ਮੌਸੂਲ ਕਾਂਡ ਦੇ ਬਾਵਜੂਦ ਪੰਜਾਬ ਦੇ ਨੌਜਵਾਨਾਂ ‘ਚ ਅਜੇ ਵੀ ਇਰਾਕ ਦੀ ਖਿੱਚ


ਚੰਡੀਗੜ੍ਹ, 16 ਅਪ੍ਰੈਲ (ਪੋਸਟ ਬਿਊਰੋ)- ਚੰਗੀ ਜ਼ਿੰਦਗੀ ਲਈ ਆਪਣਾ ਘਰ ਛੱਡ ਕੇ ਇਰਾਕ ਗਏ 39 ਭਾਰਤੀਆਂ ਨੂੰ ਤਾਬੂਤਾਂ ‘ਚ ਦੇਸ਼ ਪਰਤਣਾ ਪਿਆ, ਪਰ ਇਰਾਕ ਦੇ ਮੌਸੂਲ ‘ਚ ਵਾਪਰੇ ਕਾਂਡ ਦੇ ਬਾਵਜੂਦ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਅਜੇ ਵੀ ਇਸ ਜੰਗ ਪ੍ਰਭਾਵਿਤ ਦੇਸ਼ ‘ਚ ਰੁਜ਼ਗਾਰ ਦੀ ਉਮੀਦ ਹੈ ਤੇ ਬਹੁਤ ਸਾਰੇ ਅਜੇ ਵੀ ਗੈਰ ਕਾਨੂੰਨੀ ਤਰੀਕਿਆਂ ਰਾਹੀਂ ਇਰਾਕ ਵਰਗੇ ਦੇਸ਼ਾਂ ‘ਚ ਜਾ ਰਹੇ ਹਨ।
ਵਰਨਣ ਯੋਗ ਹੈ ਕਿ ਇਰਾਕ ਦੇ ਮੌਸੂਲ ਵਿੱਚ ਆਈ ਐਸ ਦੇ ਅੱਤਵਾਦੀਆਂ ਵੱਲੋਂ ਮਾਰੇ ਗਏ 39 ਭਾਰਤੀਆਂ ਵਿੱਚੋਂ 27 ਪੰਜਾਬ ਦੇ ਵਾਸੀ ਸਨ। ਇਸ ਬਾਰੇ ਟਰੈਵਲ ਏਜੰਟਾਂ ਦਾ ਕਹਿਣਾ ਹੈ ਕਿ ਖਤਰੇ ਦੇ ਬਾਵਜੂਦ ਅਜੇ ਵੀ ਹਜ਼ਾਰਾਂ ਨੌਜਵਾਨ ਕੰਮ ਦੀ ਭਾਲ ਲਈ ਇਰਾਕ ਵਰਗੇ ਜੰਗ ਪ੍ਰਭਾਵਿਤ ਦੇਸ਼ਾਂ ‘ਚ ਜਾਣ ਦੀ ਯੋਜਨਾ ਬਣਾ ਰਹੇ ਹਨ। ਪੰਜਾਬ ਟਰੈਵਲ ਏਜੰਟਸ ਐਸੋਸੀਏਸ਼ਨ ਦੇ ਪ੍ਰਧਾਨ ਕੁਲਜੀਤ ਸਿੰਘ ਹੇਅਰ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਦਾ ਕੰਮ ਦੀ ਭਾਲ ‘ਚ ਦੂਸਰੇ ਦੇਸ਼ਾਂ ‘ਚ ਜਾਣ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਗੈਰ ਕਾਨੂੰਨੀ ਏਜੰਟਾਂ ਰਾਹੀਂ ਇਨ੍ਹਾਂ ਦੇਸ਼ਾਂ ‘ਚ ਜਾਂਦੇ ਹਨ ਤਾਂ ਉਥੇ ਜਾ ਕੇ ਫਸ ਜਾਂਦੇ ਹਨ। ਗੈਰ ਕਾਨੂੰਨੀ ਤਰੀਕੇ ਨਾਲ ਇਰਾਕ ਭੇਜਣ ਵਾਲੇ ਟਰੈਵਲ ਏਜੰਟਾਂ ਦੀ ਗਿਣਤੀ ਬਾਰੇ ਕੋਈ ਨਿਸ਼ਚਿਤ ਅੰਕੜਾ ਨਹੀਂ, ਪਰ ਇਸ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਸ ਗੈਰ ਕਾਨੂੰਨੀ ਧੰਦੇ ਵਿੱਚ ਹਜ਼ਾਰਾਂ ਲੋਕ ਹੋ ਸਕਦੇ ਹਨ। ਜਲੰਧਰ ਦੀ ਇੱਕ ਮਨਜ਼ੂਰਸ਼ੁਦਾ ਕੰਸਲਟੈਂਸੀ ਫਰਮ ਦੇ ਰਜਿਸਟਰਡ ਏਜੰਟ ਨੇ ਦੱਸਿਆ ਕਿ ਲੋਕ ਇਰਾਕ ‘ਚ ਕੰਮ ਕਰਨ ਨੂੰ ਇਸ ਲਈ ਮਹੱਤਵ ਦਿੰਦੇ ਹਨ ਕਿ ਇਥੇ ਦੁਬਈ ਤੇ ਹੋਰ ਦੇਸ਼ਾਂ ਤੋਂ ਤਨਖਾਹ ਦੋ ਜਾਂ ਤਿੰਨ ਗੁਣਾ ਵੱਧ ਹੈ।
ਇੱਕ ਸਵਾਲ, ਕਿ ਕੀ ਇਰਾਕ ਦੇ ਮੌਸੂਲ ‘ਚ ਵਾਪਰੀ ਘਟਨਾ ਤੋਂ ਬਾਅਦ ਖਾੜੀ ਦੇਸ਼ਾਂ ‘ਚ ਕੰਮ ਕਰਨ ਵਾਲੇ ਲੋਕਾਂ ‘ਚ ਕਮੀ ਆਈ ਹੈ ਜਾਂ ਨਹੀਂ, ਦਾ ਜਵਾਬ ਦਿੰਦਿਆਂ ਇਸ ਰਜਿਸਟਰਡ ਏਜੰਟ ਨੇ ਦੱਸਿਆ ਕਿ ਅਜੇ ਵੀ ਕਈ ਲੋਕ ਇਰਾਕ ਜਾ ਰਹੇ ਹਨ ਤੇ ਬਹੁਤ ਸਾਰੇ ਪੈਸੇ ਬਣਾਉਣ ਦੀ ਖਾਤਰ ਅਜਿਹੇ ਦੇਸ਼ਾਂ ‘ਚ ਜਾਣ ਲਈ ਖਤਰਾ ਮੁੱਲ ਲੈਂਦੇ ਹਨ। ਇਕ ਏਜੰਟ ਨੇ ਆਪਣੀ ਪਛਾਣ ਨਾ ਦੱਸਣ ਦੀ ਸ਼ਰਤ ‘ਤੇ ਦੱਸਿਆ ਕਿ ਬਹੁਤ ਸਾਰੀਆਂ ਅੰਤਰਰਾਸ਼ਟਰੀ ਕੰਪਨੀਆਂ ਨੂੰ ਜੰਗ ਪ੍ਰਭਾਵਿਤ ਦੇਸ਼ਾਂ ‘ਚ ਬਣ ਰਹੇ ਜਾਂ ਬਣਾਏ ਜਾਣ ਵਾਲੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਲਈ ਉਸਾਰੀ ਮਜ਼ਦੂਰਾਂ ਦੀ ਲੋੜ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਇਕ ਉਸਾਰੀ ਮਜ਼ਦੂਰ ਦੁਬਈ ਦੇ 1200 ਦਿਰ੍ਹਾਮ (22000 ਰੁਪਏ) ਪ੍ਰਤੀ ਮਹੀਨਾ ਦੇ ਮੁਕਾਬਲੇ ਇਰਾਕ ‘ਚ ਮਹੀਨੇ ਦੇ 800-1000 ਅਮਰੀਕੀ ਡਾਲਰ (50-65000 ਰੁਪਏ) ਕਮਾ ਲੈਂਦਾ ਹੈ। ਗੈਰ ਕਾਨੂੰਨੀ ਟਰੈਵਲ ਏਜੰਟਾਂ ਦੇ ਬਾਵਜੂਦ ਜਿਹੜੇ ਲੋਕ ਇਰਾਕ ‘ਚ ਮੌਜੂਦ ਖਤਰਿਆਂ ਨੂੰ ਜਾਨਣ ਦੇ ਬਾਵਜੂਦ ਇਥੇ ਗੈਰ ਕਾਨੂੰਨੀ ਤਰੀਕੇ ਨਾਲ ਜਾਂਦੇ ਹਨ ਉਨ੍ਹਾਂ ‘ਚ ਵੀ ਬਹੁਤ ਵੱਡੀ ਗਲਤੀ ਹੈ ਕਿਉਂਕਿ ਉਹ ਅਜੇ ਵੀ ਇਰਾਕ ਵਰਗੇ ਦੇਸ਼ਾਂ ‘ਚ ਜਾ ਰਹੇ ਹਨ।