ਮੋਦੀ ਸਰਕਾਰ ਵੱਲੋਂ ਪਰਾਲੀ ਪ੍ਰਦੂਸ਼ਣ ਰੋਕਣ ਦੀ ਯੋਜਨਾ ਮਨਜ਼ੂਰ


ਨਵੀਂ ਦਿੱਲੀ, 29 ਦਸੰਬਰ (ਪੋਸਟ ਬਿਊਰੋ)-ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝਦੇ ਦਿੱਲੀ ਐਨ ਸੀ ਆਰ ਅਤੇ ਉਤਰ ਭਾਰਤ ਦੇ ਹੋਰ ਰਾਜਾਂ ਨੂੰ ਰਾਹਤ ਦਿੰਦੇ ਹੋਏ ਵਾਤਾਵਰਣ ਮੰਤਰਾਲੇ ਨੇ ਹਵਾ ਪ੍ਰਦੂਸ਼ਣ ਦੇ ਮੁੱਖ ਕਾਰਕਾਂ ‘ਚੋਂ ਇਕ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਿਪਟਣ ਲਈ ਖੇਤਰੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਯੋਜਨਾ ਹੇਠ ਕਿਸਾਨਾਂ ਲਈ ਜਾਗਰੂਕਤਾ ਅਤੇ ਸਮਰੱਥਾ ਦੇ ਕਈ ਕੰਮ ਸ਼ਾਮਲ ਹੋਣਗੇ ਤਾਂ ਕਿ ਪਰਾਲੀ ਪ੍ਰਬੰਧ ਲਈ ਬਦਲਵੀਆਂ ਵਿਵਸਥਾਵਾਂ ਅਤੇ ਤਕਨੀਕੀ ਦਖਲ ਅੰਦਾਜ਼ੀ ਕੀਤੀ ਜਾ ਸਕੇ। ਮੰਤਰਾਲੇ ਨੇ ਰਾਸ਼ਟਰੀ ਜਲਵਾਯੂ ਪਰਿਵਰਤਨ ਫੰਡ ਦੇ ਤਹਿਤ ਇਕ ਖੇਤਰੀ ਯੋਜਨਾ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਕੰਮ ਸ਼ੁਰੂ ਹੋ ਸਕਦਾ ਹੈ।
ਵਾਤਾਵਰਣ ਸਕੱਤਰ ਸੀ ਕੇ ਮਿਸ਼ਰਾ ਦੀ ਪ੍ਰਧਾਨਗੀ ਵਿੱਚ ਜਲਵਾਯੂ ਪਰਿਵਰਤਨ ‘ਤੇ ਸਟੀਅਰਿੰਗ ਕਮੇਟੀ ਦੀ ਬੈਠਕ ਵਿੱਚ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਅਤੇ ਰਾਜਸਥਾਨ ਲਈ ਕਰੀਬ ਸੌ ਕਰੋੜ ਰੁਪਏ ਦੀ ਲਾਗਤ ਨਾਲ ਯੋਜਨਾ ਦੇ ਪਹਿਲੇ ਪੜਾਅ ਨੂੰ ਮਨਜ਼ੂਰੀ ਦਿੱਤੀ ਗਈ।