ਮੋਦੀ ਵੱਲੋਂ ਤਕਨਾਲੋਜੀ ਦੀ ਵਰਤੋਂ ਤਬਾਹੀ ਦੀ ਥਾਂ ਵਿਕਾਸ ਲਈ ਕਰਨ ਦਾ ਸੱਦਾ


ਦੁਬਈ, 11 ਫਰਵਰੀ, (ਪੋਸਟ ਬਿਊਰੋ)- ਸਾਈਬਰ ਸਪੇਸ ਦੀ ਦੁਰਵਰਤੋਂ ਦੇ ਖ਼ਿਲਾਫ਼ ਚਿਤਾਵਨੀ ਦਿੰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸੰਸਾਰ ਦੇ ਲੋਕ ਹੁਣ ਗਰਮ ਖ਼ਿਆਲੀਆਂ ਦਾ ਸਰੋਤ ਨਾ ਬਣਨ। ਉਨ੍ਹਾਂ ਕਿਹਾ ਕਿ ਤਕਨਾਲੋਜੀ ਨੂੰ ਵਿਕਾਸ ਦੇ ਸੰਦ ਵਜੋਂ ਵਰਤਿਆ ਜਾਣਾ ਚਾਹੀਦਾ ਹੈ, ਤਬਾਹੀ ਵਾਲੇ ਹਥਿਆਰ ਵਜੋਂ ਉਸ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ।
ਸੰਸਾਰ ਸਰਕਾਰ ਸੰਮੇਲਨ ਦੇ ਉਦਘਾਟਨੀ ਭਾਸ਼ਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਟਿੱਪਣੀ ਉਸ ਸਮੇਂ ਕੀਤੀ, ਜਦੋਂ ਸੰਸਾਰ ਭਾਈਚਾਰਾ ਦਹਿਸ਼ਤਗਰਦਾਂ ਤੇ ਹੈਕਰਾਂ ਵੱਲੋਂ ਸਾਈਬਰ ਸਪੇਸ ਦੀ ਦੁਰਵਰਤੋਂ ਦਾ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਵਿੱਚ ਲੱਗਾ ਹੋਇਆ ਹੈ। ਆਪਣੇ ਭਾਸ਼ਨ ਦੌਰਾਨ ਨਰਿੰਦਰ ਮੋਦੀ ਨੇ ਤਕਨਾਲੋਜੀ ਨੂੰ ਪ੍ਰਬੰਧ ਨਾਲ ਜੋੜੇ ਜਾਣ ਦੀ ਜ਼ਰੂਰਤ ਦੱਸੀ, ਤਾਂ ਜੋ ਸਭ ਦਾ ਇਕਸਾਰ ਵਿਕਾਸ ਹੋਵੇ ਤੇ ਲੋਕ ਖੁਸ਼ਹਾਲ ਹੋ ਸਕਣ। ਉਨ੍ਹਾਂ ਕਿਹਾ ਕਿ ਭਾਰਤ ਦੇ ਵਿਕਾਸ ਵਿੱਚ ਤਕਨਾਲੋਜੀ ਦੀ ਭੂਮਿਕਾ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਮੋਦੀ ਨੇ 5ਈ (5ਓ) ਦੀ ਵਿਆਖਿਆ ਕਰਦੇ ਹੋਏ ਸ਼ਾਸਨ ਪ੍ਰਬੰਧ ਦੇ ਇਫੈਕਟਿਵ (ਅਸਰਦਾਰ), ਐਫੀਸ਼ੀਐਂਸੀ (ਕਾਰਜ-ਕੁਸ਼ਲਤਾ), ਇਜ਼ੀ (ਸੁਖਾਲਾ), ਐਂਪਾਵਰ (ਸ਼ਕਤੀਸ਼ਾਲੀ) ਤੇ ਇਕੁਇਟੀ (ਇਕਸਾਰਤਾ) ਵਾਲੇ ਗੁਣਾਂ ਦੀ ਲੋੜ ਅਤੇ 6ਆਰ (6੍ਰ) ਰਿਡਿਊਸ (ਘਟਾਉ), ਰੀ-ਯੂਜ਼ (ਮੁੜ ਵਰਤੋਂ), ਰੀਸਾਈਕਲ (ਨਵਿਆਉਣਾ), ਰਿਕਵਰ (ਬਹਾਲ ਕਰਨਾ), ਰੀਡਿਜ਼ਾਈਨ (ਨਵੇਂ ਸਿਰਿਓਂ ਡੌਲਣਾ) ਅਤੇ ਰੀਮੈਨੂੰਫੈਕਚਰ (ਮੁੜ ਉਸਾਰੀ) ਦਾ ਹਵਾਲਾ ਦਿੱਤਾ। ਸੰਸਾਰ ਦੇ ਆਗੂਆਂ ਨੇ ਮੋਦੀ ਦੇ ਵਿਚਾਰਾਂ ਦੀ ਪੂਰੀ ਸ਼ਲਾਘਾ ਕੀਤੀ। ਦੁਬਈ ਸਰਕਾਰ ਵੱਲੋਂ ਤਕਨਾਲੋਜੀ ਦੀ ਵਰਤੋਂ ਕਰਨ ਦੀ ਸ਼ਲਾਘਾ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਸ ਨਾਲ ਮਾਰੂਥਲ ਦੀ ਨੁਹਾਰ ਬਦਲ ਗਈ ਹੈ। ਮੋਦੀ ਨੇ ਕਿਹਾ, ‘ਜੇ ਤੁਸੀਂ ਭਾਰਤ ਵਿੱਚ ਕੈਬ ਦਾ ਸਫ਼ਰ ਕਰਦੇ ਹੋ ਤਾਂ ਤੁਹਾਨੂੰ 10 ਰੁਪਏ ਪ੍ਰਤੀ ਕਿਲੋਮੀਟਰ ਭਰਨੇ ਪੈਂਦੇ ਹਨ, ਪਰ ਮੰਗਲ ਗ੍ਰਹਿ ਤੱਕ ਭਾਰਤ ਦੇ ਜਾਣ ਦੀ ਲਾਗਤ ਮਸਾਂ 7 ਰੁਪਏ ਪ੍ਰਤੀ ਕਿਲੋਮੀਟਰ ਆਈ ਹੈ।’
ਵਰਨਣ ਯੋਗ ਹੈ ਕਿ ਛੇਵੇਂ ਸੰਸਾਰ ਸਰਕਾਰ ਬਾਰੇ ਸੰਮੇਲਨ ਵਿੱਚ ਭਾਰਤ ‘ਮਹਿਮਾਨ ਦੇਸ਼’ ਵਜੋਂ ਸ਼ਾਮਲ ਹੋਇਆ ਹੈ। ਇਸ ਸਮਾਗਮ ਵਿੱਚ 140 ਦੇਸ਼ਾਂ ਦੇ 4 ਹਜ਼ਾਰ ਤੋਂ ਵਧ ਆਗੂ ਹਿੱਸਾ ਲੈ ਰਹੇ ਹਨ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਅਬੂ ਧਾਬੀ ਵਿੱਚ ਪਹਿਲੇ ਹਿੰਦੂ ਮੰਦਰ ਦੀ ਉਸਾਰੀ ਦੇ ਪ੍ਰਾਜੈਕਟ ਦਾ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਕੀਤਾ। ਮੋਦੀ ਨੇ ਕਿਹਾ ਕਿ ਸਵਾਮੀਨਰਾਇਣ ਮੰਦਰ ਮਨੁੱਖਤਾ ਤੇ ਸਦਭਾਵਨਾ ਦਾ ਅਸਥਾਨ ਹੋਵੇਗਾ ਅਤੇ ਭਾਰਤ ਦੀ ਪਛਾਣ ਬਣੇਗਾ। ਉਨ੍ਹਾਂ ਮੰਦਰ ਦੇ ਮਾਡਲ ਤੋਂ ਵੀ ਪਰਦਾ ਚੁੱਕਿਆ ਅਤੇ ਜ਼ਮੀਨ ਦੇਣ ਲਈ ਅਬੂ ਧਾਬੀ ਦੇ ਕਰਾਊਨ ਪ੍ਰਿੰਸ ਦੀ ਸ਼ਲਾਘਾ ਕੀਤੀ।