ਮੋਦੀ ਵੱਲੋਂ ਆਪਣੀ ਪਛਾਣ ਇੱਕ ਖਾਸ ਭਾਈਚਾਰੇ ਨਾਲ ਜੋੜਨਾ ‘ਲੋਕਤੰਤਰ ਦੀ ਭਾਵਨਾ’ ਨਾਲ ਬੇਮੇਲ

modi

-ਸੰਦੀਪ ਪਾਂਡੇ
ਉੱਤਰ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਤਿੰਨ-ਚੌਥਾਈ ਤੋਂ ਵੱਧ ਸੀਟਾਂ ਹਾਸਲ ਕਰ ਕੇ ਦਰਜ ਕੀਤੀ ਜਿੱਤ ਇੰਨੀ ਇੱਕਪਾਸੜ ਹੈ ਕਿ ਇਸ ਦੇ ਅਸਲੀ/ ਸਹੀ ਹੋਣ ਦਾ ਯਕੀਨ ਨਹੀਂ ਆਉਂਦਾ। ਮੈਂ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ। ਇਹ ਇੱਕ ਭੇਦ ਹੀ ਹੈ ਕਿ ਆਪਣੇ ਪੱਖ ਵਿੱਚ ਕਿਸੇ ਤਰ੍ਹਾਂ ਦੀ ਲਹਿਰ ਨਾ ਹੋਣ ਦੇ ਬਾਵਜੂਦ ਭਾਜਪਾ ਨੇ ਚੋਣਾਂ ‘ਚ ਆਪਣੇ ਸਾਰੇ ਵਿਰੋਧੀਆਂ ਦਾ ਸਫਾਇਆ ਕਿਵੇਂ ਕਰ ਦਿੱਤਾ। ਮਾਇਆਵਤੀ ਤਾਂ ਸਮਾਜਵਾਦੀ ਪਾਰਟੀ ਤੋਂ ਵੀ ਪੱਛੜ ਕੇ ਤੀਜੇ ਨੰਬਰ ‘ਤੇ ਖਿਸਕ ਗਈ।
ਭਾਜਪਾ ਦੇ ਨੇਤਾ ਨਰਿੰਦਰ ਮੋਦੀ ਨੇ ਨਾਅਰਾ ਦਿੱਤਾ ਸੀ ‘ਸਬ ਕਾ ਸਾਥ, ਸਬ ਕਾ ਵਿਕਾਸ’, ਫਿਰ ਵੀ ਲੋਕ ਸਭਾ ਦੀਆਂ ਪਿਛਲੀਆਂ ਚੋਣਾਂ ਵਿੱਚ ਤੇ ਹੁਣੇ-ਹੁਣੇ ਹੋਈਆਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਇੱਕ ਵੀ ਮੁਸਲਿਮ ਉਮੀਦਵਾਰ ਖੜ੍ਹਾ ਨਹੀਂ ਕੀਤਾ ਤੇ ਨਾ ਇਸ ਨੂੰ ਆਸ ਸੀ ਕਿ ਮੁਸਲਮਾਨ ਉਸ ਦੇ ਲਈ ਵੋਟਿੰਗ ਕਰਨਗੇ।
ਯੂ ਪੀ ਵਿੱਚ ਮੁਸਲਿਮ ਆਬਾਦੀ ਦਾ ਅਨੁਪਾਤ 19æ3 ਫੀਸਦੀ ਹੈ। ਭਾਜਪਾ ਅਤੇ ਇਸ ਦੇ ਵਿਚਾਰਕ ਜਨਮਦਾਤਾ ਆਰ ਐੱਸ ਐੱਸ ਦਾ ਸੰਦੇਸ਼ ਸਾਫ ਹੈ ਕਿ ਉਹ ਮੁਸਲਮਾਨਾਂ ਦੀ ਪ੍ਰਵਾਹ ਨਹੀਂ ਕਰਦੇ ਤੇ ਉਨ੍ਹਾਂ ਦੇ ਸਮਰਥਨ ਤੋਂ ਬਿਨਾਂ ਵੀ ਚੋਣਾਂ ਜਿੱਤ ਸਕਦੇ ਹਨ। ਭਾਵ ਭਾਜਪਾ ਯੂ ਪੀ ਦੀ ਆਬਾਦੀ ਦੇ ਪੰਜਵੇਂ ਹਿੱਸੇ ਦੀ ਨੁਮਾਇੰਦਗੀ ਨਹੀਂ ਕਰਦੀ ਅਤੇ ਇਸ ਤੋਂ ਵੀ ਬੁਰੀ ਗੱਲ ਇਹ ਹੈ ਕਿ ਉਨ੍ਹਾਂ ਦੇ ਨਾਂਅ Ḕਤੇ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਵੀ ਨਹੀਂ ਲੈਣਾ ਚਾਹੁੰਦੀ।
ਭਾਰਤ ਦੀ ਵੰਡ ਤੋਂ ਪਿੱਛੋਂ ਪੂਰੇ ਉਪ ਮਹਾਦੀਪ ਨੂੰ ਫਿਰਕੂ ਹਿੰਸਾ ਨੇ ਜਕੜ ਲਿਆ ਸੀ ਤੇ ਲੋਕਾਂ ਦਾ ਪੂਰੀ ਤਰ੍ਹਾਂ ਫਿਰਕੂਕਰਨ ਹੋ ਗਿਆ ਸੀ। ਫਿਰਕੂਕਰਨ ਦਾ ਦੂਜਾ ਦੌਰ 1992 ਵਿੱਚ ਰਾਮ ਮੰਦਰ ਅੰਦੋਲਨ ਨਾਲ ਸ਼ੁਰੂ ਹੋਇਆ ਸੀ, ਜਦੋਂ ਹਿੰਦੂ ਤੇ ਮੁਸਲਿਮ ਭਾਈਚਾਰਿਆਂ ਵਿਚਾਲੇ ਇੱਕ ਮਾਨਸਿਕ ਦੂਰੀ ਪੈਦਾ ਹੋਈ ਸੀ। ਭਾਰਤ ਵਿੱਚ ਮੁਸਲਮਾਨ ਉਨ੍ਹੀਂ ਦਿਨੀਂ ਅਸੁਰੱਖਿਅਤ ਸਨ ਤੇ ਅੱਜ ਵੀ ਅਸੁਰੱਖਿਅਤ ਹਨ। ਇਹ ਦੇਸ਼ ਲਈ ਕੋਈ ਸ਼ੁਭ ਸੰਕੇਤ ਨਹੀਂ ਹੈ।
ਸਾਲ 1992 ਵਿੱਚ ਬਾਬਰੀ ਮਸਜਿਦ ਕਾਂਡ ਨੇ ਭਾਰਤ ਵਿੱਚ ਅੱਤਵਾਦ ਦੀ ਸਮੱਸਿਆ ਨੂੰ ਸੱਦਾ ਦਿੱਤਾ ਸੀ। ਬਾਬਰੀ ਕਾਂਡ ਤੋਂ ਫੌਰਨ ਬਾਅਦ ਭਾਰਤ ਵਿੱਚ ਪਹਿਲੀ ਵਾਰ ਲੜੀਵਾਰ ਬੰਬ ਧਮਾਕੇ 1993 ਦੇ ਸ਼ੁਰੂ ਵਿੱਚ ਮੁੰਬਈ ਵਿੱਚ ਹੋਏ ਸਨ, ਜੋ ਬਾਬਰੀ ਕਾਂਡ ਵਿਰੁੱਧ ਇੱਕ ਪ੍ਰਤੀਕਿਰਿਆ ਸਨ।
ਹੁਣ ਯੂ ਪੀ ਵਿੱਚ ਭਾਜਪਾ ਪੂਰੀ ਤਰ੍ਹਾਂ ਗੁਜਰਾਤ ਮਾਡਲ ਲਾਗੂ ਕਰ ਰਹੀ ਹੈ, ਭਾਵ ਹਿੰਦੂਆਂ ਤੇ ਮੁਸਲਮਾਨਾਂ ਨੂੰ ਅੱਡ-ਅੱਡ ਕਰ ਦਿਓ ਅਤੇ ਫਿਰ ਮੁਸਲਮਾਨਾਂ ਨੂੰ ਉਨ੍ਹਾਂ ਦੇ ਬੁਨਿਆਦੀ ਹੱਕਾਂ ਤੋਂ ਵਾਂਝੇ ਕਰ ਦਿਓ। ਅੱਜ ਦੇ ਗੁਜਰਾਤ ਵਿੱਚ ਹਿੰਦੂ ਅਤੇ ਮੁਸਲਮਾਨ ਇਕੱਠੇ ਨਹੀਂ ਰਹਿੰਦੇ। ਸੱਚਰ ਕਮੇਟੀ ਦੀ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਮੁਸਲਮਾਨਾਂ ਦੀ ਆਰਥਿਕ ਤੇ ਵਿਦਿਅਕ ਹੈਸੀਅਤ ਦਲਿਤਾਂ ਤੋਂ ਮਾਮੂਲੀ ਜਿਹੀ ਹੀ ਬਿਹਤਰ ਹੈ। ਕੌਮੀ ਪੱਧਰ ‘ਤੇ ਜਿੱਥੇ 22.7 ਫੀਸਦੀ ਲੋਕ ਗਰੀਬ ਹਨ, ਉਥੇ ਹੀ ਮੁਸਲਮਾਨਾਂ ਵਿੱਚ ਇਹ ਅਨੁਪਾਤ 31 ਫੀਸਦੀ ਅਤੇ ਦਲਿਤਾਂ (ਐੱਸ ਸੀ/ਐੱਸ ਟੀ) ਵਿੱਚ 35 ਫੀਸਦੀ ਹੈ। ਲਗਭਗ 30.7 ਫੀਸਦੀ ਮੁਸਲਮਾਨ ਓ ਬੀ ਸੀ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਤੇ ਦੇਸ਼ ਦੇ ਓ ਬੀ ਸੀ (ਹੋਰ ਬੈਕਵਰਡ ਭਾਈਚਾਰੇ) ਦਾ 15.7 ਫੀਸਦੀ ਬਣਦੇ ਹਨ।
ਜਿਹੜੀ ਸਿਆਸਤ ਆਬਾਦੀ ਦੇ ਇੱਕ ਵਰਗ ਦਾ ਬਾਈਕਾਟ ਕਰਦੀ ਹੈ, ਉਹ ਲੋਕਤੰਤਰੀ ਭਾਵਨਾ ਨਾਲ ਬੇਮੇਲ ਹੈ। ਮੋਦੀ ਦੇਸ਼ ਦੇ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਖੁਦ ਨੂੰ ਹਿੰਦੂਆਂ ਦੇ ਨੇਤਾ ਵਜੋਂ ਸਥਾਪਤ ਕੀਤਾ ਹੈ। ਯੂ ਪੀ ਦੀ ਚੋਣ ਮੁਹਿੰਮ ਵਿੱਚ ਉਨ੍ਹਾਂ ਨੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਰਮਜ਼ਾਨ ਬਨਾਮ ਦੀਵਾਲੀ ਅਤੇ ਕਬਰਿਸਤਾਨ ਬਨਾਮ ਸ਼ਮਸ਼ਾਨ ਬਾਰੇ ਕੀਤੀ, ਉਹੋ ਜਿਹੀ ਅਤੀਤ ਵਿੱਚ ਕਿਸੇ ਵੀ ਪ੍ਰਧਾਨ ਮੰਤਰੀ ਨੇ ਨਹੀਂ ਕੀਤੀ। ਜੇ ਭਾਜਪਾ ਨੂੰ ਪਹਿਲਾਂ ਹੀ ਪਤਾ ਸੀ ਕਿ ਚੋਣ ਨਤੀਜੇ ਇੱਕਪਾਸੜ ਹੋਣਗੇ ਤਾਂ ਮੋਦੀ ਨੂੰ ਅਜਿਹਾ ਫਿਰਕੂ ਰੁਖ਼ ਅਪਣਾਉਣ ਦੀ ਭਲਾ ਕੀ ਲੋੜ ਸੀ? ਅਜਿਹਾ ਕਰਨ ਨਾਲ ਭਾਜਪਾ ਦੀ ਜਿੱਤ ਸ਼ੱਕੀ ਦਿਖਾਈ ਦਿੰਦੀ ਹੈ। ਜਦੋਂ ਮੋਦੀ ਪ੍ਰਧਾਨ ਮੰਤਰੀ ਬਣੇ ਸਨ, ਉਦੋਂ ਹੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮਰਹੂਮ ਮੁਖੀ ਅਸ਼ੋਕ ਸਿੰਘਲ ਨੇ ਦਾਅਵਾ ਕੀਤਾ ਸੀ ਕਿ ਮੁਗ਼ਲ ਸਾਮਰਾਜ ਖਤਮ ਹੋਣ ਤੋਂ ਬਾਅਦ ਪਹਿਲੀ ਵਾਰ ਹਿੰਦੋਸਤਾਨ ਵਿੱਚ ਹਿੰਦੂ ਰਾਜ ਦੀ ਵਾਪਸੀ ਹੋਈ ਹੈ।
ਦਿਲਚਸਪ ਗੱਲ ਹੈ ਕਿ ਵਾਜਪਾਈ ਦੇ ਪ੍ਰਧਾਨ ਮੰਤਰੀ ਬਣਨ ਉੱਤੇ ਸਿੰਘਲ ਨੇ ਅਜਿਹੀ ਟਿੱਪਣੀ ਨਹੀਂ ਕੀਤੀ ਕਿਉਂਕਿ ਉਨ੍ਹਾਂ ਦਾ ਚਿਹਰਾ ਫਿਰਕੂ ਨਹੀਂ ਸੀ। ਪ੍ਰਧਾਨ ਮੰਤਰੀ ਵੱਲੋਂ ਆਪਣੀ ਪਛਾਣ ਕਿਸੇ ਇੱਕ ਵਿਸ਼ੇਸ਼ ਭਾਈਚਾਰੇ ਨਾਲ ਜੋੜਨਾ ਵੀ ਲੋਕਤੰਤਰ ਦੀ ਭਾਵਨਾ ਨਾਲ ਬੇਮੇਲ ਹੈ। ਇਹ ਮਿੱਥਕ ਪ੍ਰਚਾਰ ਕਰ ਕੇ ਹਿੰਦੂ ਵੋਟਾਂ ਨੂੰ ਆਪਣੇ ਪੱਖ ਵਿੱਚ ਇਕਜੁੱਟ ਕਰਨਾ ਮੁਸਲਮਾਨਾਂ ਨਾਲ ਇੱਕ ਭੱਦਾ ਮਜ਼ਾਕ ਹੈ ਕਿ ਹੋਰ ਸਿਆਸੀ ਪਾਰਟੀਆਂ ਨੇ ਮੁਸਲਮਾਨਾਂ ਦਾ ਹੀ ਤੁਸ਼ਟੀਕਰਨ ਕੀਤਾ ਹੈ। ਕਈ ਘਟਨਾਵਾਂ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਮੁਸਲਿਮ ਭਾਈਚਾਰੇ ਦੇ ਨੌਜਵਾਨਾਂ ਨੂੰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਦੋਸ਼ੀ ਬਣਾਇਆ ਜਾਂਦਾ ਹੈ, ਪਰ ਬਾਅਦ ਵਿੱਚ ਸਬੂਤਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਛੱਡਣਾ ਪੈਂਦਾ ਹੈ। ਇਸ ਦੌਰਾਨ ਉਨ੍ਹਾਂ ਦੀ ਜ਼ਿੰਦਗੀ ਦੇ ਕਈ ਸਾਲ ਜੇਲ੍ਹਾਂ ਵਿੱਚ ਗਰਕ ਹੋ ਜਾਂਦੇ ਹਨ ਤੇ ਉਨ੍ਹਾਂ ਦਾ ਭਵਿੱਖ ਪੂਰੀ ਤਰ੍ਹਾਂ ਬਰਬਾਦ ਹੋ ਜਾਂਦਾ ਹੈ। ਇਸ ਹੱਥਕੰਡੇ ਨਾਲ ਬਹੁਗਿਣਤੀ ਭਾਈਚਾਰੇ ਦੇ ਮਨ ਵਿੱਚ ਇਹ ਧਾਰਨਾ ਮਜ਼ਬੂਤ ਹੁੰਦੀ ਹੈ ਕਿ ਅੱਤਵਾਦ ਵਰਗੀਆਂ ਘਟਨਾਵਾਂ ਪਿੱਛੇ ਮੁਸਲਿਮ ਭਾਈਚਾਰੇ ਦੇ ਲੋਕ ਹੀ ਹਨ।