ਮੋਬਾਈਲ ਤੇ ਸੋਸ਼ਲ ਸਾਈਟਸ ਵਿੱਚ ਗੁਆਚੀ ਨੌਜਵਾਨ ਪੀੜ੍ਹੀ


-ਸੁਖਵੀਰ ਘੁਮਾਣ ਦਿੜ੍ਹਬਾ
ਇਸ ਸਦੀ ਨੂੰ ਇੰਟਰਨੈਟ ਤਕਨਾਲੋਜੀ ਦਾ ਯੁੱਗ ਕਿਹਾ ਜਾ ਸਕਦਾ ਹੈ। ਇੰਟਰਨੈਟ ਦੀ ਕਾਢ ਤੋਂ ਬਾਅਦ ਸਮੁੱਚੀ ਦੁਨੀਆ ਇਕ ਪਿੰਡ ਦਾ ਰੂਪ ਧਾਰਨ ਕਰ ਚੁੱਕੀ ਹੈ। ਤਕਨਾਲੋਜੀ ਦੇ ਵਸਾਏ ਇਸ ਪਿੰਡ ਵਿੱਚ ਜਾਣੇ ਅਣਜਾਣੇ ਲੋਕ ਇਕ ਮੰਚ ‘ਤੇ ਇਕੱਠੇ ਹੋ ਰਹੇ ਹਨ, ਜਿਥੇ ਸੂਚਨਾਵਾਂ ਅਤੇ ਸੁਨੇਹਿਆਂ ਦਾ ਅਦਾਨ ਪ੍ਰਦਾਨ ਬੜੀ ਤੇਜ਼ੀ ਨਾਲ ਹੋ ਰਿਹਾ ਹੈ। ਸੋਸ਼ਲ ਸਾਈਟਸ ਦੀ ਕਾਢ ਨੇ ਮਨੁੱਖੀ ਸੰਪਰਕਾਂ ਵਿੱਚ ਕ੍ਰਾਂਤੀਕਾਰੀ ਪਹਿਲਕਦਮੀ ਕੀਤੀ ਹੈ, ਪਰ ਸਮਾਜਿਕ ਮੇਲ ਜੋਲ ਦੀ ਭਾਵਨਾ ਨੂੰ ਤਕੜੀ ਸੱਟ ਮਾਰੀ ਹੈ। ਸੋਸ਼ਲ ਸਾਈਟਸ ਦੇ ਸਕਾਰਾਤਮਕ ਪਹਿਲੂਆਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਪਰ ਸਾਨੂੰ ਇਸ ਦੇ ਨਕਾਰਾਤਮਕ ਪੱਖਾਂ ਦੀ ਪੜਚੋਲ ਕਰਨੀ ਪਵੇਗੀ। ਜਦੋਂ ਤੋਂ ਇੰਟਰਨੈਟ ਨੂੰ ਮੋਬਾਈਲ ਫੋਨ ਨਾਲ ਜੋੜਿਆ ਗਿਆ, ਉਦੋਂ ਤੋਂ ਮਨੁੱਖ ਨੂੰ ਸਾਰੀ ਦੁਨੀਆ ਆਪਣੀ ਜੇਬ ਵਿੱਚ ਪ੍ਰਤੀਤ ਹੋਣ ਲੱਗੀ ਹੈ।
ਅਜੋਕਾ ਮਨੁੱਖ ਜੇਬ ਵਿੱਚ ਬੰਦ ਦੁਨੀਆ ਨਾਲ ਗੱਲਾਂ ਕਰ ਰਿਹਾ ਹੈ। ਨੌਜਵਾਨ ਮੁੰਡੇ, ਕੁੜੀਆਂ ਦਿਨ ਰਾਤ ਇਨ੍ਹਾਂ ਸੋਸ਼ਲ ਸਾਈਟਸ ‘ਚ ਸਿਰ ਘੁਸੋਈ ਬੈਠੇ ਹਨ। ਦੇਖ ਕੇ ਇੰਝ ਪ੍ਰਤੀਤ ਹੁੰਦਾ ਹੈ, ਜਿਵੇਂ ਜ਼ਿੰਦਗੀ ਦੀ ਬਹੁਤ ਕੀਮਤੀ ਵਸਤੂ ਲੱਭ ਰਹੇ ਹੋਣ। ਅਜੋਕੀ ਨੌਜਵਾਨ ਪੀੜ੍ਹੀ ਤਾਂ ਸੋਸ਼ਲ ਸਾਈਟਸ ਤੇ ਮੋਬਾਈਲ ਫੋਨ ਵਿੱਚ ਇੰਨੀ ਗਲਤਾਨ ਹੈ, ਜਿਵੇਂ ਇਨ੍ਹਾਂ ਜ਼ਿੰਦਗੀ ਦੇ ਬਾਕੀ ਸਾਰੇ ਕੰਮ ਨਿਬੇੜ ਲਏ ਹੋਣ। ਅੱਧੀ-ਅੱਧੀ ਰਾਤ ਤੱਕ ਬਿਸਤਰਿਅਿਾਂ ‘ਚ ਮੂੰਹ ਦੇ ਕੇ ਮੋਬਾਈਲਾਂ ਨਾਲ ਗੱਲਾਂ ਕਰ ਰਹੇ ਹਨ।
ਮੈਂ ਮੋਬਾਈਲਾਂ ਅਤੇ ਸੋਸ਼ਲ ਸਾਈਟਸ ਦੀ ਵਰਤੋਂ ਦਾ ਵਿਰੋਧੀ ਨਹੀਂ, ਪਰ ਦਿਨ ਰਾਤ ਮੋਬਾਈਲਾਂ ‘ਚ ਉਲਝੀ ਨੌਜਵਾਨ ਪੀੜ੍ਹੀ ਨੂੰ ਦੇਖ ਕੇ ਹੈਰਾਨ ਜ਼ਰੂਰ ਹੁੰਦਾ ਹਾਂ। ਦਫਤਰਾਂ, ਸਕੂਲਾਂ ਕਾਲਜਾਂ ਅਤੇ ਹੋਰਨਾਂ ਅਦਾਰਿਆਂ ਵਿੱਚ ਕੰਮ ਕਰਦੇ ਲੋਕ ਆਪਣੇ ਡਿਊਟੀ ਸਮੇਂ ਵਿੱਚ ਵੀ ਇਨ੍ਹਾਂ ਸੋਸ਼ਲ ਸਾਈਟਸ ਵਿੱਚ ਗੁਆਚੇ ਨਜ਼ਰੀਂ ਪੈਂਦੇ ਹਨ। ਨੌਜਵਾਨ ਮੁੰਡੇ ਕੁੜੀਆਂ ਕਿਤਾਬਾਂ ਦਾ ਮੋਹ ਤਿਆਗ ਕੇ ਫੇਸਬੁੱਕ, ਵਟਸਐਪ ਆਦਿ ਸੋਸ਼ਲ ਸਾਈਟਸ ਦੇ ਦੀਵਾਨੇ ਹੋ ਗਏ ਹਨ। ਵਿਦਿਆਰਥੀਆਂ ਦੇ ਭਵਿੱਖ ਨੂੰ ਇਹ ਸੋਸ਼ਲ ਸਾਈਟਸ ਵੱਡਾ ਖੋਰਾ ਲਾ ਰਹੀਆਂ ਹਨ। ਇਨ੍ਹਾਂ ਦੀ ਵਰਤੋਂ ਕੁਝ ਹੱਦ ਤੱਕ ਭਾਵੇਂ ਗਿਆਨ ਵਿੱਚ ਵਾਧਾ ਕਰਨ ਲਈ ਸਹਾਈ ਹੋਵੇ, ਪਰ ਲੋੜ ਤੋਂ ਵੱਧ ਵਰਤੋਂ ਸਰੀਰਕ ਤੇ ਮਾਨਸਿਕ ਸਿਹਤ ਲਈ ਖਤਰਨਾਕ ਹੋ ਸਕਦੀ ਹੈ।
ਛੋਟੇ ਬੱਚੇ ਰਵਾਇਤੀ ਖੇਡਾਂ ਨੂੰ ਭੁੱਲ ਕੇ ਮੋਬਾਈਲ ਮੋਹ ਦੇ ਚੱਕਰ ‘ਚ ਪੈ ਗਏ ਹਨ। ਅਜੋਕੇ ਬੱਚਿਆਂ ਨੂੰ ਮੋਬਾਈਲ ਨਾਂ ਦੀ ਭੈੜੀ ਬਿਮਾਰੀ ਘੇਰ ਲਿਆ ਹੈ। ਬਹੁਗਿਣਤੀ ਮਾਪੇ ਬੱਚਿਆਂ ਦਾ ਮੋਬਾਈਲ ਦੀ ਬਿਮਾਰੀ ਤੋਂ ਖਹਿੜਾ ਛੁਡਾਉਣ ਲਈ ਮਨੋ ਵਿਗਿਆਨਕ ਡਾਕਟਰਾਂ ਦੀ ਸਲਾਹ ਲੈ ਰਹੇ ਹਨ। ਅੱਲੜ ਵਰੇਸ ਦੇ ਮੁੰਡੇ ਕੁੜੀਆਂ ਲਈ ਇਹ ਹੋਰ ਵੀ ਖਤਰਨਾਕ ਹੈ। ਸੋਸ਼ਲ ਸਾਈਟਸ ਦੀ ਵਰਤੋਂ ਕਰਦੇ ਬਹੁਗਿਣਤੀ ਲੋਕ ਵਾਰ-ਵਾਰ ਆਪਣੀਆਂ ਪਰੋਫਾਈਲਾਂ ਚੈਕ ਕਰਨ ਦੇ ਆਦੀ ਦੇ ਚੁੱਕੇ ਹਨ। ਮੋਬਾਈਲ ਫੋਨ ਦੀਆਂ ਸਕਰੀਨਾਂ ‘ਤੇ ਟਚਾ ਟੱਚ ਚੱਲਦੀਆਂ ਉਂਗਲਾਂ ਨੇ ਮਨੁੱਖ ਨੂੰ ਸੰਵੇਦਨਹੀਣ ਤੇ ਭਾਵਨਾ ਰਹਿਤ ਬਣਾ ਦਿੱਤਾ ਹੈ। ਆਮ ਦੇਖਣ ਵਿੱਚ ਆਉਂਦਾ ਹੈ ਕਿ ਹਾਦਸਿਆਂ ਮੌਕੇ ਵੀ ਬਹੁਤੇ ਲੋਕ ਮਦਦ ਕਰਨ ਦੀ ਥਾਂ ਫੋਟੋ ਕਲਿੱਕ ਕਰਨ ਜਾਂ ਵੀਡੀਓ ਬਣਾਉਣ ਵਿੱਚ ਰੁੱਝੇ ਰਹਿੰਦੇ ਹਨ, ਜੋ ਮਾੜਾ ਰੁਝਾਨ ਹੈ।
ਅਮਰੀਕਾ ਦੀ ਸੈਨਡਿਆਗੋ ਯੂਨੀਵਰਸਿਟੀ ਦੇ ਖੋਜਾਰਥੀਆਂ ਵੱਲੋਂ ਸਾਲ 2013 ਤੋਂ 2015 ਤੱਕ 5208 ਲੋਕਾਂ ‘ਤੇ ਕੀਤੇ ਸਰਵੇਖਣ ਮੁਤਾਬਕ ਫੇਸਬੁੱਕ ਦੀ ਵਧੇਰੇ ਵਰਤੋਂ ਕਰਨ ਵਾਲੇ ਅਕਸਰ ਸਰੀਰਕ, ਮਾਨਸਿਕ ਸਿਹਤ ਅਤੇ ਸਮਾਜਿਕ ਜੀਵਨ ਨਾਲ ਸਮਝੌਤਾ ਕਰ ਲੈਂਦੇ ਹਨ। ਯੂਨੀਵਰਸਿਟੀ ਦੇ ਪ੍ਰੋਫੈਸਰ ਹਾਲੀ ਸਾਕਿਆ ਦੇ ਮੁਤਾਬਕ ਸੋਸ਼ਲ ਨੈਟਵਰਕਿੰਗ ਸਾਈਟਸ ਦੀ ਵਰਤੋਂ ਕਰਨ ਵਾਲੇ ਹੋਰਨਾਂ ਦੇ ਮੁਕਾਬਲੇ ਖੁਸ਼ ਤੇ ਸਿਹਤਮੰਦ ਨਹੀਂ ਦਿਖਾਈ ਦਿੰਦੇ। ਇਹ ਸੱਚ ਹੈ ਕਿ ਹਰ ਰੋਜ਼ ਘੰਟਿਆਂ ਬੱਧੀ ਇਸ ਦੀ ਵਰਤੋਂ ਨੌਜਵਾਨ ਪੀੜ੍ਹੀ ਦਾ ਮਾਨਸਿਕ ਅਤੇ ਸਰੀਰਕ ਸੰਤੁਲਨ ਵਿਗਾੜ ਸਕਦੀ ਹੈ। ਅਜੋਕੀ ਨੌਜਵਾਨ ਪੀੜ੍ਹੀ ਆਪਣੀ ਜਵਾਨੀ ਦਾ ਅੱਧਾ ਸਮਾਂ ਇਨ੍ਹਾਂ ਸੋਸ਼ਲ ਸਾਈਟਾਂ ਦੀ ਵਰਤੋਂ ਵਿੱਚ ਬਰਬਾਦ ਕਰ ਰਹੀ ਹੈ। ਇਸ ਨਾਲ ਨੌਜਵਾਨਾਂ ਦੀ ਖੋਜ ਪ੍ਰਵਿਰਤੀ ਖੁੰਢੀ ਹੋ ਰਹੀ ਹੈ। ਅੱਜ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਸੋਸ਼ਲ ਨੈਟਵਰਕਿੰਗ ਸਾਈਟਸ ਤੇ ਮੋਬਾਈਲ ਫੋਨ ਦੇ ਨਫੇ ਨੁਕਸਾਨ ਦਾ ਗੰਭੀਰ ਚਿੰਤਨ ਕਰਨ ਦੀ ਵੱਡੀ ਲੋੜ ਹੈ ਤਾਂ ਜੋ ਸਰੀਰਕ, ਮਾਨਸਿਕ ਸਿਹਤ ਅਤੇ ਸਮਾਜਿਕ ਸਰੋਕਾਰਾਂ ਨੂੰ ਖੋਰਾ ਲੱਗਣ ਤੋਂ ਬਚਾਇਆ ਜਾ ਸਕੇ।