ਮੋਦੀ ਸਰਕਾਰ ਨੇ ਬਜਟ ਵਿਚ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤੈ : ਗੁਰਭਿੰਦਰ ਸਿੰਘ ਕੋਕਰੀ

ਚੰਡੀਗੜ੍ਹ, 6 ਫਰਵਰੀ (ਅੰਗਰੇਜ਼): ਕੇਂਦਰੀ ਬਜਟ ਵਿਰੁਧ ਰੋਹ ‘ਚ ਆਏ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਸੱਦੇ ‘ਤੇ ਅੱਜ ਥਾਂ-ਥਾਂ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ। ਇਥੇ ਜਾਰੀ ਕੀਤੇ ਪ੍ਰੈਸ ਨੋਟ ਵਿਚ ਅੱਜ ਜੱਥੇਬੰਦੀ ਦੇ ਮੋਗਾ ਬਲਾਕ ਪ੍ਰਧਾਨ ਗੁਰਭਿੰਦਰ ਸਿੰਘ ਕੋਕਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਬਜਟ ਵਿਚ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਖੁਦਕੁਸ਼ੀਆਂ ਦੇ ਰਾਹ ਪਈ ਕਿਸਾਨੀ ਨੂੰ ਰਾਹਤ ਦੇਣ ਲਈ ਕੋਈ ਵੀ ਗੱਲ ਬਜਟ ਵਿਚ ਨਹੀਂ ਕੀਤੀ ਗਈ। ਇਹ ਸਭ ਸਰਕਾਰ ਦਾ ਕਿਸਾਨ ਵਿਰੋਧੀ ਹੋਣਾ ਸਾਬਤ ਕਰਦਾ ਹੈ। ਅੱਜ ਰੋਸ ਵਜੋਂ ਪਿੰਡ ਪੱਧਰ `ਤੇ ਚਲਾਈ ਗਈ ਅਰਥੀ ਫੂਕ ਮੁਹਿੰਮ ਤਹਿਤ ਪਿੰਡ ਕੋਕਰੀ ਕਲਾਂ ਵਿਚ ਬਸ ਅੱਡੇ `ਤੇ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ ਤੇ ਸਰਕਾਰ ਵਿਰੁਧ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਇਕਬਾਲ ਸਿੰਘ, ਰਣਜੀਤ ਸਿੰਘ, ਬਲਵੰਤ ਸਿੰਘ, ਨਛੱਤਰ ਸਿੰਘ, ਅਮਰਜੀਤ ਸਿੰਘ ਤੇ ਹੋਰ ਕਿਸਾਨਾਂ ਨੇ ਰੋਸ ਪ੍ਰਗਟ ਕੀਤਾ।