ਮੋਸ਼ਨ 103, ਸੰਭਾਵਨਾਵਾਂ, ਜ਼ੁੰਮੇਵਾਰੀਆਂ ਅਤੇ ਵਿਵਾਦ

zzzzzzzz-300x1111ਮਿਸੀਸਾਗਾ ਐਰਿਨ ਮਿਲਜ਼ ਤੋਂ ਲਿਬਰਲ ਮੈਂਂਬਰ ਪਾਰਲੀਮੈਂਟ ਇਕਰਾ ਖਾਲਿਦ ਨੇ ਦਸੰਬਰ 2016 ਵਿੱਚ ਪਾਰਲੀਮੈਂਟ ਵਿੱਚ ਇੱਕ ਮੋਸ਼ਨ ਪੇਸ਼ ਕੀਤਾ ਸੀ ਜੋ ਮੋਸ਼ਨ 103 ਦੇ ਨਾਮ ਨਾਲ ਅੱਜ ਕੱਲ ਖੂਬ ਚਰਚਾ ਵਿੱਚ ਹੈ। ਬੀਬੀ ਇਕਰਾ ਖਾਲਿਦ ਦੇ ਇਸ ਮੋਸ਼ਨ ਵਿੱਚ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਜਿ ਕੈਨੇਡਾ ਵਿੱਚ ਇਸਲਾਮ ਧਰਮ ਬਾਰੇ ਪੈਦਾ ਹੋਈ ਭੇਦਭਾਵ ਦੀ ਭਾਵਨਾ (Islamophobia ਇਸਲਾਮੋਫੋਬੀਆ) ਦੀ ਨਿੰਦਾ ਕੀਤੀ ਜਾਵੇ ਅਤੇ ਸਟੱਡੀ ਕਰਵਾਈ ਜਾਵੇ ਕਿ ਕੈਨੇਡਾ ਵਿੱਚ ਵੱਧ ਰਹੇ ਨਫ਼ਰਤ ਦੇ ਜਨਤਕ ਮਾਹੌਲ ਅਤੇ ਡਰ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ। ਇਸ ਮੋਸ਼ਨ ਬਰੈਂਪਟਨ ਈਸਟ ਤੋਂ ਰਾਜ ਗਰੇਵਾਲ ਸਮੇਤ ਕਈ ਐਮ ਪੀਆਂ ਨੇ ਤਾਈਦ ਕੀਤਾ ਹੈ।

ਜਿਹੋ ਜਿਹਾ ਮਾਹੌਲ ਅੱਜ ਵਿਸ਼ਵ ਵਿੱਚ ਫੈਲਿਆ ਹੋਇਆ ਹੈ, ਉਸਦੇ ਸਨੁਮਖ ਹਰ ਕਿਸਮ ਦੇ ਨਸਲੀ ਭੇਦਭਾਵ ਅਤੇ ਵਿਤਕਰੇ ਦੇ ਖਿਲਾਫ਼ ਖੁੱਲ ਕੇ ਜੰਗ ਲੜਨ ਦੀ ਲੋੜ ਹੈ। ਕੌੜੀ ਹਕੀਕਤ ਇਹ ਵੀ ਹੈ ਕਿ ਵਰਤਮਾਨ ਦੌਰ ਵਿੱਚ ਸਿਆਸੀ ਪਾਰਟੀਆਂ ਸਮਾਜਿਕ ਭਲੇ (Public good) ਨਾਲੋਂ ਇੱਕ ਦੂਜੇ ਤੋਂ ਵੱਧ ਪੁਆਇੰਟ ਬਣਾਉਣ ਵਿੱਚ ਵਧੇਰੇ ਦਿਲਚਸਪੀ ਰੱਖਦੀਆਂ ਹਨ। ਇਕਰਾ ਖਾਲਿਦ ਦੇ ਮੋਸ਼ਨ ਨੂੰ ਲੈ ਕੇ ਵੀ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀਆਂ ਵੱਲੋਂ ਇਹੀ ਕੀਤਾ ਜਾ ਰਿਹਾ ਹੈ। ਲਿਬਰਲ ਪਾਰਟੀ ਵਾਲੇ ਸਿਰਫ਼ ਇੱਕ ਮਜ਼ਹਬ ਦੇ ਪਰੀਪੇਖ ਵਿੱਚ ਇਸਲਾਮੋਫੋਬੀਆ ਸ਼ਬਦ ਨੂੰ ਵਰਤਣ ਨੂੰ ਹੀ ਦੇਸ਼ ਭਗਤੀ ਸਮਝ ਰਹੇ ਹਨ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਆਪਣੇ ਐਮ ਪੀ ਵੱਲੋਂ ਇਕਰਾ ਖਾਲਿਦ ਦੇ ਮੋਸ਼ਨ ਦੇ ਪ੍ਰਤੀਕਰਮ ਵਿੱਚ ਲਿਆਂਦੇ ਗਏ ਮੋਸਨ ਨੂੰ ਕੈਨੇਡਾ ਦੇ ਭੱਵਿਖ ਦਾ ਚਾਨਣਮੁਨਾਰਾ ਦੱਸ ਰਹੇ ਹਨ। ਟੋਰੀ ਮੋਸ਼ਨ ਵਿੱਚ ਇਸਲਾਮੋਫੋਬੀਆ ਸ਼ਬਦ ਦੀ ਥਾਂ ਪ੍ਰਮੁੱਖ ਧਰਮਾਂ ਦੇ ਨਾਮ ਜਿਵੇਂ ਕਿ ਈਸਾਈ, ਮੁਸਲਮਾਨ, ਹਿੰਦੂ, ਸਿੱਖ ਆਦਿ ਵਰਤੇ ਗਏ ਹਨ। ਭਾਵਨਾ ਇੱਕ ਹੈ ਲੇਕਿਨ ਸ਼ਬਦਾਂ ਦੇ ਹੇਰ ਫੇਰ ਨੂੰ ਲੈ ਕੇ ਦੋਵੇਂ ਇੱਕ ਦੂਜੇ ਨੂੰ ਗਲਤ ਦੱਸ ਰਹੇ ਹਨ।

ਜੇਕਰ ਦੋਵਾਂ ਧਿਰਾਂ ਦੇ ਮੋਸ਼ਨਾਂ ਨੂੰ ਗਹੁ ਨਾਲੇ ਵੇਖਿਆ ਜਾਵੇ ਤਾਂ ਦੋਵਾਂ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਹੈ ਲੇਕਿਨ ਇਸ ਫ਼ਰਕ ਨੂੰ ਬਹੁਤ ਵੱਡਾ ਬਣਾਇਆ ਜਾ ਰਿਹਾ ਹੈ। ਵੈਸੇ ਵੀ ਬਹੁ-ਗਿਣਤੀ ਮੁਸਲਮਾਨ ਨਹੀਂ ਚਾਹੁੰਣਗੇ ਕਿ ਉਹਨਾਂ ਨੂੰ ਵਿਸ਼ੇਸ਼ ਗਰੁੱਪ ਵਜੋਂ ਪੇਸ਼ ਕੀਤਾ ਜਾਵੇ, ਆਖਰ ਨੂੰ ਰੱਬ ਦੀ ਨਜ਼ਰ ਵਿੱਚ ਮਨੁੱਖਤਾ ਬਰਾਬਰ ਹੈ। ਕੈਨੇਡਾ ਨੂੰ ਵੰਡੀਆਂ, ਪਾੜੇ ਅਤੇ ਭੇਦਭਾਵ ਨਹੀਂ ਚਾਹੀਦੇ ਸਗੋਂ ਏਕਾ ਚਾਹੀਦਾ ਹੈ। ਐਸਾ ਏਕਾ ਜਿਸ ਵਿੱਚ ਸਾਰੇ ਇੱਕ ਬਰਾਬਰ ਹੋਣ।

ਫੋਰਮ ਰੀਸਰਚ  (Forum Research) ਆਂ ਨਾਲ ਸਬੰਧਿਤ ਲੋਕ ਮਹਿਸੂਸ ਕਰਦੇ ਹਨ ਕਿ ਉਹਨਾਂ ਨੂੰ ਨਿੱਤ ਦਿਨ ਨਸਲਵਾਦ ਅਤੇ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਭੇਦਭਾਵ ਕਿਸੇ ਇੱਕ ਫਿ਼ਰਕੇ ਖਿਲਾਫ਼ ਨਹੀਂ ਹੁੰਦਾ ਸਗੋਂ ਸਾਰਿਆਂ ਨਾਲ ਹੁੰਦਾ ਹੈ। ਇਹ ਮਿਸਾਲ ਦੱਸਦੀ ਹੈ ਕਿ ਨਸਲਵਾਦ ਅਤੇ ਭੇਦਭਾਵ ਦੇ ਦੈਂਤ ਤੋਂ ਕੈਨੇਡਾ ਦੀ ਹਰ ਕਮਿਉਨਿਟੀ ਵਿੱਚ ਸੰਵੇਦਨਸ਼ੀਲਤਾ ਨਾਲ ਕੰਮ ਕਰਨ ਦੀ ਲੋੜ ਹੈ ਤਾਂ ਜੋ ਫੁੱਟ ਦੀ ਥਾਂ ਉੱਜਲ ਭੱਵਿਖ ਦਾ ਰੋਡਮੈਪ ਤਿਆਰ ਹੋ ਸਕੇ।

ਇਕਰਾ ਖਾਲਿਦ ਇਸ ਗੱਲ ਤੋਂ ਮੁਬਾਰਕ ਦੀ ਪਾਤਰ ਹੈ ਕਿ ਉਸਨੇ ਆਪਣੀ ਕਮਿਉਨਿਟੀ ਦੇ ਮੁੱਦੇ ਨੂੰ ਇਸ ਢੰਗ ਨਾਲ ਪੇਸ਼ ਕੀਤਾ ਹੈ ਕਿ ਚਾਰੇ ਪਾਸੇ ਤੋਂ ਉਸਦਾ ਨੋਟਿਸ ਲਿਆ ਗਿਆ ਹੈ। ਕੈਨੇਡੀਅਨ ਪਾਰਲੀਮੈਂਟ ਵਿੱਚ ਬੈਠੇ ਸਿੱਖ ਐਮ ਪੀ ਇਸ ਵੇਲੇ ਆਪਣੀ ਇੱਕ ਮੁੱਢਲੀ ਜ਼ੁੰਮੇਵਾਰੀ ਤੋਂ ਗੈਰਜ਼ੁੰਮੇਵਾਰਾਨਾ ਢੰਗ ਨਾਲ ਖੁੰਝ ਗਏ ਹਨ। ਸਿੱਖ ਧਰਮ ਦਾ ਮੁੱਢਲਾ ਸਿਧਾਂਤ ਹਰ ਧਰਮ, ਹਰ ਜਾਤ ਅਤੇ ਹਰ ਲਿਤਾੜੇ ਮਨੁੱਖ ਦੇ ਹੱਕ ਵਿੱਚ ਖੜਾ ਹੋਣਾ ਹੈ। ਇਹ ਗੱਲ ਹੋਰ ਧਰਮਾਂ ਬਾਰੇ ਵੀ ਸੱਚ ਹੈ ਲੇਕਿਨ ਸਿੱਖਾਂ ਵਾਸਤੇ ਹਰ ਮਨੁੱਖ ਨੂੰ ਬਰਾਬਰ ਮੰਨਣ ਅਤੇ ਇਸ ਸਿਧਾਂਤ ਉੱਤੇ ਪਹਿਰਾ ਦੇਣ ਦੀ ਗੱਲ ਭਾਵ ਸਰੱਬਤ ਦੇ ਭਲੇ ਦੀ ਗੱਲ ਬਹੁਤ ਜਿ਼ਆਦਾ ਮਾਅਨੇ ਰੱਖਦੀ ਹੈ। ਕਮਿਉਨਿਟੀ ਦੇ 19 ਦੇ ਕਰੀਬ ਐਮ ਪੀ ਹਨ ਪਰ ਅਫ਼ਸੋਸ ਹੈ ਕਿ ਕਿਸੇ ਨੇ ਵੀ ਪਾਰਲੀਮੈਂਟ ਵਿੱਚ ਇਸ ਮੁੱਦੇ ਨੂੰ ਸਿਆਸਤ ਤੋਂ ਉੱਪਰ ਚੁੱਕ ਕੇ ਇਨਸਾਨੀਅਤ ਦਾ ਮੁੱਦਾ ਨਹੀਂ ਬਣਾਇਆ।

ਧਰਮ, ਨਸਲ ਅਤੇ ਭੇਦਭਾਵ ਨੂੰ ਲੈ ਕੇ ਜਿਹੋ ਜਿਹਾ ਅਣਸੁਖਾਵਾਂ ਵਾਤਾਰਵਰਣ ਪਾਰਲੀਮੈਂਟ ਵਿੱਚ ਅੱਜ ਕੱਲ ਬਣਿਆ ਹੋਇਆ ਹੈ, ਇਹ ਸਹੀ ਮੌਕਾ ਹੈ ਕਿ ਸਿੱਖ ਧਰਮ ਦੇ ਸੱਚੇ ਸੁੱਚੇ ਅਕੀਦਿਆਂ ਦਾ ਹੋਕਾ ਦਿੱਤਾ ਜਾਂਦਾ। ਸਿੱਖ ਧਰਮ ਦੀਆਂ ਖੁਦ ਜਾਬਰਾਂ ਹੱਥੋਂ ਕੁਰਬਾਨ ਹੋ ਕੇ ਨਿਮਾਣੇ ਅਤੇ ਲਿਤਾੜੇ ਲੋਕਾਂ ਦੇ ਧਰਮ ਦੇ ਹੱਕ ਲਈ ਕੀਤੀਆਂ ਅਣਗਿਣਤ ਕੁਰਬਾਨੀਆਂ ਨੂੰ ਕੈਨੇਡਾ ਵਿੱਚ ਧਾਰਮਿਕ ਸਹਿਣਸ਼ੀਲਤਾ ਦੀ ਬੁਨਿਆਦ ਨੂੰ ਪੱਕਿਆਂ ਕਰਨ ਲਈ ਮਿਸਾਲ ਬਣਾਇਆ ਜਾ ਸਕਦਾ ਹੈ। ਸੋਚਣ ਵਾਲੀ ਗੱਲ ਹੈ ਕਿ ਕੀ ਪਾਰਲੀਮੈਂਟ ਵਿੱਚ ਖੜੇ ਹੋ ਕੇ ਸੱਚੇ ਸੁੱਚੇ ਆਸਿ਼ਆਂ ਬਾਰੇ ਗੱਲ ਕਰਨੀ ਐਨੀ ਔਖੀ ਹੈ?