਹੀਂ ਸਗੋਂ ਇੱਕ ਸੰਯੁਕਤ, ਖਿਆਲਾਂ ਅਤੇ ਵਿਸ਼ਵਾਸ਼ਾਂ ਦੀ ਵਿਭਿੰਨਤਾ ਦਾ ਕਨੂੰਨਨ ਸਤਕਾਰ ਕਰਨ ਵਾਲੇ ਮੁਲਕ ਦੀ ਸਰਬਉੱਚ ਗੱਦੀ ਉੱਤੇ ਬਿਰਾਜਮਾਨ ਮੋਹਤਰਮਾ ਹੈ।

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਂਡਰੀਊ ਸ਼ੀਅਰ ਤੋਂ ਸਾਸਕੇਚਵਨ ਦੇ ਪ੍ਰੀਮੀਅਰ ਬਰੈਡ ਵਾਲ ਤੱਕ ਵੱਖੋ ਵੱਖਰੇ ਹਲਕਿਆਂ ਵਿੱਚ ਗਵਰਨਰ ਜਨਰਲ ਦੀ ਨਿੰਦਾ ਹੋ ਰਹੀ ਹੈ। ਪ੍ਰੀਮੀਅਰ ਬਰੈਡ ਵਾਲ ਨੇ ਤਾਂ ਬੀਬੀ ਪੇ-ਐਟ ਨੂੰ ਇੱਕ ਰਸਮੀ ਪੱਤਰ ਲਿਖ ਕੇ ਇਤਰਾਜ਼ ਕੀਤਾ ਹੈ ਕਿ ਉਸਦਾ ਬਿਆਨ ਗਵਰਨਰ ਜਨਰਲ ਲਈ ਨਿਰਧਾਰਤ ਮਿਆਰਾਂ ਉੱਤੇ ਖਰ੍ਹਾ ਨਹੀਂ ਉੱਤਰਦਾ। ਉਸਨੇ ਇਹ ਵੀ ਕਿਹਾ ਹੈ ਕਿ ਗਵਰਨਰ ਜਰਨਲ ਵਜੋਂ ਤੁਸੀਂ ਕਦੇ ਸਾਸਕੇਚਵਨ ਦੀ ਯਾਤਰਾ ਉੱਤੇ ਆਉਣਾ ਹੋਵੇ ਤਾਂ ਬਹੁਤ 2 ਸੁਆਗਤ ਹੈ ਪਰ ਇੱਕ ਸ਼ਰਤ ਉੱਤੇ ਕਿ ਇੱਥੇ ਆ ਕੇ ਤੁਸੀਂ ਰੱਬ ਦੀ ਹੋਂਦ ਬਾਰੇ ਗੱਲਾਂ ਨਹੀਂ ਕਰੋਗੇ।

ਗਵਰਨਰ ਜਨਰਲ ਦੇ ਬਿਆਨ ਨੇ ਲਿਬਰਲ ਸਰਕਾਰ ਅਤੇ ਇਸਦੇ ਐਥਨਿਕ ਕਮਿਉਨਿਟੀਆਂ ਨਾਲ ਸਬੰਧਿਤ ਐਮ ਪੀਆਂ ਅਤੇ ਹੋਰ ਆਗੂਆਂ ਵਾਸਤੇ ਮੁਸ਼ਕਲ ਖੜੀ ਕਰ ਦਿੱਤੀ ਹੈ। ਉਹਨਾਂ ਨੂੰ ਇਹ ਯਕੀਨ ਦੁਆਉਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ ਕਿ ਧਾਰਮਿਕ ਵਿਸ਼ਵਾਸ਼ ਰੱਖਣ ਵਾਲੇ ਕੈਨੇਡੀਅਨ ਮੂਰਖ ਜਾਂ ਅੰਧਘੋਰ ਸੋਚ ਵਾਲੇ ਗੰਵਾਰ ਨਹੀਂ ਹਨ। ਕੀ ਇਹ ਇੱਕ ਸੁਆਲ ਨਹੀਂ ਹੈ ਕਿ ਜਿਸ ਵੇਲੇ ਗਵਰਨਰ ਜਨਰਲ, ਪ੍ਰਧਾਨ ਮੰਤਰੀ ਤੋਂ ਲੈ ਕੇ ਹਰ ਸ਼ਹਿਰ, ਕਸਬੇ ਵਿੱਚ ਵੱਸਦਾ ਆਮ ਕੈਨੇਡੀਅਨ ‘ਓ ਕੈਨੇਡਾ’ ਦਾ ਗਾਇਨ ਕਰਦਾ ਹੈ ਤਾਂ ਉਹ ਕਿਸ ਸ਼ਕਤੀ (God keep our land glorious and free) ਨਾਲ ਗੱਲ ਕਰ ਰਿਹਾ ਹੁੰਦਾ ਹੈ? ਕੈਨੇਡਾ ਦੇ ਚਾਰਟਰ ਤਹਿਤ ਸੰਵਿਧਾਨਕ ਗਰੰਟੀ ਦਰਜ਼ ਕੀਤੀ ਹੋਈ ਹੈ ਕਿ ਵਿਭਿੰਨਤਾ ਦੇ ਸਨਮਾਨ ਕਰਨ ਦੇ ਸਿਧਾਂਤ ਵਿੱਚ ਵੱਖ 2 ਫਿਰਕਿਆਂ ਦੇ ਧਾਰਮਿਕ ਵਿਸ਼ਵਾਸ਼ਾਂ ਦਾ ਸਨਮਾਨ ਕੀਤਾ ਜਾਣਾ ਸ਼ਾਮਲ ਹੁੰਦਾ ਹੈ। ਉਂਟੇਰੀਓ ਦਾ ਮਨੁੱਖੀ ਅਧਿਕਾਰ ਕੋਡ ਵੀ ਇਸ ਗੱਲ ਦੀ ਗਰੰਟੀ ਦੇਂਦਾ ਹੈ।

ਸ਼ਾਇਦ ਹੀ ਕੋਈ ਕੈਨੇਡੀਅਨ ਹੋਵੇਗਾ ਜੋ ਸਾਇੰਸ ਦੇ ਯੋਗਦਾਨ ਨੂੰ ਕਬੂਲਣ ਤੋਂ ਨਾਂਹ ਨਹੀਂ ਕਰੇਗਾ। ਪਰ ਕੈਨੇਡੀਅਨ ਆਪਣੇ ਲੀਡਰਾਂ ਕੋਲੋਂ ਰੱਬੀ ਹੋਂਦ ਬਾਰੇ ਸ਼ੱਕ ਸ਼ੁਬਹੇ ਪੈਦਾ ਕਰਨ ਵਾਲੇ ਬਿਆਨ ਦਿੱਤੇ ਜਾਣ ਦੀ ਆਸ ਵੀ ਨਹੀਂ ਕਰਦੇ। ਰੱਬ ਦਾ ਹੋਣਾ ਜਾਂ ਨਾ ਹੋਣਾ ਇੱਕ ਅਜਿਹਾ ਖੇਤਰ ਜਿਸ ਬਾਰੇ ਸਰਕਾਰ ਦੇ ਸਰਬਉਚ ਅਹਿਲਕਾਰ ਵੱਲੋਂ ਜਨਤਕ ਰੂਪ ਵਿੱਚ ਬਹਿਸ ਛੇੜਨੀ ਸਹੀ ਨਹੀਂ ਹੈ।

ਵੈਸੇ ਵੀ ਕੋਈ ਮਨੁੱਖ ਦੇ ਰੱਬ ਵਿੱਚ ਵਿਸ਼ਵਾਸ਼ ਕਰਦਾ ਹੈ ਜਾਂ ਨਹੀਂ, ਇਸ ਨਾਲ ਉਸਦੀ ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣ ਦੀ ਸਮਰੱਥਾ ਵੱਧ ਜਾਂ ਘੱਟ ਨਹੀਂ ਹੁੰਦੀ। ਰੱਬ ਦੀ ਹੋਂਦ ਵਿੱਚ ਯਕੀਨ ਕਰਨ ਵਾਲੇ ਕੈਨੇਡੀਅਨ ਘੱਟੋ ਘੱਟ ਇਸ ਗੱਲ ਦੇ ਹੱਕਦਾਰ ਹਨ ਕਿ ਜੇਕਰ ਕਿਸੇ ਆਗੂ ਦਾ ਰੱਬ ਦੀਂ ਹੋਂਦ ਵਿੱਚ ਯਕੀਨ ਨਹੀਂ ਤਾਂ ਉਸਨੂੰ ਨਿੱਜੀ ਪੱਧਰ ਉੱਤੇ ਰੱਖਣ ਪਰ ਯਕੀਨ ਕਰਨ ਵਾਲਿਆਂ ਦਾ ਮਜ਼ਾਕ ਨਾ ਉਡਾਉਣ।