ਮੌੜ ਧਮਾਕਾ ਮਾਮਲੇ ‘ਚ ਪੰਜਾਬ ਪੁਲਸ ਨੂੰ ਸਿਰਸਾ ਦੇ ਵਿਅਕਤੀ ‘ਤੇ ਸ਼ੱਕ

maud blast
ਚੰਡੀਗੜ੍ਹ, 31 ਮਾਰਚ (ਪੋਸਟ ਬਿਓਰੋ)-  ਮੌੜ ਮੰਡੀ ਬਲਾਸਟ ਵਿਚ ਇਕ ਹੋਰ ਜ਼ਖਮੀ ਬੱਚੇ ਦੀ ਮੌਤ ਤੋਂ ਨੇ ਇਕ ਵਾਰ ਫਿਰ ਤੋਂ ਉਨ੍ਹਾਂ ਲੋਕਾ ਦੇ ਜ਼ਖਮਾਂ ਨੂੰ ਖੁਰਚ ਦਿੱਤਾ ਹੈ, ਜਿਨ੍ਹਾਂ ਨੇ ਇਸ ਬਲਾਸਟ ਵਿਚ ਆਪਣਿਆਂ ਨੂੰ ਖੋਇਆ ਹੈ। ਪੰਜਾਬ ਵਿਚ ਵਿਧਾਨਸਭਾ ਚੋਣਾਂ ਤੋਂ 4 ਦਿਨ ਪਹਿਲਾਂ ਹੋਏ ਇਸ ਧਮਾਕੇ ਨੂੰ ਭਾਵੇਂ ਹੀ ਦੋ ਮਹੀਨਿਆਂ ਦਾ ਸਮਾਂ ਬੀਤ ਗਿਆ ਹੈ, ਪਰ ਅੱਤਵਾਦ ਦੇ ਦੌਰ ਤੋਂ ਬਾਅਦ ਹੋਈ ਇਸ ਘਟਨਾ ਦੀ ਜਾਂਚ ਵਿਚ ਅਜੇ ਤੱਕ ਪੁਲਸ ਦੀ ਹੱਥ ਖਾਲੀ ਹਨ। ਹਾਲਾਂਕਿ ਇਹ ਦਾਅਵਾ ਜਰੂਰ ਕੀਤਾ ਜਾ ਰਿਹਾ ਹੈ ਕਿ ਪੁਲਸ ਦੀ ਐਸ.ਆਈ.ਟੀ. ਜਾਂਚ ਕਰਦੇ-ਕਰਦੇ ਮੁਲਜ਼ਿਮਾਂ ਦੇ ਕਾਫੀ ਨਜ਼ਦੀਕ ਪਹੁੰਚ ਚੁੱਕੀ ਹੈ, ਪਰ ਮੁੱਖ ਮੁਲਜ਼ਿਮਾਂ ਦੇ ਹੱਥ ਵਿਚ ਆਉਂਦੇ ਹੀ ਸਾਰੀ ਸਾਜਿਸ਼ ਦਾ ਖੁਲਾਸਾ ਹੋ ਜਾਵੇਗਾ। ਪੰਜਾਬ ਪੁਲਸ ਵਲੋਂ ਕੀਤੀ ਜਾਂਚ ਦੌਰਾਨ ਸ਼ੱਕ ਦੀ ਸੂਈ ਸਿਰਸਾ ਦੇ ਰਹਿਣ ਵਾਲੇ ਇਕ ਵਿਅਕਤੀ ‘ਤੇ ਟਿਕੀ ਹੈ, ਜਿਸ ਦੇ ਬਾਰੇ ‘ਚ ਪੁਲਸ ਅਧਿਕਾਰੀ ਕੁੱਝ ਬੋਲਣ ਤੋਂ ਕਤਰਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਿਮ ਦੀ  ਪਹਿਚਾਣ ਹੋ ਚੁੱਕੀ ਹੈ ਤੇ ਉਸਦੀ ਧਰਪਕੜ ਲਈ ਹਰ ਯਤਨ ਕੀਤੇ ਜਾ ਰਹੇ ਹਨ।
ਜਾਣਕਾਰੀ ਮੁਤਾਬਿਕ ਪੰਜਾਬ ਪੁਲਸ ਦੀ ਸਪੈਸ਼ਲ ਇਨਵੈਸਟੀਗਸ਼ਨ ਟੀਮ ਵਲੋਂ ਮੌੜ ਬਲਾਸਟ ਵਾਲੀ ਥਾਂ ਤੋਂ ਇਕੱਠੇ ਕੀਤੇ ਗਏ ਸੁਰਾਗਾਂ ਦੀਆਂ ਕੜੀਆਂ ਜੋੜਦੇ-ਜੋੜਦੇ ਹਰਿਆਣਾ ਦੇ ਸ਼ਹਿਰ ਸਿਰਸਾ ਦਾ ਰੁਖ ਕੀਤਾ ਗਿਆ ਹੈ। ਇਹੀ ਉਹ ਸ਼ਹਿਰ ਮੰਨਿਆ ਜਾ ਰਿਹਾ ਹੈ, ਜਿਥੋਂ ਦੇ ਰਹਿਣ ਵਾਲੇ ਵਿਅਕਤੀ ਨੇ ਮਾਰੂਤੀ ਗੱਡੀ ਵਿਚ ਵਿਸਫੋਟ ਲਈ ਡੈਟੋਨੇਟਰ ਦੇ ਤੌਰ ‘ਤੇ ਇਸਤੇਮਾਲ ਕੀਤੀ ਗਈ ਬੈਟਰੀ ਖਰੀਦੀ ਸੀ। ਪਤਾ ਲੱਗਿਆ ਹੈ ਕਿ ਪੰਜਾਬ ਪੁਲਸ ਵਲੋਂ ਇਸ ਕੇਸ ਦੀ ਤੈਅ ਤੱਕ ਪਹੁੰਚਣ ਲਈ ਕਾਰ ‘ਚੋਂ ਮਿਲੀ ਬੈਟਰੀ ਨਾਲ ਮਿਲਦੀਆਂ ਜੁਲਦੀਆਂ ਬੈਟਰੀਆਂ (400 ਕਿਲੋਮੀਟਰ ਦੇ ਦਾਇਰੇ ਅੰਦਰ) ਖਰੀਦਣ ਵਾਲੇ ਕਰੀਬ 654 ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 653 ਲੋਕਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ ਤੇ ਸਿਰਫ ਇਕ ਵਿਅਕਤੀ ਜੋ ਕਿ ਸਿਰਸਾ ਦਾ ਰਹਿਣ ਵਾਲਾ ਹੈ, ਪੁਲਸ ਦੇ ਹੱਥ ਨਹੀਂ ਲੱਗ ਸਕਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਉਕਤ ਵਿਅਕਤੀ ਤੋਂ ਹੀ ਮੋੜ ਮੰਡੀ ਬਲਾਸਟ ਦੀਆਂ ਪਰਤਾਂ ਖੁੱਲਣਗੀਆਂ ਤੇ  ਪੂਰੀ ਸਾਜਿਸ਼ ਦਾ ਖੁਲਾਸਾ ਹੋ ਸਕੇਗਾ।