ਮੋਸਟ ਵਾਂਟਿਡ ਅੱਤਵਾਦਣ ‘ਵਾਈਟ ਵਿੱਡੋ’ ਮਾਰੀ ਗਈ

white widow killed
ਦਮਸ਼ਕ, 12 ਅਕਤੂਬਰ (ਪੋਸਟ ਬਿਊਰੋ)- ਦੁਨੀਆ ਦੀ ਮੋਸਟ ਵਾਂਟਿਡ ਮਹਿਲਾ ਅੱਤਵਾਦੀਆਂ ਦੀ ਲਿਸਟ ਵਿਚ ਸ਼ਾਮਲ ਬ੍ਰਿਟੇਨ ਦੀ ਸ਼ੈਲੀ ਜੋਨਸ, ਜਿਸ ਨੂੰ ‘ਵਾਈਟ ਵਿਡੋ’ ਕਿਹਾ ਜਾਂਦਾ ਹੈ, ਇਕ ਹਵਾਈ ਹਮਲੇ ਵਿਚ ਮਾਰੀ ਗਈ ਹੈ। ਸੂਤਰਾਂ ਮੁਤਾਬਕ ਸ਼ੈਲੀ ਸੀਰੀਆ ਅਤੇ ਇਰਾਕ ਬਾਰਡਰ ਨੇੜੇ ਜੂਨ ਵਿਚ ਮਾਰੀ ਗਈ ਸੀ।
ਅਮਰੀਕੀ ਖੁਫੀਆ ਏਜੰਸੀ ਨੇ ਬ੍ਰਿਟੇਨ ਦੀ ਖੁਫੀਆ ਏਜੰਸੀ ਨੂੰ ਦੱਸਿਆ ਕਿ ਸੈ਼ਲੀ ਦੀ ਮੌਤ ਬੀਤੇ ਜੂਨ ਵਿਚ ਇਕ ਹਵਾਈ ਹਮਲੇ ਵਿਚ ਹੋ ਗਈ ਸੀ, ਜਿਹੜਾ ਅਮਰੀਕਾ ਨੇ ਕੀਤਾ ਸੀ। ਕਿਹਾ ਜਾ ਰਿਹਾ ਹੈ ਕਿ ਸੈਲੀ ਨੂੰ ਅਖੀਰਲੀ ਵਾਰੀ ਰੱਕਾ ਵਿਚ ਦੇਖਿਆ ਗਿਆ ਸੀ, ਜਦੋਂ ਇਹ ਮਾਇਦਿਨ ਸ਼ਹਿਰ ਨੂੰ ਜਾ ਰਹੀ ਸੀ। ਸੈਲੀ ਦੀ ਮੌਤ ਦੀ ਖਬਰ ਦੇ ਸੱਚ ਜਾਣਨ ਦੀ ਜਾਂਚ ਚੱੱਲ ਰਹੀ ਹੈ। ਉਹ ਇਕ ਰੌਕ ਸਿੰਗਰ ਸੀ, ਪਰ ਉਸ ਦੀ ਜ਼ਿੰਦਗੀ ਉਦੋਂ ਬਦਲ ਗਈ, ਜਦੋਂ ਉਹ ਜ਼ੁਨੈਦ ਹੁਸੈਨ ਨਾਂਅ ਦੇ ਵਿਅਕਤੀ ਨੂੰ ਮਿਲੀ, ਜਿਹੜਾ ਪੇਸ਼ੇ ਤੋਂ ਕੰਪਿਊਟਰ ਹੈਕਰ ਸੀ ਅਤੇ ਆਈ ਐੱਸ ਆਈ ਐੱਸ ਲਈ ਕੰਮ ਕਰਦਾ ਸੀ। ਉਸ ਦੇ ਪ੍ਰਭਾਵ ਹੇਠ ਸ਼ੈਲੀ ਨੇ ਈਸਾਈ ਧਰਮ ਛੱਡ ਕੇ ਇਸਲਾਮ ਅਪਣਾ ਲਿਆ ਸੀ ਅਤੇ ਸਾਲ 2013 ਵਿਚ ਉਹ ਆਪਣੇ ਪਤੀ ਦੇ ਮਗਰ ਸੀਰੀਆ ਚਲੀ ਗਈ ਸੀ।
ਇਸ ਦੇ ਬਾਅਦ ਸ਼ੈਲੀ ਦੀਆਂ ਗਤੀਵਿਧੀਆਂ ਆਈ ਐੱਸ ਆਈ ਐੱਸ ਵਿਚ ਹੌਲੀ-ਹੌਲੀ ਵਧ ਗਈਆਂ। ਅਗਸਤ 2015 ਵਿਚ ਸ਼ੈਲੀ ਦੇ ਪਤੀ ਦੀ ਮੌਤ ਮਗਰੋਂ ਬ੍ਰਿਟਿਸ਼ ਮੀਡੀਆ ਨੇ ਉਸ ਨੂੰ ‘ਦ ਵਾਈਟ ਵਿਡੋ’ ਦਾ ਨਾਂਅ ਦਿੱਤਾ। ਇਸ ਪਿੱਛੋਂ ਉਹ ਖਤਰਨਾਕ ਅਪਰਾਧੀ ਸਮਝੀ ਜਾਣ ਲੱਗੀ। ਸ਼ੈਲੀ ਬਾਰੇ ਕਿਹਾ ਜਾਂਦਾ ਸੀ ਉਹ ਰਾਹ ਚੱਲਦੇ ਲੋਕਾਂ ਦੇ ਸਿਰ ਵੱਢ ਦਿੰਦੀ ਸੀ। ਉਹ ਅਤੇ ਉਸ ਦਾ ਪਤੀ ਯੂਰਪ ਤੋਂ ਲੋਕਾਂ ਨੂੰ ਆਈ ਐੱਸ ਆਈ ਐੱਸ ਵਿਚ ਭਰਤੀ ਕਰਦੇ ਹੁੰਦੇ ਸਨ। ਸ਼ਲੀ ਟਵਿੱਟਰ ਦੇ ਰਾਹੀਂ ਲੋਕਾਂ ਨਾਲ ਸੰਪਰਕ ਕਰਦੀ ਅਤੇ ਉਨ੍ਹਾਂ ਨੂੰ ਯੂ ਕੇ ਵਿਚ ਬੰਬ ਧਮਾਕਿਆਂ ਲਈ ਉਕਸਾਉਂਦੀ ਸੀ। ਕਈ ਰਿਪੋਰਟਰਾਂ ਮੁਤਾਬਕ ਉਹ ਅਨਵਰ-ਅਲ-ਅਵਾਲਿਕੀ ਮਹਿਲਾ ਬਟਾਲੀਅਨ ਦੀ ਕਮਾਂਡਰ ਵੀ ਸੀ।