ਮੰਗਲ ਗ੍ਰਹਿ ਉੱਤੇ ਬਾਰਿਸ਼ ਦਾ ਪਾਣੀ ਵਹਿਣ ਨਾਲ ਬਣੀਆਂ ਸੀ ਘਾਟੀਆਂ


ਲੰਡਨ, 1 ਜੁਲਾਈ (ਪੋਸਟ ਬਿਊਰੋ)- ਵਿਗਿਆਨੀਆਂ ਨੇ ਮੰਗਲ ਗ੍ਰਹਿ ‘ਤੇ ਘਾਟੀਆਂ ਦੇ ਬਣਨ ਦੀ ਗੁੱਥੀ ਹੱਲ ਕਰ ਲਈ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਓਥੇ ਬਾਰਿਸ਼ ਦਾ ਪਾਣੀ ਵਹਿਣ ਨਾਲ ਘਾਟੀਆਂ ਬਣੀਆਂ ਸਨ। ਇਹ ਘਾਟੀਆਂ ਓਦਾਂ ਦੀਆਂ ਦਿਖਾਈ ਪੈਂਦੀਆਂ ਹਨ, ਜਿਸ ਤਰ੍ਹਾਂ ਦੀਆਂ ਧਰਤੀ ਦੇ ਖੁਸ਼ਕ ਇਲਾਕੇ ‘ਚ ਪਾਈਆਂ ਜਾਂਦੀਆਂ ਹਨ।
ਸਾਇੰਸ ਐਡਵਾਂਸ ‘ਚ ਛਾਪੇ ਗਏ ਅਧਿਐਨ ਮੁਤਾਬਕ ਖੋਜਕਾਰਾਂ ਦਾ ਅਨੁਮਾਨ ਹੈ ਕਿ ਮੰਗਲ ਗ੍ਰਹਿ ‘ਤੇ ਇੱਕ ਸਮੇਂ ਬੱਦਲ ਤੇ ਪਾਣੀ ਹੋਵੇਗਾ। ਕਈ ਸਾਲਾਂ ਤੋਂ ਵਿਗਿਆਨੀਆਂ ‘ਚ ਉਸ ਵਸੀਲੇ ਬਾਰੇ ਬਹਿਸ ਚੱਲ ਰਹੀ ਹੈ, ਜਿਸ ਨਾਲ ਓਥੇ ਪਾਣੀ ਦੀ ਉਤਪਤੀ ਹੋਈ ਹੋਵੇਗੀ। ਖੋਜਕਰਤਾ ਮੰਗਲ ਦੀਆਂ ਨਦੀ ਘਾਟੀਆਂ ਦੇ ਨਕਸ਼ੇ ਦੇ ਅੰਕੜਿਆਂ ਦੀ ਵਰਤੋਂ ਨਾਲ ਇਸ ਨਤੀਜੇ ‘ਤੇ ਪਹੁੰਚੇ ਹਨ ਕਿ ਇਸ ਗ੍ਰਹਿ ‘ਤੇ ਘਾਟੀਆਂ ਦਾ ਆਕਾਰ ਅੱਜ ਵੀ ਨਜ਼ਰ ਆਉਂਦਾ ਹੈ। ਇਨ੍ਹਾਂ ਦਾ ਨਿਰਮਾਣ ਬਰਸਾਤ ਦਾ ਪਾਣੀ ਵਗਣ ਨਾਲ ਹੋਇਆ ਹੋਵੇਗਾ। ਇਸ ਤੋਂ ਸੰਕੇਤ ਹੈ ਕਿ ਮੰਗਲ ‘ਤੇ ਲੰਬੇ ਸਮੇਂ ਤੱਕ ਭਾਰੀ ਬਾਰਿਸ਼ ਹੋਣ ਨਾਲ ਹਾਈਡ੍ਰੋਲਾਜੀਕਲ ਵਰਗਾ ਮਾਹੌਲ ਸੀ। ਸਤਹਿ ‘ਤੇ ਬਾਰਿਸ਼ ਦੇ ਪਾਣੀ ਦਾ ਤੇਜ਼ ਵਹਾਅ ਹੋਣ ਨਾਲ ਘਾਟੀਆਂ ਦਾ ਨੈੱਟਵਰਕ ਬਣਿਆ ਹੋ ਸਕਦਾ ਹੈ। ਇਨ੍ਹਾਂ ਦਾ ਵਿਕਾਸ ਉਸੇ ਤਰ੍ਹਾਂ ਹੋਣ ਦਾ ਅਨੁਮਾਨ ਹੈ ਜਿਸ ਤਰ੍ਹਾਂ ਧਰਤੀ ਦੇ ਖੁਸ਼ਕ ਇਲਾਕਿਆਂ ਵਿੱਚ ਨਦੀ ਘਾਟੀਆਂ ਹੋਇਆ। ਖੋਜਕਾਰਾਂ ਨੇ ਅਮਰੀਕਾ ਦੇ ਏਰੀਜੋਨਾ ਸੂਬੇ ‘ਚ ਇਸੇ ਵਾਂਗ ਘਾਟੀ ਨੈੱਟਵਰਕ ਪੈਟਰਨ ‘ਤੇ ਗ਼ੌਰ ਕੀਤਾ। ਇਸ ਥਾਂ ਮੰਗਲ ਦੇ ਅਗਲੇ ਮਿਸ਼ਨਾਂ ਲਈ ਪੁਲਾੜ ਯਾਤਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਸੂਬੇ ਦੇ ਖੁਸ਼ਕ ਇਲਾਕੇ ਦੀਆਂ ਘਾਟੀਆਂ ਤੰਗ ਕੋਣ ਵਾਲੀਆਂ ਹਨ, ਪਰ ਇਨ੍ਹਾਂ ਦੇ ਮੁਕਾਬਲੇ ਮੰਗਲ ਦੀਆਂ ਘਾਟੀਆਂ ਹੇਠਾਂ ਹਨ। ਈ ਟੀ ਐੱਚ ਜਿਊਰਿਖ ਦੇ ਪ੍ਰੋਫੈਸਰ ਹੰਸਜੋਰਗ ਸੀਬੋਲਡ ਨੇ ਕਿਹਾ ਕਿ ਹਾਲੀਆ ਖੋਜ ਤੋਂ ਜ਼ਾਹਿਰ ਹੁੰਦਾ ਹੈ ਕਿ ਮੰਗਲ ਗ੍ਰਹਿ ‘ਤੇ ਪਹਿਲਾਂ ਦੇ ਅਨੁਮਾਨ ਤੋਂ ਕਿਤੇ ਜ਼ਿਆਦਾ ਪਾਣੀ ਕਦੇ ਰਿਹਾ ਹੋ ਸਕਦਾ ਹੈ। ਇੱਕ ਕਲਪਨਾ ਇਹ ਵੀ ਕਹਿੰਦੀ ਹੈ ਕਿ ਇੱਕ ਸਮੇਂ ਮੰਗਲ ਦਾ ਇੱਕ-ਤਿਹਾਈ ਉਤਰੀ ਖੇਤਰ ਸਮੁੰਦਰ ਸੀ।